For the best experience, open
https://m.punjabitribuneonline.com
on your mobile browser.
Advertisement

ਭਾਰਤ ਨਾਲ ਵਪਾਰ ਸਮਝੌਤਾ ਕਰਨ ਦੀ ਇੱਛਾ: ਸੂਨਕ

10:26 AM Jun 30, 2023 IST
ਭਾਰਤ ਨਾਲ ਵਪਾਰ ਸਮਝੌਤਾ ਕਰਨ ਦੀ ਇੱਛਾ  ਸੂਨਕ
ਸਾਬਕਾ ਫ਼ੌਜੀ ਰਾਜਿੰਦਰ ਸਿੰਘ ਢੱਟ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਮੰਤਰੀ ਰਿਸ਼ੀ ਸੂਨਕ। -ਫੋਟੋ: ਪੀਟੀਆੲੀ
Advertisement

ਲੰਡਨ, 29 ਜੂਨ

Advertisement

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਭਾਰਤ ਨਾਲ ‘ਅਭਿਲਾਸ਼ੀ’ ਮੁਕਤ ਵਪਾਰ ਸਮਝੌਤਾ (ਐੱਫਟੀਏ) ਕਰਨ ਦਾ ਆਪਣਾ ਅਹਿਦ ਦੁਹਰਾਉਂਦਿਆਂ ਸਤੰਬਰ ’ਚ ਤਜਵੀਜ਼ਤ ਜੀ-20 ਸਿਖਰ ਸੰਮੇਲਨ ਲਈ ਭਾਰਤ ਜਾਣ ਦੀ ਸੰਭਾਵਨਾ ਜਤਾਈ ਹੈ।

ਸੂਨਕ ਨੇ ਬੁੱਧਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ ‘10 ਡਾਊਨਿੰਗ ਸਟਰੀਟ’ ’ਚ ਹੋਏ ‘ਬ੍ਰਿਟੇਨ-ਭਾਰਤ ਹਫ਼ਤੇ 2023’ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋਵੇਂ ਮੁਲਕਾਂ ਦੇ ਕਾਰੋਬਾਰੀ ਰਿਸ਼ਤੇ ਵਧਾਉਣ ਦੀ ਵਿਆਪਕ ਸੰਭਾਵਨਾ ਨੂੰ ਲੈ ਕੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਭਾਰਤ ਅਤੇ ਬ੍ਰਿਟੇਨ ਵਿਚਕਾਰ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਪਿਛਲੇ ਸਾਲ ਜਨਵਰੀ ਤੋਂ ਹੀ ਗੱਲਬਾਤ ਚੱਲ ਰਹੀ ਹੈ। ਅਜੇ ਤੱਕ ਦੋਵੇਂ ਮੁਲਕਾਂ ਵਿਚਕਾਰ 10 ਗੇੜ ਦੀ ਗੱਲਬਾਤ ਹੋ ਚੁੱਕੀ ਹੈ ਅਤੇ 11ਵਾਂ ਦੌਰ ਅਗਲੇ ਮਹੀਨੇ ਹੋਣ ਵਾਲਾ ਹੈ। ਪਤਨੀ ਅਕਸ਼ਿਤਾ ਮੂਰਤੀ ਨਾਲ ਹਾਜ਼ਰ ਪ੍ਰਧਾਨ ਮੰਤਰੀ ਨੇ ਮਜ਼ਾਹੀਆ ਅੰਦਾਜ਼ ’ਚ ਕਿਹਾ ਕਿ ਇਹ ਪਾਰਟੀ ਉਨ੍ਹਾਂ ਦੀ ਸੱਸ ਸੁਧਾ ਮੂਰਤੀ ਦੇ ਸਨਮਾਨ ’ਚ ਵੀ ਹੈ ਜੋ ਭਾਰਤ ਤੋਂ    ਉਚੇਚੇ ਤੌਰ ’ਤੇ ਇਥੇ ਆਈ ਹੈ। ਸਮਾਗਮ ਦੌਰਾਨ ਸ੍ਰੀ ਸੂਨਕ ਨੇ ਉਥੇ ਹਾਜ਼ਰ ਮੁੱਕੇਬਾਜ਼ ਮੇਰੀ ਕੋਮ, ਗਾਇਕ ਅਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਤੇ ਜ਼ਾਕਿਰ ਹੁਸੈਨ, ਬੌਲੀਵੁੱਡ ਅਦਾਕਾਰ ਸੋਨਮ ਕਪੂਰ ਅਤੇ ਵਿਵੇਕ ਓਬਰਾਏ ਨਾਲ ਵੀ ਗੱਲਬਾਤ ਕੀਤੀ। -ਪੀਟੀਆਈ

