For the best experience, open
https://m.punjabitribuneonline.com
on your mobile browser.
Advertisement

ਦੋ ਦਿਨ ਬਾਅਦ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ: ਕੇਜਰੀਵਾਲ

07:17 AM Sep 16, 2024 IST
ਦੋ ਦਿਨ ਬਾਅਦ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ  ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਮਾਨਸ ਰੰਜਨ ਭੂਈ
Advertisement

ਮਨਧੀਰ ਸਿੰਘ ਦਿਓਲ/ਪੀਟੀਆਈ
ਨਵੀਂ ਦਿੱਲੀ, 15 ਸਤੰਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਉਹ ਦੋ ਦਿਨ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਅਤੇ ਦਿੱਲੀ ’ਚ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲੋਕ ਉਨ੍ਹਾਂ ਨੂੰ ‘ਇਮਾਨਦਾਰੀ ਦਾ ਸਰਟੀਫਿਕੇਟ’ ਨਹੀਂ ਦਿੰਦੇ, ਉਹ ਮੁੱਖ ਮੰਤਰੀ ਦੀ ਕੁਰਸੀ ’ਤੇ ਨਹੀਂ ਬੈਠਣਗੇ।
ਆਬਕਾਰੀ ਨੀਤੀ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ’ਚ ਤਿਹਾੜ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਹੋਏ ਕੇਜਰੀਵਾਲ ਨੇ ਅੱਜ ਕਿਹਾ ਕਿ ਅਗਲੇ ਕੁਝ ਦਿਨਾਂ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਹੋਵੇਗੀ ਅਤੇ ਪਾਰਟੀ ਦੇ ਇੱਕ ਨੇਤਾ ਨੂੰ ਮੁੱਖ ਮੰਤਰੀ ਚੁਣਿਆ ਜਾਵੇਗਾ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਤਨੀ ਸੁਨੀਤਾ ਕੇਜਰੀਵਾਲ ਨਾਲ ਪਾਰਟੀ ਹੈੱਡਕੁਆਰਟਰ ਪੁੱਜੇ ਕੇਜਰੀਵਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਤੇ ਮਨੀਸ਼ ਸਿਸੋਦੀਆ ਉਪ ਮੁੱਖ ਮੰਤਰੀ ਤਾਂ ਹੀ ਬਣਨਗੇ ਜਦੋਂ ਲੋਕ ਕਹਿਣਗੇ ਕਿ ਉਹ ਇਮਾਨਦਾਰ ਹਨ। ਸਿਸੋਦੀਆ ਨੂੰ ਆਬਕਾਰੀ ਨੀਤੀ ਮਾਮਲੇ ’ਚ ਪਿਛਲੇ ਮਹੀਨੇ ਜ਼ਮਾਨਤ ਮਿਲੀ ਸੀ। ਕੇਜਰੀਵਾਲ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੀ ਥਾਂ ਲੈਣ ਵਾਲੇ ਸੰਭਾਵੀ ਵਿਅਕਤੀਆਂ ਵਿੱਚ ਪਤਨੀ ਸੁਨੀਤਾ ਕੇਜਰੀਵਾਲ ਤੇ ਦਿੱਲੀ ਦੇ ਮੰਤਰੀ ਆਤਿਸ਼ੀ ਤੇ ਗੋਪਾਲ ਰਾਏ ਦੇ ਨਾਂ ਚਰਚਾ ਵਿੱਚ ਹਨ।

Advertisement

ਪਾਰਟੀ ਵਰਕਰਾਂ ਨਾਲ ਮੀਟਿੰਗ ਦੌਰਾਨ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ। -ਫੋਟੋ: ਮਾਨਸ ਰੰਜਨ ਭੂਈ

