ਲੋਕ ਮਸਲਿਆਂ ਨੂੰ ਤਰਜੀਹੀ ਆਧਾਰ ’ਤੇ ਹੱਲ ਕਰਾਂਗਾ: ਜੀਤ ਮਹਿੰਦਰ ਸਿੱਧੂ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 20 ਮਈ
ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਅੱਜ ਇੱਥੇ ਸ਼ਹਿਰ ਵਿੱਚ ਇਕ ਦਰਜਨ ਤੋਂ ਵੱਧ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਬਣਨ ’ਤੇ ਲੋਕ ਮਸਲਿਆਂ ਨੂੰ ਤਰਜੀਹੀ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ।
ਉਨ੍ਹਾਂ ਭਾਈ ਮਤੀ ਦਾਸ ਨਗਰ ’ਚੋਂ ਕਚਰਾ ਪਲਾਂਟ ਹਟਾਏ ਜਾਣ, ਸ਼ਹਿਰੀ ਵਪਾਰੀਆਂ ਦੀ ਪਾਰਕਿੰਗ ਦਾ ਮਸਲਾ ਹੱਲ ਕਰਨ, ਠੇਕੇਦਾਰ ਵੱਲੋਂ ਗੱਡੀਆਂ ਨੂੰ ਟੋਅ ਕਰਨ ਦੇ ਮੁੱਦੇ ਨੂੰ ਹੱਲ ਕਰਨ, ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ, ਸ਼ਹਿਰ ’ਚ ਸੀਸੀਟੀਵੀ ਕੈਮਰੇ ਲਾਉਣ, ਪੀਸੀਆਰ ਦੀ ਗਸ਼ਤ ਵਧਾਉਣ ਸਮੇਤ ਸਮਾਜ ਭਲਾਈ ਦੀਆਂ ਸਕੀਮਾਂ ’ਤੇ ਕੰਮ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਹਲਕੇ ’ਚ ਸਨਅਤੀ ਵਿਕਾਸ ਕਰਨ ਦਾ ਦਾਅਵਾ ਕਰਦਿਆਂ ਆਖਿਆ ਕਿ ਇਸ ਨਾਲ ਬੇਰੁਜ਼ਗਾਰੀ ਦੂਰ ਹੋਵੇਗੀ।
ਉਨ੍ਹਾਂ 15 ਸਾਲ ਤੋਂ ਹਲਕੇ ਦੀ ਨੁਮਾਇੰਦਗੀ ਕਰ ਰਹੀ ਅਕਾਲੀ ਦਲ ਦੀ ਸੰਸਦ ਮੈਬਰ ਹਰਸਿਮਰਤ ਕੌਰ ਬਾਦਲ ’ਤੇ ਜਨਤਕ ਸਮੱਸਿਆਵਾਂ ਤੋਂ ਪਾਸਾ ਵੱਟਣ ਦਾ ਦੋਸ਼ ਲਾਇਆ। ਉਨ੍ਹਾਂ ਸਮਾਜ ’ਚ ਬਦਅਮਨੀ ਫੈਲਣ ਲਈ ਪੰਜਾਬ ਸਰਕਾਰ ਦੀ ਨਾ-ਅਹਿਲੀਅਤ ਨੂੰ ਜ਼ਿੰਮੇਵਾਰ ਗਰਦਾਨਦਿਆਂ ਕਿਹਾ ਕਿ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਭਾਜਪਾ ਨੂੰ ਉਨ੍ਹਾਂ ‘ਭਾਰਤੀ ਜੁਮਲਾ ਪਾਰਟੀ’ ਦਾ ਨਾਂਅ ਦਿੰਦਿਆਂ ਕਿਹਾ ਕਿ ਦਸ ਸਾਲਾਂ ਦੇ ਭਾਜਪਾ ਰਾਜ ਨੇ ਦੇਸ਼ ਨੂੰ ਪੰਜਾਹ ਸਾਲ ਪਿੱਛੇ ਧੱਕ ਦਿੱਤਾ ਹੈ। ਉਨ੍ਹਾਂ ਵੋਟਰਾਂ ਨੂੰ ਰਿਕਾਰਡ ਵੋਟਾਂ ਨਾਲ ਖੁਦ ਨੂੰ ਜਿਤਾ ਕੇ ਸੰਸਦ ’ਚ ਭੇਜਣ ਦੀ ਅਪੀਲ ਕਰਦਿਆਂ ਵਾਅਦਾ ਕੀਤਾ ਕਿ ਉਹ ਹਲਕੇ ਦੀ ਹਰ ਜਨਤਕ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ।