ਬਨੂੜ ਦੇ 40 ਪਿੰਡਾਂ ’ਚ ਹੁਕਮਰਾਨਾਂ ਦੀ ਖੁੱਸੀ ਸਰਦਾਰੀ
ਕਰਮਜੀਤ ਸਿੰਘ ਚਿੱਲਾ
ਬਨੂੜ, 5 ਜੂਨ
ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਰਾਜਪੁਰਾ ਹਲਕੇ ਵਿੱਚ ਪੈਂਦੇ ਬਨੂੜ ਸ਼ਹਿਰ ਅਤੇ ਇਸ ਖੇਤਰ ਦੇ 40 ਪਿੰਡਾਂ ਵਿਚੋਂ ਹੂੰਝਾ ਫੇਰੂ ਜਿੱਤ ਦਰਜ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਮੁੱਚੇ ਖੇਤਰ ਵਿੱਚੋਂ ਸਰਦਾਰੀ ਖੁੱਸ ਗਈ ਹੈ।
ਹੁਕਮਰਾਨ ਧਿਰ ਨੂੰ ਬਨੂੜ ਸ਼ਹਿਰ ਤੋਂ ਇਲਾਵਾ 31 ਪਿੰਡਾਂ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਹੈ। ਭਾਵੇਂ ਰਾਜਪੁਰਾ ਹਲਕੇ ਵਿੱਚ ਕਾਂਗਰਸ ਪਾਰਟੀ ਭਾਜਪਾ ਕੋਲੋਂ 5308 ਵੋਟਾਂ ਨਾਲ ਪੱਛੜ ਗਈ ਹੈ ਪਰ ਬਨੂੜ ਸ਼ਹਿਰ ਅਤੇ ਇਸ ਖੇਤਰ ਦੇ 25 ਹੋਰ ਪਿੰਡਾਂ ਵਿੱਚ ਲੀਡ ਲੈਣ ਵਿੱਚ ਸਫ਼ਲ ਰਹੀ ਹੈ। ਇਸ ਖੇਤਰ ਵਿੱਚ ਭਾਜਪਾ ਨੂੰ ਤਿੰਨ ਅਤੇ ਅਕਾਲੀ ਦਲ ਨੂੰ ਵੀ ਤਿੰਨ ਪਿੰਡਾਂ ਵਿੱਚ ਲੀਡ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਨੂੜ ਸ਼ਹਿਰ ਵਿੱਚ ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੂੰ 2751 ਵੋਟਾਂ, ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਸਿੰਘ ਨੂੰ 2128 ਵੋਟਾਂ, ਭਾਜਪਾ ਦੀ ਪ੍ਰਨੀਤ ਕੌਰ ਨੂੰ 2116 ਵੋਟਾਂ, ਅਕਾਲੀ ਦਲ ਦੇ ਨਰਿੰਦਰ ਸ਼ਰਮਾ ਨੂੰ 1681 ਵੋਟਾਂ ਅਤੇ ਬਸਪਾ ਦੇ ਜਗਜੀਤ ਸਿੰਘ ਛੜਬੜ੍ਹ ਨੂੰ 186 ਵੋਟਾਂ ਮਿਲੀਆਂ ਹਨ।