ਕੇਜਰੀਵਾਲ ਨੇ ਕਿਹਾ, ‘ਮੈਂ ਦੋ ਦਿਨ ਬਾਅਦ ਅਸਤੀਫਾ ਦੇ ਦੇਵਾਂਗਾ ਅਤੇ ਲੋਕਾਂ ਤੋਂ ਪੁੱਛਾਂਗਾ ਕਿ ਕੀ ਮੈਂ ਇਮਾਨਦਾਰ ਹਾਂ? ਜਦੋਂ ਤੱਕ ਉਹ ਜਵਾਬ ਨਹੀਂ ਦਿੰਦੇ, ਮੈਂ ਮੁੱਖ ਮੰਤਰੀ ਦੀ ਕੁਰਸੀ ’ਤੇ ਨਹੀਂ ਬੈਠਾਂਗਾ।’ ਉਨ੍ਹਾਂ ਕਿਹਾ, ‘ਦਿੱਲੀ ’ਚ ਫਰਵਰੀ ਮਹੀਨੇ ਚੋਣਾਂ ਹੋਣੀਆਂ ਹਨ ਪਰ ਮੇਰੀ ਮੰਗ ਹੈ ਕਿ ਕੌਮੀ ਰਾਜਧਾਨੀ ’ਚ ਚੋਣਾਂ ਮਹਾਰਾਸ਼ਟਰ ਦੇ ਨਾਲ ਨਵੰਬਰ ’ਚ ਹੀ ਕਰਵਾਈਆਂ ਜਾਣ। ਮੈਂ ਮੁੱਖ ਮੰਤਰੀ ਦੀ ਕੁਰਸੀ ’ਤੇ ਉਦੋਂ ਹੀ ਬੈਠਾਂਗਾ ਜਦੋਂ ਲੋਕ ਮੈਨੂੰ ਇਮਾਨਦਾਰੀ ਦਾ ਸਰਟੀਫਿਕੇਟ ਦੇਣਗੇ। ਮੈਂ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਅਗਨੀ ਪ੍ਰੀਖਿਆ ਦੇਣਾ ਚਾਹੁੰਦਾ ਹਾਂ।’ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਉਨ੍ਹਾਂ ਨੂੰ ਭ੍ਰਿਸ਼ਟ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਗਵਾ ਪਾਰਟੀ ਲੋਕਾਂ ਨੂੰ ਚੰਗੇ ਸਕੂਲ ਤੇ ਮੁਫ਼ਤ ਬਿਜਲੀ ਮੁਹੱਈਆ ਨਹੀਂ ਕਰਵਾ ਸਕੀ ਕਿਉਂਕਿ ਉਹ ਭ੍ਰਿਸ਼ਟ ਹੈ। ਉਨ੍ਹਾਂ ਕਿਹਾ, ‘ਅਸੀਂ ਇਮਾਨਦਾਰ ਹਾਂ।’ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, ‘ਉਹ ਗ਼ੈਰ-ਭਾਜਪਾ ਮੁੱਖ ਮੰਤਰੀਆਂ ਖ਼ਿਲਾਫ਼ ਝੂਠੇ ਕੇਸ ਦਰਜ ਕਰਦੇ ਹਨ। ਜੇ ਮੁੱਖ ਮੰਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਸਤੀਫਾ ਨਾ ਦੇਣ ਬਲਕਿ ਜੇਲ੍ਹ ਤੋਂ ਹੀ ਆਪਣੀ ਸਰਕਾਰ ਚਲਾਉਣ।’ ਕੇਜਰੀਵਾਲ ਨੇ ਕਿਹਾ, ‘ਮੈਂ (ਆਬਕਾਰੀ ਨੀਤੀ ਮਾਮਲੇ ’ਚ ਗ੍ਰਿਫ਼ਤਾਰੀ ਮਗਰੋਂ) ਅਸਤੀਫਾ ਨਹੀਂ ਦਿੱਤਾ ਕਿਉਂਕਿ ਮੈਂ ਲੋਕਤੰਤਰ ਦਾ ਸਨਮਾਨ ਕਰਦਾ ਹਾਂ ਅਤੇ ਮੇਰੇ ਲਈ ਸੰਵਿਧਾਨ ਸਭ ਤੋਂ ਉੱਪਰ ਹੈ।’ ਉਨ੍ਹਾਂ ਕਿਹਾ ਕਿ, ‘ਸਾਡੇ ਨੇਤਾ ਸਤੇਂਦਰ ਜੈਨ ਅਤੇ ਅਮਾਨਤੁੱਲ੍ਹਾ ਖਾਨ ਅਜੇ ਵੀ ਜੇਲ੍ਹ ’ਚ ਹਨ। ਮੈਨੂੰ ਉਮੀਦ ਹੈ ਕਿ ਉਹ ਜਲਦੀ ਹੀ ਬਾਹਰ ਆ ਜਾਣਗੇ।’

