ਦੋ-ਤਿੰਨ ਦਿਨਾਂ ਵਿੱਚ ਚੋਣ ਪ੍ਰਚਾਰ ਸ਼ੁਰੂ ਕਰਾਂਗੀ: ਸ਼ੈਲਜਾ
ਚੰਡੀਗੜ੍ਹ, 23 ਸਤੰਬਰ
ਸਿਰਸਾ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਅੱਜ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਕਸਦ ਕਾਂਗਰਸ ਨੂੰ ਸੂਬੇ ਵਿੱਚ ਸੱਤਾ ’ਚ ਲਿਆਉਣਾ ਹੈ ਅਤੇ ਉਹ ਇਸ ਹਫ਼ਤੇ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਨਗੇ। ਸ਼ੈਲਜਾ ਦਾ ਇਹ ਬਿਆਨ ਉਸ ਵੇਲੇ ਆਇਆ ਹੈ, ਜਦੋਂ ਸੱਤਾਧਾਰੀ ਭਾਜਪਾ ਵੱਲੋਂ ਦਲਿਤ ਆਗੂ ਦੇ ਚੋਣ ਪ੍ਰਚਾਰ ਤੋਂ ਦੂਰ ਰਹਿਣ ਨੂੰ ਲੈ ਕੇ ਕਾਂਗਰਸ ’ਤੇ ਨਿਸ਼ਾਨਾ ਸੇਧੇ ਜਾ ਰਹੇ ਹਨ। ਕਾਂਗਰਸ ਦੀ ਜਨਰਲ ਸਕੱਤਰ ਸ਼ੈਲਜਾ ਨੇ ਕਿਹਾ ਕਿ ਉਹ ਦੋ-ਤਿੰਨ ਦਿਨਾਂ ਵਿੱਚ ਚੋਣ ਪ੍ਰਚਾਰ ਸ਼ੁਰੂ ਕਰਨਗੇ। ਇਸ ਤੋਂ ਪਹਿਲਾਂ ਕਾਂਗਰਸੀ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਐਕਸ ’ਤੇ ਕਿਹਾ ਸੀ ਕਿ ਸ਼ੈਲਜਾ 26 ਸਤੰਬਰ ਨੂੰ ਨਰਵਾਣਾ ਵਿਚ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਕਾਂਗਰਸ ਲਈ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਦੀ ਅਗਵਾਈ ਹੇਠ ਕਾਂਗਰਸ ਚੋਣਾਂ ਲੜੇਗੀ, ਜਿੱਤੇਗੀ ਅਤੇ ਹਰਿਆਣਾ ਦੇ ਲੋਕਾਂ ਦੇ ਸੁਫਨੇ ਪੂਰੇ ਕਰੇਗੀ। ਸ਼ੈਲਜਾ ਨੂੰ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਹਾਲੇ ਵੀ ਪਾਰਟੀ ਤੋਂ ਨਰਾਜ਼ ਹਨ, ਕਾਂਗਰਸ ਆਗੂ ਨੇ ਕਿਹਾ, ‘ਸ਼ਾਇਦ ਭਾਜਪਾ ਨੂੰ ਇਸ ਦੀ ਜ਼ਿਆਦਾ ਚਿੰਤਾ ਹੈ।’ ਉਨ੍ਹਾਂ ਕਿਹਾ,‘ਪਾਰਟੀ ਵਿੱਚ ਕਈ ਅੰਦਰੂਨੀ ਮਸਲੇ ਹੁੰਦੇ ਹਨ। -ਪੀਟੀਆਈ
ਦਲਿਤ ਵਿਰੋਧੀ ਕਾਂਗਰਸ ਨੇ ਸ਼ੈਲਜਾ ਦਾ ਅਪਮਾਨ ਕੀਤਾ: ਅਮਿਤ ਸ਼ਾਹ
ਚੰਡੀਗੜ੍ਹ:
ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਕਾਂਗਰਸ ਨੂੰ ‘ਦਲਿਤ ਵਿਰੋਧੀ’ ਪਾਰਟੀ ਕਰਾਰ ਦਿੰਦਿਆਂ ਕਿਹਾ ਕਿ ਇਸ ਨੇ ਕੁਮਾਰੀ ਸ਼ੈਲਜਾ ਅਤੇ ਅਸ਼ੋਕ ਤੰਵਰ ਵਰਗੇ ਦਲਿਤ ਆਗੂਆਂ ਦਾ ‘ਅਪਮਾਨ’ ਕੀਤਾ ਹੈ। ਸ਼ਾਹ ਨੇ ਰਾਖਵੇਂਕਰਨ ਬਾਰੇ ਟਿੱਪਣੀਆਂ ਲਈ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਵੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਰਾਖਵੇਂਕਰਨ ਦੀ ਰਾਖੀ ਕਰ ਸਕਦੇ ਹਨ। ਸ਼ਾਹ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਟੋਹਾਣਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਕੇਂਦਰੀ ਮੰਤਰੀ ਸ਼ਾਹ ਨੇ ਦੋਸ਼ ਲਾਇਆ, ‘ਕਾਂਗਰਸ ਦਲਿਤ ਵਿਰੋਧੀ ਪਾਰਟੀ ਹੈ। ਕਾਂਗਰਸ ਨੇ ਹਮੇਸ਼ਾ ਦਲਿਤ ਆਗੂਆਂ ਦਾ ਅਪਮਾਨ ਕੀਤਾ ਹੈ, ਚਾਹੇ ਉਹ ਅਸ਼ੋਕ ਤੰਵਰ ਹੋਣ ਜਾਂ ਭੈਣ ਕੁਮਾਰੀ ਸ਼ੈਲਜਾ। ਕਾਂਗਰਸ ਨੇ ਸਾਰਿਆਂ ਦਾ ਅਪਮਾਨ ਕੀਤਾ ਹੈ।’ ਦਲਿਤ ਆਗੂ ਸ਼ੈਲਜਾ ਨੇ ਚੋਣ ਪ੍ਰਚਾਰ ਤੋਂ ਦੂਰੀ ਬਣਾਈ ਹੋਈ ਹੈ, ਜਿਸ ਨੂੰ ਲੈ ਕੇ ਸੱਤਾਧਾਰੀ ਭਾਜਪਾ ਕਾਂਗਰਸ ’ਤੇ ਨਿਸ਼ਾਨਾ ਸੇਧ ਰਹੀ ਹੈ। ਸ਼ੈਲਜਾ ਦੇ ਚੋਣ ਪ੍ਰਚਾਰ ਤੋਂ ਦੂਰ ਰਹਿਣ ਦੀਆਂ ਖਬਰਾਂ ਵਿਚਾਲੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਹਾਲ ਹੀ ਵਿੱਚ ਸ਼ੈਲਜਾ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਸੀ।
ਰਾਖਵੇਂਕਰਨ ਬਾਰੇ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਦਾ ਹਵਾਲਾ ਦਿੰਦਿਆਂ ਸ਼ਾਹ ਨੇ ਕਿਹਾ, ‘ਰਾਹੁਲ ਗਾਂਧੀ ਨੇ ਅਮਰੀਕਾ ’ਚ ਕਿਹਾ ਸੀ ਕਿ ਵਿਕਾਸ ਤੋਂ ਬਾਅਦ ਰਾਖਵੇਂਕਰਨ ਦੀ ਕੋਈ ਲੋੜ ਨਹੀਂ ਹੈ। ਉਹ (ਕਾਂਗਰਸ) ਵਿਕਾਸ ਤੋਂ ਬਾਅਦ ਰਾਖਵਾਂਕਰਨ ਹਟਾ ਦੇਣਗੇ।’ ਸ਼ਾਹ ਨੇ ਲੋਕਾਂ ਨੂੰ ਪੁੱਛਿਆ, ‘ਸਾਡਾ ਹਰਿਆਣਾ ਪੂਰੀ ਤਰ੍ਹਾਂ ਵਿਕਸਤ ਰਾਜ ਹੈ, ਕੀ ਤੁਸੀਂ ਰਾਖਵਾਂਕਰਨ ਚਾਹੁੰਦੇ ਹੋ ਜਾਂ ਨਹੀਂ?’ ਉਨ੍ਹਾਂ ਕਿਹਾ ਕਿ ਜੇ ਕੋਈ ਅਨੁਸੂਚਿਤ ਜਾਤੀਆਂ (ਐੱਸਸੀ) ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਦੀ ਰਾਖੀ ਕਰ ਸਕਦਾ ਹੈ ਤਾਂ ਉਹ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ। -ਪੀਟੀਆਈ
‘ਰਾਹੁਲ ਦੀ ਤੀਜੀ ਪੀੜ੍ਹੀ ਵੀ ਧਾਰਾ 370 ਰੱਦ ਨਹੀਂ ਕਰ ਸਕਦੀ’
ਯਮੁਨਾਨਗਰ (ਪੱਤਰ ਪ੍ਰੇਰਕ):
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਰਾਹੁਲ ਗਾਂਧੀ ਦੀ ਤੀਜੀ ਪੀੜ੍ਹੀ ਵੀ ਧਾਰਾ 370 ਰੱਦ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਗਨੀਵੀਰ ਬਾਰੇ ਵੀ ਝੂਠ ਬੋਲ ਰਹੇ ਹਨ। ਅਗਨੀਵੀਰ ਸੇਵਾ ਤੋਂ ਵਾਪਸ ਆਉਣ ਵਾਲੇ ਨੌਜਵਾਨਾਂ ਨੂੰ ਹਰਿਆਣਾ ਅਤੇ ਭਾਰਤ ਸਰਕਾਰ ਵੱਲੋਂ ਪੈਨਸ਼ਨ ਵਾਲੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ। ਸ਼ਾਹ ਅਨੁਸਾਰ ਕਾਂਗਰਸ ਨੇ ਹਮੇਸ਼ਾ ਭਾਈ-ਭਤੀਜਾਵਾਦ, ਜਾਤੀਵਾਦ ਅਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਰਿਆਣਾ, ਪੰਜਾਬ ਅਤੇ ਕਸ਼ਮੀਰ ਵਿੱਚ ਅਤਿਵਾਦ ਨੂੰ ਵਧਣ ਨਹੀਂ ਦੇਵੇਗੀ।