ਦੂਜੀ ਵਿਸ਼ਵ ਜੰਗ ਲੜਨ ਵਾਲੇ 101 ਸਾਲ ਦੇ ਢੱਟ ਦਾ ਸਨਮਾਨ

ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ 10 ਡਾਊਨਿੰਗ ਸਟਰੀਟ ’ਚ ਬਰਤਾਨੀਆ-ਭਾਰਤ ਹਫ਼ਤੇ ਦੇ ਸਮਾਗਮ ਦੌਰਾਨ ਦੂਜਾ ਵਿਸ਼ਵ ਯੁੱਧ ਲੜਨ ਵਾਲੇ ਆਖਰੀ ਜਿਊਂਦੇ ਸਿੱਖ ਸੈਨਿਕਾਂ ਵਿੱਚੋਂ ਇੱਕ ਰਾਜਿੰਦਰ ਸਿੰਘ ਢੱਟ (101) ਨੂੰ ‘ਪੁਆਇੰਟਸ ਆਫ਼ ਲਾਈਟ’ ਸਨਮਾਨ ਨਾਲ ਸਨਮਾਨਿਆ ਹੈ। ਬ੍ਰਿਟਿਸ਼ ਭਾਰਤੀ ਜੰਗੀ ਯੋਧਿਆਂ ਦੀ ਸਹਾਇਤਾ ਲਈ ਬਣੀ ‘ਅਨਡਿਵਾਈਡਿਡ ਇੰਡੀਅਨ ਐਕਸ-ਸਰਵਿਸਮੈੱਨਸ ਐਸੋਸੀਏਸ਼ਨ’ ਚਲਾਉਣ ਤੇ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਲਈ ਸ੍ਰੀ ਢੱਟ ਦਾ ਸਨਮਾਨ ਕੀਤਾ ਗਿਆ ਹੈ। ਸ੍ਰੀ ਢੱਟ 1963 ਤੋਂ ਦੱਖਣ-ਪੱਛਮੀ ਲੰਡਨ ਦੇ ਹੰਸਲੋਅ ਵਿੱਚ ਰਹਿ ਰਹੇ ਹਨ ਤੇ ਉਹ 1921 ਵਿੱਚ ਭਾਰਤ ਵਿੱਚ ਪੈਦਾ ਹੋਏ ਸਨ। ਉਨ੍ਹਾਂ ਅੰਗਰੇਜ਼ਾਂ ਦੇ ਰਾਜ ਦੌਰਾਨ ਸਾਂਝੀਆਂ ਫ਼ੌਜਾਂ ਨਾਲ ਰਲ ਕੇ ਜੰਗ ਲੜੀ ਸੀ। ਸ੍ਰੀ ਢੱਟ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੋਂ ਸਨਮਾਨ ਮਿਲਣਾ ਵੱਡੇ ਮਾਣ ਵਾਲੀ ਗੱਲ ਹੈ। ਸ੍ਰੀ ਢੱਟ ਨੂੰ 1943 ’ਚ ਹਵਲਦਾਰ ਮੇਜਰ ਦੇ ਅਹੁਦੇ ’ਤੇ ਤਰੱਕੀ ਮਿਲੀ ਸੀ। ਉਹ ਕੋਹਿਮਾ ’ਚ ਜਪਾਨੀ ਸੈਨਾਵਾਂ ਖ਼ਿਲਾਫ਼ ਲੜਨ ਲਈ ਸਾਂਝੀ ਫ਼ੌਜ ਦਾ ਹਿੱਸਾ ਸਨ। ਜੰਗ ਮਗਰੋਂ ਉਹ ਭਾਰਤ ਪਰਤ ਆਏ ਸਨ ਪਰ ਬਾਅਦ ’ਚ ਉਹ ਪਰਿਵਾਰ ਨਾਲ ਲੰਡਨ ਵਸ ਗਏ ਸਨ। ਪ੍ਰਧਾਨ ਮੰਤਰੀ ਸੂਨਕ ਨੇ ਸ੍ਰੀ ਢੱਟ ਨੂੰ ਜ਼ਬਰਦਸਤ ਵਿਅਕਤੀ ਕਰਾਰ ਦਿੱਤਾ। -ਪੀਟੀਆਈ

Advertisement
Tags :
Author Image

sukhwinder singh

View all posts

Advertisement
Advertisement
×