Advertisement

ਕੇਜਰੀਵਾਲ ਨੇ 2014 ਵਾਲਾ ਪੈਂਤੜਾ ਅਪਣਾਇਆ

ਨਵੀਂ ਦਿੱਲੀ (ਅਦਿਤੀ ਟੰਡਨ): ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ 48 ਘੰਟਿਆਂ ਅੰਦਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਹ ਅਜਿਹੀ ਖੇਡ ਪਹਿਲੀ ਵਾਰ ਨਹੀਂ ਖੇਡ ਰਹੇ। ਇਸ ਤੋਂ ਪਹਿਲਾਂ 28 ਦਸੰਬਰ 2013 ’ਚ ਪਹਿਲੀ ਵਾਰ ‘ਆਪ’ ਦੀ ਸਰਕਾਰ ਬਣਨ ਮਗਰੋਂ ਕੇਜਰੀਵਾਲ ਨੇ 49 ਦਿਨ ਬਾਅਦ ਹੀ 14 ਫਰਵਰੀ 2014 ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਸਮਾਂ ਵੱਖਰਾ ਸੀ। ਸਮਾਜਕ ਕਾਰਕੁਨ ਅੰਨਾ ਹਜ਼ਾਰੇ ਦੇ 2011 ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ’ਚੋਂ ਉਭਰੇ ਕੇਜਰੀਵਾਲ ਉਸ ਸਮੇਂ ਨੈਤਿਕ ਲਹਿਰ ’ਤੇ ਸਵਾਰ ਸਨ ਜਦੋਂ ਉਨ੍ਹਾਂ ਕਾਂਗਰਸ (ਜੋ ਦਿੱਲੀ ’ਚ ਉਨ੍ਹਾਂ ਦੀ ਸਰਕਾਰ ਦੀ ਹਮਾਇਤ ਕਰ ਰਹੀ ਸੀ) ਅਤੇ ਵਿਰੋਧੀ ਧਿਰ ਭਾਜਪਾ ਦੋਵਾਂ ਵੱਲੋਂ ਜਨ ਲੋਕਪਾਲ ਬਿੱਲ ਨੂੰ ਨਾਕਾਮ ਕਰਨ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ। ਇੱਕ ਦਹਾਕੇ ਬਾਅਦ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਉਸ ਸਮੇਂ ਭ੍ਰਿਸ਼ਟਾਚਾਰ ਵਿਰੋਧੀ ਯੋਧਾ ਰਹੇ ਕੇਜਰੀਵਾਲ ਅੱਜ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਆਪਣੇ ਸਿਖਰਲੇ ਸਲਾਹਕਾਰਾਂ ਨਾਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਜੂਝ ਰਹੇ ਹਨ। ਦੋਵੇਂ ਹਾਲਾਂਕਿ ਜ਼ਮਾਨਤ ’ਤੇ ਹਨ ਪਰ ਉਨ੍ਹਾਂ ਸਾਹਮਣੇ ਉਹ ਨੈਤਿਕ ਉਚਾਈ ਮੁੜ ਹਾਸਲ ਕਰਨ ਦੀ ਚੁਣੌਤੀ ਹੈ ਜਿਸ ਨੇ ਕਦੀ ‘ਆਪ’ ਨੂੰ ਵੱਖਰੇ ਮੁਕਾਮ ’ਤੇ ਖੜ੍ਹਾ ਕੀਤਾ ਸੀ।
ਬਦਲਦੇ ਹਾਲਾਤ ਦੇ ਬਾਵਜੂਦ ਅਬਜ਼ਰਵਰਾਂ ਦਾ ਮੰਨਣਾ ਹੈ ਕਿ ਅਸਤੀਫਾ ਉਨ੍ਹਾਂ ਹਾਲਤਾਂ ’ਚ ਕੇਜਰੀਵਾਲ ਵੱਲੋਂ ਲਿਆ ਗਿਆ ਸਭ ਤੋਂ ਅਕਲਮੰਦੀ ਵਾਲਾ ਫ਼ੈਸਲਾ ਹੈ ਜਦੋਂ ਸੁਪਰੀਮ ਕੋਰਟ ਨੇ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਸਾਰੇ ਪਰ ਕੱਟ ਦਿੱਤੇ ਸਨ।
ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਕਿਹਾ, ‘ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦਾ ਸਿਰਫ਼ ਨਾਂ ਦਾ ਮੁੱਖ ਮੰਤਰੀ ਬਣੇ ਰਹਿਣ ਨਾਲ ਕੀ ਲਾਭ ਹੁੰਦਾ? ਇਨ੍ਹਾਂ ਹਾਲਤਾਂ ’ਚ ਉਨ੍ਹਾਂ ਸਮਝਦਾਰੀ ਨਾਲ ਫ਼ੈਸਲਾ ਲਿਆ ਹੈ।’ ‘ਆਪ’ ਦੇ ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਦੇ ਇਸ ਕਦਮ ਨਾਲ ਪਾਰਟੀ ਨੂੰ ਹਮਦਰਦੀ ਮਿਲੇਗੀ।

