ਬਕਾਇਆ ਕਰਜ਼ ਤੋਂ ਦੁੱਗਣੀ ਵਸੂਲੀ ਸਬੰਧੀ ਰਾਹਤ ਮੰਗਾਂਗਾ: ਵਿਜੈ ਮਾਲਿਆ
ਨਵੀਂ ਦਿੱਲੀ, 19 ਦਸੰਬਰ
ਭਗੌੜੇ ਕਾਰੋਬਾਰੀ ਵਿਜੈ ਮਾਲਿਆ ਨੇ ਕਿਹਾ ਕਿ ਉਹ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਬੈਂਕਾਂ ਵੱਲੋਂ ਉਨ੍ਹਾਂ ’ਤੇ ਬਕਾਇਆ ਕਰਜ਼ ਦੀ ਦੁੱਗਣੀ ਤੋਂ ਵੱਧ ਵਸੂਲੀ ਵਿੱਚ ਰਾਹਤ ਮੰਗੇਗਾ।
ਮਾਲਿਆ ਨੇ ਇਹ ਗੱਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੰਸਦ ’ਚ ਕੁਰਕ ਜਾਇਦਾਦਾਂ ਤੋਂ 14,130 ਕਰੋੜ ਰੁਪਏ ਤੋਂ ਵੱਧ ਵਸੂਲੇ ਜਾਣ ਦੀ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਆਖੀ ਹੈ। ਵਿਜੈ ਮਾਲਿਆ ਨੇ ਐਕਸ ’ਤੇ ਕਿਹਾ, ‘‘ਕਰਜ਼ ਵਸੂਲੀ ਟ੍ਰਿਬਿਊਨਲ ਨੇ ਕੇਐੱਫਏ (ਕਿੰਗਫਿਸ਼ਰ ਏਅਰਲਾਈਨਸ) ਦਾ ਕਰਜ਼ਾ 1,200 ਕਰੋੜ ਰੁਪਏ ਵਿਆਜ ਸਣੇ 6,200 ਕਰੋੜ ਰੁਪਏ ਦੱਸਿਆ ਹੈ। ਵਿੱਤ ਮੰਤਰੀ ਨੇ ਸੰਸਦ ’ਚ ਐਲਾਨ ਕੀਤਾ ਹੈ ਕਿ ਈਡੀ ਰਾਹੀਂ ਬੈਂਕਾਂ ਨੇ ਮੇਰੇ (ਮਾਲਿਆ) ਤੋਂ 6,203 ਕਰੋੜ ਰਪਏ ਦੇ ਕਰਜ਼ ਖ਼ਿਲਾਫ਼ 14,131.6 ਕਰੋੜ ਰੁਪਏ ਵਸੂਲੇ ਹਨ ਤੇ ਮੈਂ ਹਾਲੇ ਵੀ ਇੱਕ ਵਿੱਤੀ ਅਪਰਾਧੀ ਹਾਂ।’’ ਕਾਰੋਬਾਰੀ ਨੇ ਕਿਹਾ, ‘‘ਜਦੋਂ ਤੱਕ ਈਡੀ ਤੇ ਬੈਂਕ ਕਾਨੂੰਨੀ ਤੌਰ ’ਤੇ ਇਹ ਸਾਬਤ ਨੇ ਨਹੀਂ ਕਰਦੇ ਕਿ ਉਨ੍ਹਾਂ ਨੇ ਦੁੱਗਣੇ ਤੋਂ ਵੱਧ ਕਰਜ਼ਾ ਕਿਵੇਂ ਵਸੂਲਿਆ ਹੈ, ਮੈਂ ਰਾਹਤ ਲੈਣ ਦਾ ਹੱਕਦਾਰ ਹਾਂ ਅਤੇ ਮੈਂ ਇਸ ਲਈ ਕੋਸ਼ਿਸ਼ ਕਰਾਂਗਾ।’’ ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਕਿਸੇ ਦੀ ਹਮਾਇਤ ਨਹੀਂ ਹੈ।
ਸੀਤਾਰਮਨ ਨੇ ਕਿਹਾ ਸੀ ਕਿ ਭਗੌੜੇ ਵਿਜੈ ਮਾਲਿਆ ਦੇ 14,131.6 ਕਰੋੜ ਦੇ ਅਸਾਸੇ ਜਨਤਕ ਖੇਤਰ ਦੀਆਂ ਬੈਂਕਾਂ ਨੂੰ ਵਾਪਸ ਕੀਤੇ ਗਏ ਹਨ। ਦੱਸਣਯੋਗ ਹੈ ਕਿ ਮਾਰਚ 2016 ’ਚ ਫਰਾਰ ਹੋ ਕੇ ਬਰਤਾਨੀਆ ਗਿਆ ਮਾਲਿਆ ਕਈ ਮਾਮਲਿਆਂ ’ਚ ਭਾਰਤ ’ਚ ਲੋੜੀਂਦਾ ਹੈ। -ਪੀਟੀਆਈ