For the best experience, open
https://m.punjabitribuneonline.com
on your mobile browser.
Advertisement

ਸਰਦੀਆਂ ਦੀ ਸੌਗਾਤ ਪਿੰਨੀਆਂ

08:58 AM Nov 25, 2023 IST
ਸਰਦੀਆਂ ਦੀ ਸੌਗਾਤ ਪਿੰਨੀਆਂ
Advertisement

ਪ੍ਰਭਜੋਤ ਕੌਰ

ਠੰਢ ਨੇ ਦਸਤਕ ਦੇ ਦਿੱਤੀ ਹੈ। ਪੰਜਾਬ ’ਚ ਹੁਣ ਸਿਆਲਾਂ ਦਾ ਮਾਹੌਲ ਸ਼ੁਰੂ ਹੋ ਗਿਆ ਹੈ। ਇਸ ਮੌਸਮ ਦਾ ਅਸਰ ਕੰਮਕਾਰ ਲਈ ਬਾਹਰ ਆਉਣ ਜਾਣ ਵਾਲਿਆਂ ਦੇ ਕੱਪੜੇ-ਲੱਤਿਆਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਭਿੰਡੀਆਂ, ਤੋਰੀਆਂ ਤੇ ਕਰੇਲਿਆਂ ਤੋਂ ਦੁਖੀ ਲੋਕ ਹੁਣ ਖੁਸ਼ ਨੇ ਕਿ ਕਈ ਮਹੀਨਿਆਂ ਦੀ ਜੱਦੋਂ-ਜਹਿਦ ਤੋਂ ਬਾਅਦ ਇਸ ਕੱਦੂ ਦੇ ਸਾਂਝੇ ਪਰਿਵਾਰ ਤੋਂ ਪਿੱਛਾ ਛੁੱਟਿਆ। ਸਾਗ, ਗਾਜਰ, ਸ਼ਲਗਮਾਂ ਅਤੇ ਮੱਕੀ ਦੀ ਰੋਟੀ ਨੇ ਘਰਾਂ ਅਤੇ ਸਬਜ਼ੀ ਮੰਡੀਆਂ ’ਚ ਆਪਣੀ ਸਰਦਾਰੀ ਕਾਇਮ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਉਹ ਵਿਰਲੇ ਘਰ ਜਿਨ੍ਹਾਂ ’ਚ ਅਜੇ ਵੀ ਬਜ਼ੁਰਗਾਂ ਦੀ ਸਰਦਾਰੀ ਕਾਇਮ ਹੈ ਉੱਥੇ ਤਾਂ ਪਿੰਨੀਆਂ ਕਦੋਂ ਦੀਆਂ ਬੋਰੀਆ-ਬਿਸਤਰਾ ਬੰਨ੍ਹ ਮੇਲਣਾਂ ਦੇ ਰੂਪ ’ਚ ਆਣ ਢੁਕੀਆਂ ਹਨ, ਜਿੱਥੋਂ ਇਹ ਮਾਰਚ ਦੇ ਮਹੀਨੇ ਤੋਂ ਪਹਿਲਾ ਵਾਪਸ ਨਹੀਂ ਜਾਂਦੀਆਂ। ਮੇਰੇ ਸਹੁਰੇ ਘਰ ਪਟਿਆਲਾ ’ਚ ਤਾਂ ਅਜੇ ਪਿੰਨੀਆਂ ਬਾਰੇ ਕੋਈ ਚਰਚਾ ਸ਼ੁਰੂ ਨਹੀਂ ਹੋਈ, ਪਰ ਪੇਕੇ ਘਰ ਪੱਤੜ ਕਲਾਂ ’ਚ ਤਾਂ ਦੋ ਤਰ੍ਹਾਂ ਦੀਆਂ ਪਿੰਨੀਆਂ ਦੇ ਪੀਪੇ ਅੱਧ ਤੱਕ ਵੀ ਜਾ ਪਹੁੰਚੇ ਹਨ। ਵਿਆਹ ਤੋਂ ਪਹਿਲਾਂ ਕਈ ਸਾਲ ਮੈਂ ਚੰਡੀਗੜ੍ਹ ਅਤੇ ਦਿੱਲੀ ’ਚ ਕੰਮ ਕੀਤਾ ਤੇ ਇਸ ਨਾਲ ਮੇਰਾ ਵਾਹ ਕਈ ਦੂਜੇ ਪ੍ਰਾਂਤਾਂ ਦੇ ਵਸਨੀਕਾਂ ਨਾਲ ਵੀ ਪਿਆ। ਜਿੰਨਾ ਸਮਾਂ ਮੈਂ ਬਾਹਰ ਰਹੀ, ਮੇਰੇ ਘਰਦਿਆਂ ਦੀ ਇਹੀ ਕੋਸ਼ਿਸ਼ ਰਹੀ ਕਿ ਮੇਰੇ ਨਾਲ-ਨਾਲ ਮੇਰੇ ਸਹਿਕਰਮੀਆਂ ਦੇ ਲਈ ਵੀ ਪਿੰਨੀਆਂ ਬਣਾਈਆਂ ਜਾਣ। ਸ਼ਾਇਦ ਇਸੇ ਕਰਕੇ ਹੀ ਉਨ੍ਹਾਂ ਸਭ ਨੇ ਮੇਰਾ ਨਾਂ ‘ਪਿੰਨੀਆਂ ਵਾਲੀ ਪ੍ਰਭ ਕੌਰ’ ਰੱਖਿਆ ਸੀ। ਅੱਜ ਵੀ ਉਹ ਮੇਰੀ ਦਾਦੀ ਜੀ ਜਿਨ੍ਹਾਂ ਨੂੰ ਅਸੀਂ ਸਾਰੇ ਬੀਜੀ ਕਹਿੰਦੇ ਹਾਂ, ਉਨ੍ਹਾਂ ਦੇ ਹੱਥ ਦੀਆਂ ਪਿੰਨੀਆਂ ਨੂੰ ਬੇਹੱਦ ਯਾਦ ਕਰਦੇ ਹਨ।
ਮੈਨੂੰ ਪੂਰਾ ਸਾਲ ਪਿੰਨੀਆਂ ਅਤੇ ਸਾਗ ਖਾਣ ਦੀ ਤੋੜ ਲੱਗੀ ਰਹਿੰਦੀ ਹੈ। ਵੈਸੇ ਮੇਰੇ ਘਰ ’ਚ ਸਿਰਫ਼ ਮੈਂ ਹੀ ਨਹੀਂ ਮੇਰੇ ਵਿਦੇਸ਼ ਰਹਿੰਦੇ ਚਾਚੇ ਵੀ ਸਾਗ ਤੇ ਪਿੰਨੀਆਂ ਦੇ ਇੰਨੇ ਸ਼ੌਕੀਨ ਹਨ ਕਿ ਆਉਣ ਵੇਲੇ ਜਿਨ੍ਹਾਂ ਅਟੈਚੀਆਂ ’ਚ ਸਾਡੇ ਸਭ ਦੇ ਲਈ ਰੰਗ-ਬਿਰੰਗਾ ਸਾਮਾਨ ਆਉਂਦਾ ਹੈ, ਜਾਂਦੇ ਸਮੇਂ ਉਹੀ ਅਟੈਚੀ ਸਾਗ ਤੇ ਪਿੰਨੀਆਂ ਨਾਲ ਭਰ ਕੇ ਜਾਂਦੇ ਹਨ। ਮੈਨੂੰ ਹਮੇਸ਼ਾਂ ਇਹੀ ਡਰ ਲੱਗਦਾ ਹੈ ਕਿ ਕਿਤੇ ਇਹ ਦਿੱਲੀ-ਅੰਮ੍ਰਿਤਸਰ ਜਾਂ ਇਟਲੀ ਏਅਰਪੋਰਟ ਦੇ ਕਸਟਮ ਵਾਲੇ ਚਾਚਾ ਜੀ ਦੇ ਅਟੈਚੀ ਖੁਲ੍ਹਾ ਕੇ ਹੀ ਨਾ ਬਹਿ ਜਾਣ ਕਿ ਇਹ ਪੰਜਾਬ ਤੋਂ ਇਟਲੀ ਸਾਗ ਅਤੇ ਪਿੰਨੀਆਂ ਦੀ ਤਸਕਰੀ ਕਰਦੇ ਹਨ।
