ਵਿਕਾਸ ਲਈ ਕਾਂਗਰਸ ਨੂੰ ਜਿਤਾਉਣਾ ਜ਼ਰੂਰੀ: ਰਾਜਾ ਵੜਿੰਗ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 15 ਸਤੰਬਰ
ਕਾਲਾਂਵਾਲੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਤੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਦੇ ਸਮਰਥਨ ਵਿੱਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਹਲਕੇ ਦੇ ਪਿੰਡਾਂ ਵਿੱਚ ਜਨ ਸੰਪਰਕ ਮੁਹਿੰਮ ਚਲਾਈ ਤੇ ਸ਼ੀਸ਼ਪਾਲ ਕੇਹਰਵਾਲਾ ਲਈ ਵੋਟਾਂ ਮੰਗੀਆਂ। ਰਾਜਾ ਵੜਿੰਗ ਨੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨਾਲ ਪਿੰਡ ਜਲਾਲਆਣਾ, ਕਾਲਾਂਵਾਲੀ, ਦੇਸੂ ਮਲਕਾਣਾ, ਤਖ਼ਤਮੱਲ, ਸਿੰਘਪੁਰਾ, ਦਾਦੂ, ਪੱਕਾ ਸ਼ਹੀਦਾਂ, ਕੁਰੰਗਾਂਵਾਲੀ, ਸੁਖਚੈਨ, ਲੱਕੜਵਾਲੀ ਅਤੇ ਗਦਰਾਣਾ ਆਦਿ ਪਿੰਡਾਂ ਵਿੱਚ ਚੋੋਣ ਜਲਸੇ ਕੀਤੇ ਅਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸੀ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਲੋਕ ਭਲਾਈ ਦੇ ਕਈ ਕੰਮ ਕੀਤੇ ਹਨ। ਉਨ੍ਹਾਂ ਪਿੰਡਾਂ ਵਿੱਚ ਆਪਣੀ ਸਮਰੱਥਾ ਤੋਂ ਵੱਧ ਵਿਕਾਸ ਕਾਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦਾ ਰਾਜ ਖਤਮ ਹੋਣ ਨਾਲ ਹੁਣ ਕਾਂਗਰਸ ਦੇ ਰਾਜ ਵਿੱਚ ਵਿਕਾਸ ਦਾ ਦੌਰ ਆਵੇਗਾ। ਉਨ੍ਹਾਂ ਪਿੰਡ ਵਾਸੀਆਂ ਨੂੰ ਇਕਜੁੱਟ ਹੋ ਕੇ ਵਿਕਾਸ ਦੇ ਪ੍ਰਤੀਕ ਬਣੇ ਸ਼ੀਸ਼ਪਾਲ ਕੇਹਰਵਾਲਾ ਨੂੰ ਜਿਤਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕੇਹਰਵਾਲਾ ਨੇ ਪਿੰਡਾਂ ਦਾ ਵਿਕਾਸ ਸ਼ਹਿਰਾਂ ਦੀ ਤਰਜ਼ ’ਤੇ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਉਹ ਵਿਕਾਸ ਦੀ ਰਫ਼ਤਾਰ ਨੂੰ ਬਰਕਰਾਰ ਰੱਖਣਗੇ। ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਕਾਲਾਂਵਾਲੀ ਇਲਾਕਾ ਉਨ੍ਹਾਂ ਦਾ ਪਰਿਵਾਰ ਹੈ ਅਤੇ ਉਹ ਇੱਥੋਂ ਦੇ ਸੁੱਖ-ਦੁੱਖ ਵਿੱਚ ਬਰਾਬਰ ਦੇ ਭਾਈਵਾਲ ਹਨ। ਸੂਬੇ ਦੀ ਭਾਜਪਾ ਸਰਕਾਰ ਨੇ ਵਿਕਾਸ ਦੇ ਮਾਮਲੇ ਵਿੱਚ ਕਾਲਾਂਵਾਲੀ ਨਾਲ ਬਹੁਤ ਵਿਤਕਰਾ ਕੀਤਾ ਹੈ ਪਰ ਹੁਣ ਬਦਲਾ ਲੈਣ ਦਾ ਸਮਾਂ ਆ ਗਿਆ ਹੈ।