ਲਾਡਵਾ ਦੇ ਵਿਕਾਸ ਲਈ ਸੈਣੀ ਨਾਲ ਮਿਲ ਕੇ ਕੰਮ ਕਰਾਂਗਾ: ਨਵੀਨ ਜਿੰਦਲ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 14 ਅਕਤੂਬਰ
ਕੁਰੂਕਸ਼ੇਤਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਨਵੀਨ ਜਿੰਦਲ ਨੇ ਅੱਜ ਇੱਥੇ ਕਿਹਾ ਕਿ ਉਹ ਲਾਡਵਾ ਨੂੰ ਟਰੈਫਿਕ ਜਾਮ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮਿਲ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਖੇਤਰ ਦੇ ਵਿਕਾਸ ਲਈ ਜਲਦੀ ਹੀ ਯੋਜਨਾ ਤਿਆਰ ਕੀਤੀ ਜਾਵੇਗੀ। ਉਹ ਨਾਇਬ ਸੈਣੀ ਦੇ ਚੋਣਾਂ ਜਿੱਤਣ ’ਤੇ ਵਰਕਰਾਂ ਵੱਲੋਂ ਕਰਵਾਏ ਗਏ ਧੰਨਵਾਦੀ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਜਿੰਦਲ ਨੇ ਕਿਹਾ ਕਿ ਲਾਡਵਾ ਹੁਣ ਸੀਐੱਮ ਸਿਟੀ ਬਣ ਗਿਆ ਹੈ। ਇਹ ਬੜੇ ਮਾਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਚੋਣ ਲੜਨ ਲਈ ਪੂਰੇ ਸੂਬੇ ਚ ਲਾਡਵਾ ਵਿਧਾਨ ਸਭਾ ਹਲਕੇ ਨੂੰ ਚੁਣਿਆ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਮੰਚ ਤੋਂ ਇਕ ਹੀ ਗੱਲ ਕਹੀ ਸੀ ਕਿ ਸੂਬੇ ਦੇ ਲੋਕ ਜਾਗਰੂਕ ਹਨ ਤੇ ਉਹ ਉਸ ਨੂੰ ਹੀ ਚੁਣਨਗੇ ਜਿਸ ਨੂੰ ਉਨ੍ਹਾਂ ਕੇਂਦਰ ਵਿੱਚ ਚੁਣਿਆ ਹੈ। ਉਨ੍ਹਾਂ ਕਿਹਾ ਕਿ 57 ਸਾਲ ਦੇ ਇਤਿਹਾਸ ਵਿਚ ਸਿਰਫ 1987 ਤੋਂ 1989 ਤਕ ਦਾ ਸਮਾਂ ਅਜਿਹਾ ਸੀ ਜਦੋਂ ਕੇਂਦਰ ਵਿੱਚ ਕਾਂਗਰਸ ਤੇ ਸੂਬੇ ਵਿਚ ਲੋਕ ਦਲ ਦੀ ਸਰਕਾਰ ਸੀ। ਇਸ ਤੋਂ ਇਲਾਵਾ ਜਿਸ ਦੀ ਸਰਕਾਰ ਕੇਂਦਰ ਵਿਚ ਰਹੀ, ਉਹੀ ਸਰਕਾਰ ਸੂਬੇ ਵਿੱਚ ਰਹੀ ਹੈ।
ਸੰਸਦ ਮੈਂਬਰ ਨੇ ਕਿਹਾ ਕਿ ਇਸ ਵਾਰ ਪੂਰਨ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣੀ ਹੈ। ਇਸ ਤੋਂ ਪਹਿਲਾਂ ਸਹਿਯੋਗੀ ਦਲ ਨਾਲ ਸੂਬੇ ਵਿਚ ਪਾਰਟੀ ਦੀ ਸਰਕਾਰ ਸੀ ਤੇ ਨਿੱਜੀ ਸੁਆਰਥਾਂ ਦੇ ਚਲਦਿਆਂ ਕਈ ਵਾਰ ਸਹਿਯੋਗੀ ਦਲ ਜਨ ਹਿੱਤ ਦੇ ਉਨ੍ਹਾਂ ਕਾਰਜਾਂ ਨੂੰ ਪੂਰਾ ਨਹੀਂ ਕਰਨ ਦਿੰਦੇ ਸਨ ਜੋ ਸਰਕਾਰ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕਾਂ ਨੇ ਭਾਜਪਾ ’ਤੇ ਪੂਰਾ ਭਰੋਸਾ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰੇਗੀ। ਇਸ ਮੌਕੇ ਪਵਨ ਗਰਗ, ਗਣੇਸ਼ ਦੱਤ ਹਾਜ਼ਰ ਸਨ।