ਪੰਜਾਬ ਦੇ ਘਰਾਂ ਦੇ ਜਿੰਨੇ ਜੀਅ, ਓਨੀਆਂ ਹੀ ਰੰਗ-ਬਿਰੰਗੀਆਂ ਸਭ ਦੀਆਂ ਫਰਮਾਇਸ਼ਾਂ। ਇਸੇ ਲਈ ਹਰ ਘਰ ’ਚ ਬਣੀਆਂ ਪਿੰਨੀਆਂ ਤੇ ਸਾਗ ਦਾ ਸੁਆਦ ਕਦੇ ਵੀ ਇੱਕ ਜਿਹੋ ਨਹੀਂ ਜਾਪੇਗਾ। ਕੋਈ ਅਲਸੀ ਦੀਆਂ ਪਿੰਨੀਆਂ ਖਾਣ ਦਾ ਸ਼ੌਕੀਨ ਹੋਵੇਗਾ ਅਤੇ ਕਿਸੇ ਨੂੰ ਰਲੀ-ਮਿਲੀ ਸਰਕਾਰ ਵਾਂਗ ਅਲਸੀ ਤੇ ਆਟੇ ਦੀਆਂ ਪਿੰਨੀਆਂ ਪਸੰਦ ਹੋਣਗੀਆਂ, ਪਰ ਕੋਈ ਵਿਰਲਾ ਹੀ ਹੋਵੇਗਾ ਜੋ ਇਸ ਨੂੰ ਖਾਣ ਲਈ ਨੱਕ-ਬੁੱਲ੍ਹ ਕੱਢੇਗਾ। ਪਿੰਡਾਂ ਵਾਲਿਆਂ ਦੇ ਲਈ ਤਾਂ ਸਾਗ ਅਤੇ ਮੱਕੀ ਦੀ ਰੋਟੀ ਤੋਂ ਬਾਅਦ ਦੂਜਾ ਪਿਆਰ ਪਿੰਨੀਆਂ ਹੀ ਹਨ। ਕਿਸੇ ਘਰ ਅਲਸੀ ਦੀਆਂ ਦਾਣੇਦਾਰ, ਗਿਰੀਆਂ ਤੇ ਬਦਾਮਾਂ ਦੇ ਨਾਲ ਨੱਕੋਂ-ਨੱਕ ਭਰ ਕੇ ਬਣਾਈਆਂ ਪਿੰਨੀਆਂ ਮਿਲਣਗੀਆਂ ਤੇ ਕੋਈ ਇਸ ਨੂੰ ਖੋਆ ਪਾ ਕੇ ਬਣਾਉਣ ਅਤੇ ਖਾਣ ਦਾ ਸ਼ੌਕੀਨ ਹੋਵੇਗਾ। ਲੱਡੂ ਵਾਂਗ ਗੋਲ-ਗੋਲ ਵੱਟੀਆਂ ਅਤੇ ਕਦੇ ਕੰਮ ਮੁਕਾਉਣ ਲਈ ਸੁਆਣੀਆਂ ਇਨ੍ਹਾਂ ਨੂੰ ਵਿੰਗੀਆਂ-ਟੇਢੀਆਂ ਵੀ ਵੱਟ ਲੈਂਦੀਆਂ, ਪਰ ਇੱਥੇ ਮੁੱਲ ਰੂਪ-ਰੇਖਾ ਦਾ ਨਹੀਂ ਇਸ ਦੇ ਸੁਆਦ ਤੇ ਸੁਭਾਅ ਦਾ ਹੈ।