ਬਨੂੜ ਸ਼ਹਿਰ ਦੇ 14 ਬੂਥਾਂ ਵਿੱਚੋਂ ਦੋ ਬੂਥਾਂ ਤੇ ਅਕਾਲੀ ਦਲ, ਤਿੰਨ ਬੂਥਾਂ ਤੇ ਆਮ ਆਦਮੀ ਪਾਰਟੀ, ਚਾਰ ਬੂਥਾਂ ਤੇ ਭਾਜਪਾ ਅਤੇ ਪੰਜ ਬੂਥਾਂ ਤੇ ਕਾਂਗਰਸ ਨੇ ਲੀਡ ਹਾਸਲ ਕੀਤੀ। ਪਿੰਡਾਂ ਵਿੱਚੋਂ ਭਾਜਪਾ ਸਿਰਫ਼ ਖੇੜਾ ਗੱਜੂ, ਸਲੇਮਪੁਰ ਅਤੇ ਜਾਂਸਲੀ ਵਿੱਚੋਂ ਹੀ ਲੀਡ ਲੈ ਸਕੀ ਹੈ ਪਰ ਕਈ ਪਿੰਡਾਂ ਵਿੱਚ ਉਹ ਦੂਜੇ ਨੰਬਰ ’ਤੇ ਜ਼ਰੂਰ ਰਹੀ ਹੈ। ਅਕਾਲੀ ਦਲ ਨੂੰ ਪਿੰਡ ਕਰਾਲਾ, ਚੰਗੇਰਾ ਅਤੇ ਬੁੱਢਣਪੁਰ ਵਿੱਚੋਂ ਲੀਡ ਮਿਲੀ ਹੈ। ਆਮ ਆਦਮੀ ਪਾਰਟੀ ਨੂੰ ਅਬਰਾਵਾਂ, ਛੜਬੜ੍ਹ, ਧਰਮਗੜ੍ਹ, ਬੂਟਾ ਸਿੰਘ ਵਾਲਾ, ਜੰਗਪੁਰਾ, ਗੁਰਦਿੱਤਪੁਰਾ, ਤਸੌਲੀ, ਪਿੰਡਾਂ ਵਿੱਚੋਂ ਹੀ ਲੀਡ ਮਿਲ ਸਕੀ ਹੈ। ਕਾਂਗਰਸ ਪਾਰਟੀ ਵੱਲੋਂ ਫ਼ਤਹਿਪੁਰ ਗੜ੍ਹੀ, ਖਲੌਰ, ਹੁਲਕਾ, ਨੰਡਿਆਲੀ, ਰਾਮਪੁਰ ਕਲਾਂ, ਖਿਜ਼ਰਗੜ੍ਹ, ਉਰਨਾ, ਮਾਣਕਪੁਰ, ਕਲੌਲੀ, ਉੱਚਾ ਖੇੜਾ, ਲੇਹਲਾਂ, ਹਦਾਇਤਪੁਰਾ, ਉੜਦਣ, ਫ਼ਰੀਦਪੁਰ, ਜਾਂਸਲਾ, ਕਾਲੋਮਾਜਰਾ, ਰਾਮਨਗਰ, ਰਾਮਪੁਰ ਖੁਰਦ, ਜਲਾਲਪੁਰ, ਕਰਾਲੀ, ਮੁਠਿਆੜਾਂ, ਖਾਸਪੁਰ, ਮਨੌਲੀ ਸੂਰਤ ਅਤੇ ਝੱਜੋਂ ਵਿੱਚ ਆਪਣੀ ਜਿੱਤ ਦਰਜ ਕੀਤੀ ਗਈ ਹੈ।
ਪੁਰਾਣੇ ਵਾਲੰਟੀਅਰਾਂ ਨੂੰ ਨੁੱਕਰੇ ਲਾਉਣਾ ਪਿਆ ਮਹਿੰਗਾ
ਬਨੂੜ ਖੇਤਰ ਵਿੱਚ 2014 ਤੋਂ ‘ਆਪ’ ਨਾਲ ਜੁੜ੍ਹੇ ਹੋਏ ਅਨੇਕਾਂ ਵਾਲੰਟੀਅਰਾਂ ਨੂੰ ਨੁੱਕਰੇ ਲਾਉਣਾ ਪਾਰਟੀ ਨੂੰ ਮਹਿੰਗਾ ਪਿਆ ਹੈ। ਇਨ੍ਹਾਂ ਵਾਲੰਟੀਅਰਾਂ ਨੂੰ ਨਵੇਂ ਬਣਾਏ ਢਾਂਚੇ ਵਿੱਚ ਕੋਈ ਅਹੁਦਾ ਨਾ ਦੇਣਾ, ਪਾਰਟੀ ਸਮਾਗਮਾਂ ਵਿੱਚ ਨਾ ਸੱਦਣਾ ਹਾਰ ਦਾ ਕਾਰਨ ਬਣਿਆ ਹੈ।
ਕੰਬੋਜ ਤੇ ਸੈਣੀ ਭਾਈਚਾਰੇ ਦਾ ਭਰੋਸਾ ਬਰਕਰਾਰ
ਬਨੂੜ ਖੇਤਰ ਵਿੱਚ ਜਿਨ੍ਹਾਂ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਨੂੰ ਲੀਡ ਮਿਲੀ ਹੈ, ਉਹ ਸਾਰੇ ਦੇ ਸਾਰੇ ਪਿੰਡ ਕੰਬੋਜ ਅਤੇ ਸੈਣੀ ਭਾਈਚਾਰਿਆਂ ਨਾਲ ਸਬੰਧਿਤ ਹਨ। ਇਨ੍ਹਾਂ ਪਿੰਡਾਂ ਵਿੱਚ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਵੀ ਆਮ ਆਦਮੀ ਪਾਰਟੀ ਨੂੰ ਲੀਡ ਮਿਲੀ ਸੀ।