For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਦੀਆਂ ਸਾਰੀਆਂ ਸੀਟਾਂ ਜਿੱਤਾਂਗੇ: ਪ੍ਰਿਯੰਕਾ

06:40 AM May 24, 2024 IST
ਹਰਿਆਣਾ ਦੀਆਂ ਸਾਰੀਆਂ ਸੀਟਾਂ ਜਿੱਤਾਂਗੇ  ਪ੍ਰਿਯੰਕਾ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਤੇ ਕੁਮਾਰੀ ਸ਼ੈਲਜਾ ਸਿਰਸਾ ’ਚ ਰੋਡ ਸ਼ੋਅ ਕਰਦੇ ਹੋਏ। -ਫੋਟੋ: ਪੀਟੀਆਈ
Advertisement

* ਕਾਂਗਰਸ ਆਗੂ ਵੱਲੋਂ ਕੁਮਾਰੀ ਸ਼ੈਲਜਾ ਦੇ ਹੱਕ ’ਚ ਰੋਡ ਸ਼ੋਅ
* ਬੇਰੁਜ਼ਗਾਰੀ ਤੇ ਮਹਿੰਗਾਈ ਦੇ ਮੁੱਦੇ ’ਤੇ ਭਾਜਪਾ ਨੂੰ ਘੇਰਿਆ

Advertisement

ਪ੍ਰਭੂ ਦਿਆਲ
ਸਿਰਸਾ, 23 ਮਈ
ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਹਰਿਆਣਾ ਵਿੱਚ ਚੋਣ ਪ੍ਰਚਾਰ ਦੇ ਆਖਰੀ ਦਿਨ ਸਿਰਸਾ ਸ਼ਹਿਰ ਵਿੱਚ ਇੰਡੀਆ ਗੱਠਜੋੜ ਦੀ ਉਮੀਦਵਾਰ ਕੁਮਾਰੀ ਸ਼ੈਲਜਾ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਕੜਾਕੇ ਦੀ ਗਰਮੀ ਦੇ ਬਾਵਜੂਦ ਇਸ ਰੋਡ ਸ਼ੋਅ ’ਚ ਵੱਡੀ ਗਿਣਤੀ ’ਚ ਲੋਕਾਂ ਨੇ ਭਾਗ ਲਿਆ।
ਰੋਡ ਸ਼ੋਅ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਹਰਿਆਣਾ ਵਿੱਚ ਬਦਲਾਅ ਦੀ ਲਹਿਰ ਚੱਲ ਰਹੀ ਹੈ, ਜਿਸ ਕਰਕੇ ਕਾਂਗਰਸ ਸਾਰੀਆਂ ਸੀਟਾਂ ’ਤੇ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਹਵਾ ਭਾਜਪਾ ਖ਼ਿਲਾਫ਼ ਹੈ। ਲੋਕ ਭਾਜਪਾ ਦੀ ਰਾਜਨੀਤੀ ਤੋਂ ਅੱਕ ਚੁੱਕੇ ਹਨ। ਭਾਜਪਾ ਵਾਲੇ ਸੱਤਾ ਦੀ ਰਾਜਨੀਤੀ ਕਰਦੇ ਹਨ ਤੇ ਸੱਤਾ ਲਈ ਕੁਝ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬੇਰੁਜ਼ਗਾਰੀ ਬਹੁਤ ਹੈ, ਮਹਿੰਗਾਈ ਬਹੁਤ ਹੈ, ਲੋਕ ਥੱਕ ਚੁੱਕੇ ਹਨ, ਦੇਸ਼ ਵਿੱਚ ਬਦਲਾਅ ਜ਼ਰੂਰ ਆਵੇਗਾ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਹਰਿਆਣਾ ਵਿੱਚ ਵੀ ਬਦਲਾਅ ਯਕੀਨੀ ਹੈ ਅਤੇ ਕਾਂਗਰਸ ਸੂਬੇ ਦੀਆਂ ਸਾਰੀਆਂ ਸੀਟਾਂ ’ਤੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ। ਇਹ ਰੋਡ ਸ਼ੋਅ ਸ੍ਰੀ ਸ਼ਿਆਮ ਬਗੀਚੀ ਅਨਾਜ ਮੰਡੀ ਤੋਂ ਸ਼ੁਰੂ ਹੋਇਆ ਅਤੇ ਇਸ ਤੋਂ ਬਾਅਦ ਜਨਤਾ ਭਵਨ, ਜਗਦੇਵ ਸਿੰਘ ਚੌਕ, ਸੁਭਾਸ਼ ਚੌਕ, ਭਗਤ ਸਿੰਘ ਚੌਕ, ਪਰਸ਼ੂਰਾਮ ਚੌਕ, ਅੰਬੇਡਕਰ ਚੌਕ ਤੱਕ ਜਾਰੀ ਰਿਹਾ। ਲੋਕ ਸਭਾ ਚੋਣਾਂ ਦੌਰਾਨ ਇਹ ਪਹਿਲਾ ਮੌਕਾ ਸੀ ਜਦੋਂ ਪ੍ਰਿਯੰਕਾ ਗਾਂਧੀ ਪ੍ਰਚਾਰ ਲਈ ਹਰਿਆਣਾ ਆਈ ਸੀ। ਸੜਕਾਂ ਦੇ ਦੋਵੇਂ ਪਾਸੇ ਖੜ੍ਹੇ ਲੋਕਾਂ ਨੇ ਪ੍ਰਿਯੰਕਾ ਗਾਂਧੀ, ਕੁਮਾਰੀ ਸ਼ੈਲਜਾ ਅਤੇ ਹੋਰ ਆਗੂਆਂ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਇਸ ਮੌਕੇ ਸਾਬਕਾ ਮੰਤਰੀ ਕਿਰਨ ਚੌਧਰੀ, ਵਿਧਾਇਕ ਸ਼ੀਸ਼ਪਾਲ ਕੇਹਰਵਾਲਾ, ਵਿਧਾਇਕ ਅਮਿਤ ਸਿਹਾਗ, ਸਾਬਕਾ ਮੰਤਰੀ ਪਰਮਬੀਰ ਸਿੰਘ, ਸਾਬਕਾ ਵਿਧਾਇਕ ਨਿਸ਼ਾਨ ਸਿੰਘ, ਸਾਬਕਾ ਸੰਸਦ ਮੈਂਬਰ ਚਰਨਜੀਤ ਸਿੰਘ ਰੋੜੀ ਤੇ ਡਾ. ਸੁਸ਼ੀਲ ਕੁਮਾਰ ਇੰਦੌਰਾ, ਸਾਬਕਾ ਵਿਧਾਇਕ ਜਰਨੈਲ ਸਿੰਘ, ਭਰਤ ਸਿੰਘ ਬੈਣੀਵਾਲ, ਬਲਵਾਨ ਸਿੰਘ ਦੌਲਤਪੁਰੀਆ, ਪ੍ਰਹਿਲਾਦ ਸਿੰਘ ਗਿੱਲਾਖੇੜਾ, ਕੁਲਵੀਰ ਸਿੰਘ ਬੈਣੀਵਾਲ, ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਵਿਨੀਤ ਪੂਨੀਆ, ਡਾ. ਕੇਵੀ ਸਿੰਘ, ਵੀਰਭਾਨ ਮਹਿਤਾ, ਅਮੀਰ ਚੰਦ ਚਾਵਲਾ, ਨਿਰਮਲ ਸਿੰਘ ਮਲੜ੍ਹੀ, ਡਾ. ਵਰਿੰਦਰ ਸਿਵਾਚ, ਸੰਤੋਸ਼ ਬੈਣੀਵਾਲ, ਨਵੀਨ ਕੇਡੀਆ, ਰਾਜ ਕੁਮਾਰ ਸ਼ਰਮਾ, ਵਿਨੀਤ ਕੰਬੋਜ ਆਦਿ ਵੀ ਹਾਜ਼ਰ ਸਨ। ਇਸੇ ਤਰ੍ਹਾਂ ਪਾਣੀਪਤ ਜ਼ਿਲ੍ਹੇ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਕਿਸਾਨਾਂ ਤੇ ਗਰੀਬਾਂ ਦੀਆਂ ਤਕਲੀਫਾਂ ਨਾਲ ਸਮਝਣ ਦਾ ਦੋਸ਼ ਲਾਇਆ ਤੇ ਕਿਹਾ ਕਿ ਭਾਜਪਾ ਸਰਕਾਰ ਨੇ ਸਿਰਫ਼ ਅਰਬਪਤੀਆਂ ਲਈ ਨੀਤੀਆਂ ਬਣਾਈਆਂ ਹਨ। ਉਨ੍ਹਾਂ ਅਗਨੀਵੀਰ ਤੇ ਮਹਿਲਾ ਪਹਿਲਵਾਨਾਂ ਦੇ ਮੁੱਦਿਆਂ ’ਤੇ ਵੀ ਕੇਂਦਰ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਮਗਰੋਂ ਕਿਸਾਨਾਂ ਦੀਆਂ ਫਸਲਾਂ ਦੀ ਖਰੀਦ ਐੱਮਐੱਸਪੀ ’ਤੇ ਯਕੀਨੀ ਬਣਾਉਣ ਲਈ ਕਾਨੂੰਨ ਲਿਆਂਦਾ ਜਾਵੇਗਾ ਤੇ ਉਨ੍ਹਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ।

Advertisement
Author Image

joginder kumar

View all posts

Advertisement
Advertisement
×