ਮੈਨੂੰ ਅੱਜ ਵੀ ਯਾਦ ਹੈ ਬਚਪਨ ਵੇਲੇ ਜਦੋਂ ਮੈਂ ਸਕੂਲ ਜਾਣਾ ਹੁੰਦਾ ਸੀ ਤਾਂ ਮੇਰੇ ਮੰਮੀ ਮੈਨੂੰ ਦੁੱਧ ਦੇ ਗਿਲਾਸ ਨਾਲ ਵੱਡੀ ਸਾਰੀ ਪਿੰਨੀ ਖੁਆ ਦਿੰਦੇ ਸਨ। ਸਰਦੀਆਂ ’ਚ ਸੁਆਣੀਆਂ ਦੀ ਰੁਟੀਨ ਇਨ੍ਹਾਂ ਪਿੰਨੀਆਂ ਕਰਕੇ ਥੋੜ੍ਹੀ ਸੌਖੀ ਵੀ ਹੋ ਜਾਂਦੀ ਸੀ ਕਿਉਂਕਿ ਮਾਵਾਂ ਜੁਆਕਾਂ ਨੂੰ ਸਕੂਲ-ਕਾਲਜ ਭੇਜਣ ਤੋਂ ਪਹਿਲਾਂ ਚਾਹ ਦੇ ਨਾਲ ਪਿੰਨੀ ਖੁਆ ਕੇ ਰਜਾ ਦਿੰਦੀਆਂ ਤਾਂ ਜੋ ਉਨ੍ਹਾਂ ਨੂੰ ਤੜਕੇ ਰੋਟੀ-ਟੁੱਕ ਦੇ ਨਾਲ ਨਾ ਨਜਿੱਠਣਾ ਪਵੇ। ਮੇਰੇ ਹੋਸ਼ ਸੰਭਾਲਣ ਤੋਂ ਲੈ ਕੇ ਹੁਣ ਤੱਕ ਸਾਡੇ ਘਰ ’ਚ ਇੱਕ ਹੀ ਸੁਆਦ ਵਾਲੀਆਂ ਅਲਸੀ ਦੀਆਂ ਪਿੰਨੀਆਂ ਬਣਦੀਆਂ ਆ ਰਹੀਆਂ ਨੇ ਕਿਉਂਕਿ ਇਹ ਡਿਊਟੀ ਹੁਣ ਤਕ ਮੇਰੇ ਬੀਜੀ ਨਿਭਾਉਂਦੇ ਆ ਰਹੇ ਹਨ। ਉਂਝ ਬਚਪਨ ਵੇਲੇ ਦੇਖਣ ’ਚ ਭਾਵੇਂ ਮੈਂ ਕਾਫ਼ੀ ਮਰੀਅਲ ਸੀ, ਪਰ ਬਾਵਜੂਦ ਇਸ ਦੇ ਸਕੂਲ ਤੇ ਬਾਅਦ ’ਚ ਕਾਲਜ-ਯੂਨੀਵਰਸਿਟੀ ਦੇ ਸਮੇਂ ਹਮੇਸ਼ਾਂ ਹੀ ਸਵੇਰ ਵੇਲੇ ਇੱਕ ਮੁੱਠੀ ਜਿੱਡੀ ਵੱਡੀ ਪਿੰਨੀ ਖਾ ਕੇ ਤੇ ਉਸ ਤੋਂ ਬਾਅਦ 2-3 ਆਲੂ, ਗੋਭੀ ਜਾਂ ਮੂਲੀ ਦੇ ਪਰਾਂਠਿਆਂ ਦੀ ਤਹਿ ਬੰਨ੍ਹ ਕੇ ਹੀ ਘਰੋਂ ਨਿਕਲਦੀ ਸੀ ਤੇ ਸ਼ਾਮ ਨੂੰ ਵੀ ਮੈਨੂੰ ਤੇ ਮੇਰੇ ਭਰਾ ਨੂੰ ਘਰੇ ਆ ਕੇ ਚਾਹ ਨਾਲ ਪਿੰਨੀ ਹੀ ਚਾਹੀਦੀ ਸੀ।
ਪੰਜਾਬ ਦੇ ਦੁਆਬੇ ਇਲਾਕੇ ਦੀ ਖਾਸੀਅਤ ਕਹਿ ਲਵੋ ਜਾਂ ਤਰਾਸਦੀ, ਇੱਥੋਂ ਦੇ ਪਿੰਡਾਂ ਦੇ ਜ਼ਿਆਦਾਤਰ ਵਸਨੀਕ ਵਿਦੇਸ਼ਾਂ ’ਚ ਕੂਚ ਕੀਤੇ ਹੋਏ ਨੇ ਤੇ ਬਚਪਨ ਵੇਲੇ ਸਾਡੇ ਘਰੋਂ ਵੀ ਮੇਰੇ ਡੈਡੀ ਜੀ ਅਤੇ ਦੋਵੇਂ ਚਾਚਾ ਜੀ ਆਸਟਰੀਆ ’ਚ ਰਹਿੰਦੇ ਸਨ, ਜਿਸ ਕਰਕੇ ਸਾਡੇ ਭਾਪਾ ਜੀ ਨੇ ਭੂਆ ਦੇ ਮੁੰਡੇ ਨੂੰ 10ਵੀਂ ਕਰਨ ਲਈ ਪਿੰਡ ਬੁਲਾ ਲਿਆ। ਸਰਦੀਆਂ ਦੇ ਘੁੱਪ ਹਨੇਰੇ ਤੇ ਉਹ ਕਿਤਾਬਾਂ ਚੁੱਕ ਸਟੋਰ ’ਚ ਹੀ ਬੈਠੇ ਰਹਿੰਦੇ। ਘਰ ਦੇ ਬਹੁਤ ਖੁਸ਼ ਕਿ ਮੁੰਡਾ ਸਾਡਾ ਹਨੇਰੀ ਰਾਤ ਤੱਕ ਇਕੱਲਾ ਸਟੋਰ ’ਚ ਬੈਠਾ ਪੜ੍ਹਦਾ ਰਹਿੰਦਾ ਹੈ, ਪਰ ਅੰਦਰ-ਖਾਤੀ ਕਿਸੇ ਨੂੰ ਵੀ ਇਹ ਖ਼ਬਰ ਨਹੀਂ ਕਿ ਬਈ ਪਿੰਨੀਆਂ ਦਾ ਭਰਿਆ ਪੀਪਾ ਕਿੱਧਰ ਨੂੰ ਜਾ ਰਿਹਾ। ਕੁਝ ਦਿਨਾਂ ਤੱਕ ਚੱਲਣ ਵਾਲੇ ਇਸ ਸਿਲਸਿਲੇ ਦੇ ਰਾਜ਼ ਤੋਂ ਜਦੋਂ ਪਰਦਾ ਉੱਠਿਆ ਤਾਂ ਸਭ ਹੱਸ-ਹੱਸ ਦੂਹਰੇ ਕਿ ਮਰੀਅਲ ਜਿਹਾ ਮੁੰਡਾ ਪਿੰਨੀਆਂ ਨਾਲ ਭਰੇ ਪੀਪੇ ਨੂੰ ਦਿਨਾਂ ’ਚ ਹੀ ਗੇੜਾ ਦੇ ਗਿਆ। ਇਹ ਗੱਲ ਅਸੀਂ ਹੁਣ ਵੀ ਯਾਦ ਕਰਦੇ ਰਹਿੰਦੇ ਹਾਂ। ਹਰ ਵਾਰ ਦੇ ਵਾਂਗ ਇਸ ਵਾਰ ਦੀਆਂ ਸਰਦੀਆਂ ਨੇ ਵੀ ਪਿੰਨੀਆਂ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਯਾਦਾਂ ਤਾਜ਼ੀਆਂ ਕਰਵਾ ਦਿੱਤੀਆਂ। ਵੈਸੇ ਵੀ ਦਿਨਾਂ ਦੇ ਗੇੜ ਸਬੰਧੀ ਸਿਆਣਿਆਂ ਨੇ ਠੀਕ ਹੀ ਆਖਿਆ ਹੈ ਕਿ ਦਿਨ ਲੰਘਦੇ ਨਹੀਂ ਤੇ ਸਾਲ ਅੱਖ ਝਪਕਦਿਆਂ ਦਹਾਕਿਆਂ ’ਚ ਬਦਲੀ ਜਾਂਦੇ ਨੇ।
ਸੰਪਰਕ: 90414-58826

Advertisement

Advertisement
Author Image

joginder kumar

View all posts

Advertisement
Advertisement
×