ਵਿੰਬਲਡਨ: ਸਪੇਨ ਦਾ ਅਲਕਰਾਜ਼ ਲਗਾਤਾਰ ਦੂਜੀ ਵਾਰ ਬਣਿਆ ਚੈਂਪੀਅਨ
ਲੰਡਨ, 14 ਜੁਲਾਈ
ਸਪੇਨ ਦੇ ਕਾਰਲੋਸ ਅਲਕਰਾਜ਼ ਨੇ ਅੱਜ ਇੱਥੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਫਾਈਨਲ ’ਚ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਪੁਰਸ਼ ਸਿੰਗਲਜ਼ ਖ਼ਿਤਾਬ ਆਪਣੇ ਨਾਂ ਕਰ ਲਿਆ। ਇੱਕੀ ਵਰ੍ਹਿਆਂ ਦੇ ਸਪੇਨੀ ਖਿਡਾਰੀ ਦਾ ਇਹ ਦਾ ਚੌਥਾ ਗਰੈਂਡ ਸਲੈਮ ਖ਼ਿਤਾਬ ਹੈ। ਪੰਜ ਸੈੱਟਾਂ ਤੱਕ ਚੱਲੇ ਫਾਈਨਲ ਮੁਕਾਬਲੇ ਵਿੱਚ ਅਲਕਰਾਜ਼ ਨੇ ਜੋਕੋਵਿਚ ਨੂੰ 6-2, 6-2, 7-6 (4) ਨਾਲ ਹਰਾਇਆ।
ਅੱਜ ਆਲ ਇੰਗਲੈਂਡ ਕਲੱਬ ਦੇ ਸੈਂਟਰ ਕੋਰਟ ’ਚ ਇਹ ਮੈਚ ਦੇਖਣ ਆਏ ਦਰਸ਼ਕਾਂ ’ਚ ਵੇਲਜ਼ ਦੀ ਰਾਜਕੁਮਾਰੀ ਕੇਟ ਮਿਡਲਟਨ ਵੀ ਮੌਜੂਦ ਸੀ। ਕੇਟ ਮਿਡਲਟਨ ਕੈਂਸਰ ਤੋਂ ਪੀੜਤ ਹੈ ਅਤੇ ਇਸ ਬਿਮਾਰੀ ਦਾ ਪਤਾ ਲੱਗਣ ਮਗਰੋਂ ਉਹ ਜਨਤਕ ਤੌਰ ’ਤੇ ਦੂਜੀ ਵਾਰ ਨਜ਼ਰ ਆਈ ਹੈ। ਮੈਚ ਦੇਖਣ ਲਈ ਦਰਸ਼ਕ ਗੈਲਰੀ ’ਚ ਜਾਣ ਤੋਂ ਪਹਿਲਾਂ ਕੇਟ ਨੇ ਗਰਾਊਂਡ ਸਟਾਫ ਨਾਲ ਮੁਲਾਕਾਤ ਵੀ ਕੀਤੀ। ਇਸ ਤੋਂ ਪਹਿਲਾਂ ਚੈੱਕ ਗਣਰਾਜ ਦੀ ਕੈਟਰੀਨਾ ਸਿਨੀਆਕੋਵਾ ਤੇ ਅਮਰੀਕਾ ਦੀ ਟੇਲਰ ਟਾਊਨਸੈਂਡ ਨੇ ਕੈਨੇਡਾ ਦੀ ਗੈਬਰੀਏਲਾ ਡਾਬਰੋਵਸਕੀ ਅਤੇ ਨਿਊਜ਼ੀਲੈਂਡ ਦੀ ਐਰਿਨ ਰੌਟਲਿਫੇ ਨੂੰ ਹਰਾ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ’ਚ ਮਹਿਲਾ ਡਬਲਜ਼ ਦਾ ਖ਼ਿਤਾਬ ਜਿੱਤ ਲਿਆ। ਜਦਕਿ ਪੁਰਸ਼ਾਂ ਦੇ ਡਬਲਜ਼ ਵਰਗ ’ਚ ਇਹ ਖ਼ਿਤਾਬ ਫਿਨਲੈਂਡ ਦੇ ਹੈਨਰੀ ਪੈਟਨ ਤੇ ਬਰਤਾਨੀਆ ਦੇ ਹੈਰੀ ਹੈਲੀਓਵਾਰਾ ਦੀ ਜੋੜੀ ਨੇ ਆਪਣੇ ਨਾਂਅ ਕੀਤਾ। ਇਸ ਟੂਰਨਾਮੈਂਟ ’ਚ ਮਹਿਲਾ ਸਿੰਗਲਜ਼ ਦਾ ਖ਼ਿਤਾਬ ਵੀ ਚੈੱਕ ਗਣਰਾਜ ਦੀ ਹੀ ਖਿਡਾਰਨ ਬਾਰਬਰਾ ਕ੍ਰੇਸੀਕੋਵਾ ਨੇ ਜਿੱਤਿਆ ਸੀ। ਮਹਿਲਾ ਡਬਲਜ਼ ਦੇ ਫਾਈਨਲ ਮੁਕਾਬਲੇ ’ਚ ਸਿਨੀਆਕੋਵਾ ਤੇ ਟਾਊਨਸੈਂਡ ਦੀ ਜੋੜੀ ਨੇ ਡਾਬਰੋਵਸਕੀ ਤੇ ਰੌਟਲਿਫੇ ਦੀ ਜੋੜੀ ਨੂੰ 7-6 (5), 7-6 ਨਾਲ ਹਰਾਇਆ। ਇਸ ਦੌਰਾਨ ਹੈਨਰੀ ਤੇ ਹੈਰੀ ਦੀ ਜੋੜੀ ਨੇ ਵਿੰਬਲਡਨ ਪੁਰਸ਼ ਡਲਬਜ਼ ਦੇ ਫਾਈਨਲ ’ਚ ਆਸਟਰੇਲੀਆ ਦੇ ਮੈਕਸ ਪੁਰਸੈੱਲ ਅਤੇ ਜੌਰਡਨ ਥੌਂਪਸਨ ਦੀ ਜੋੜੀ ਨੂੰ 6-7 (7), 7-6 (8), 7-6 (11-9) ਨਾਲ ਮਾਤ ਦਿੱਤੀ। ਇਸ ਦੇ ਨਾਲ ਹੀ ਹੈਲੀਓਵਾਰਾ ਵਿੰਬਲਡਨ ਪੁਰਸ਼ ਡਬਲਜ਼ ਖ਼ਿਤਾਬ ਜਿੱਤਣ ਵਾਲਾ ਫਿਨਲੈਂਡ ਦਾ ਪਹਿਲਾ ਖਿਡਾਰੀ ਬਣ ਗਿਆ ਹੈ। -ਏਪੀ