ਵਾਇਨਾਡ ਦਾ ਮਾਂ ਵਾਂਗ ਧਿਆਨ ਰੱਖਾਂਗੀ: ਪ੍ਰਿਯੰਕਾ
ਵਾਇਨਾਡ, 7 ਨਵੰਬਰ
ਕਾਂਗਰਸ ਦੀ ਜਨਰਲ ਸਕੱਤਰ ਅਤੇ ਵਾਇਨਾਡ ਲੋਕ ਸਭਾ ਸੀਟ ਤੋਂ ਸਾਂਝੇ ਜਮਹੂਰੀ ਮੋਰਚੇ (ਯੂਡੀਐੱਫ) ਦੀ ਉਮੀਦਵਾਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਉਹ ਇਸ ਇਲਾਕੇ ਦੀ ਸੇਵਾ ਉਸ ਤਰ੍ਹਾਂ ਕਰਨਾ ਚਾਹੁੰਦੀ ਹੈ, ਜਿਸ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਨੂੰ ਸੰਭਾਲਦੀ ਹੈ।
ਪ੍ਰਿਯੰਕਾ ਨੇ ਵਾਇਨਾਡ ਲੋਕ ਸਭਾ ਸੀਟ ਦੀ ਉਪ ਚੋਣ ਲਈ ਆਪਣੇ ਚੋਣ ਪ੍ਰਚਾਰ ਦੇ ਦੂਜੇ ਗੇੜੇ ਦੇ ਆਖਰੀ ਦਿਨ ਅੱਜ ਕਿਹਾ ਕਿ ਜੇ ਉਸ ਨੂੰ ਮੌਕਾ ਦਿੱਤਾ ਗਿਆ ਤਾਂ ਉਹ ਨਾ ਸਿਰਫ਼ ਸੰਸਦ ਬਲਕਿ ਹਰ ਮੰਚ ’ਤੇ ਵਾਇਨਾਡ ਦੇ ਲੋਕਾਂ ਲਈ ਲੜੇਗੀ। ਕਾਂਗਰਸ ਆਗੂ ਨੇ ਆਪਣੇ ਭਰਾ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਦਿਲ ’ਚ ਵਾਇਨਾਡ ਪ੍ਰਤੀ ਸਨੇਹ ਹੋਣ ਦਾ ਜ਼ਿਕਰ ਕੀਤਾ ਤੇ ਵੋਟਰਾਂ ਨੂੰ ਹਮਾਇਤ ਦੀ ਅਪੀਲ ਕੀਤੀ ਤਾਂ ਜੋ ਉਹ ਉਨ੍ਹਾਂ ਦੀ ਸੇਵਾ ਕਰ ਸਕੇ। ਪ੍ਰਿਯੰਕਾ ਨੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਖ਼ਿਲਾਫ਼ ਦੋਸ਼ ਦੁਹਰਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਰਾਜਨੀਤੀ ਨੇ ਦੇਸ਼ ’ਚ ਕਿਸਾਨਾਂ ਤੇ ਛੋਟੇ ਵਪਾਰ ਮਾਲਕਾਂ ਨੂੰ ਨੁਕਸਾਨ ਪਹੁੰਚਾਇਆ ਹੈ। ਪ੍ਰਿਯੰਕਾ ਨੇ ਪਲੱਕੜ ’ਚ ਮਹਿਲਾ ਕਾਂਗਰਸ ਆਗੂਆਂ ਦੇ ਹੋਟਲ ਦੇ ਕਮਰਿਆਂ ਦੀ ਪੁਲੀਸ ਵੱਲੋਂ ਤਲਾਸ਼ੀ ਲਏ ਜਾਣ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਗਲਤ ਹੈ। ਇਸੇ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਿਯੰਕਾ ਗਾਂਧੀ ਦੇ ਹੱਕ ’ਚ ਚੋਣ ਪ੍ਰਚਾਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ਕਿ ਉਨ੍ਹਾਂ ਕੇਰਲ ਦੇ ਵਾਇਨਾਡ ਜ਼ਿਲ੍ਹੇ ਦੇ ਢਿੱਗਾਂ ਖਿਸਕਣ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਕੀਤਾ ਵਾਅਦਾ ਨਹੀਂ ਨਿਭਾਇਆ। -ਪੀਟੀਆਈ