ਕੇਜਰੀਵਾਲ ਨੇ ਜਜ਼ਬਾਤੀ ਚਾਲ ਚੱਲੀ ਹੈ: ਭਾਜਪਾ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਅੱਜ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੋ ਦਿਨ ਮਗਰੋਂ ਅਸਤੀਫਾ ਦੇਣ ਦਾ ਐਲਾਨ ਕਰਕੇ ਇੱਕ ‘ਜਜ਼ਬਾਤੀ ਚਾਲ’ ਚੱਲੀ ਹੈ। ਭਾਜਪਾ ਦੇ ਕੌਮੀ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਦਾਅਵਾ ਕੀਤਾ, ‘ਉਹ ਅਸਤੀਫੇ ਦਾ ਨਾਟਕ ਇਸ ਲਈ ਕਰ ਰਹੇ ਹਨ ਕਿਉਂਕਿ ਅਦਾਲਤ ਨੇ ਉਨ੍ਹਾਂ ਨੂੰ (ਆਬਕਾਰੀ ਨੀਤੀ ਘੁਟਾਲਾ) ਕੇਸ ’ਚ ਬਰੀ ਨਹੀਂ ਕੀਤਾ ਬਲਕਿ ਉਨ੍ਹਾਂ ਨੂੰ ਸ਼ਰਤਾਂ ਸਮੇਤ ਜ਼ਮਾਨਤ ਦਿੱਤੀ ਹੈ ਜਿਸ ਨਾਲ ਮੁੱਖ ਮੰਤਰੀ ਸਿਰਫ਼ ਨਾਂ ਦੇ ਮੁੱਖ ਮੰਤਰੀ ਬਣ ਗਏ।’ ਉਨ੍ਹਾਂ ਕੇਜਰੀਵਾਲ ਦੇ ਕਦਮ ਨੂੰ ਪੀਆਰ ਸਟੰਟ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਕੇਜਰੀਵਾਲ ਦਾ ਐਲਾਨ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣ ਦੀ ਯੋਜਨਾ ਦਾ ਹਿੱਸਾ ਹੈ। ਉਨ੍ਹਾਂ ਕਿਹਾ, ‘ਅਰਵਿੰਦ ਕੇਜਰੀਵਾਲ ਨੇ ਆਫ਼ਤ ’ਚ ਲਾਭ ਲੱਭਣ ’ਚ ਪੀਐੱਚਡੀ ਕੀਤੀ ਹੈ।’ ਇਸੇ ਤਰ੍ਹਾਂ ਭਾਜਪਾ ਦੇ ਕੌਮੀ ਤਰਜਮਾਨ ਸੁਧਾਂਸ਼ੂ ਤ੍ਰਿਵੇਦੀ ਨੇ ਕੇਜਰੀਵਾਲ ਦੇ ਐਲਾਨ ਨੂੰ ‘ਅਪਰਾਧ ਦਾ ਕਬੂਲਨਾਮਾ’ ਕਰਾਰ ਦਿੱਤਾ ਅਤੇ ਕਿਹਾ ਕਿ ਕੀ ਉਨ੍ਹਾਂ ਪਾਰਟੀ ਅੰਦਰਲੇ ਕਲੇਸ਼ ਕਾਰਨ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਭਾਜਪਾ ਦੇ ਹੈੱਡਕੁਆਰਟਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਜਦੋਂ ਅਰਵਿੰਦ ਕੇਜਰੀਵਾਲ ਅਸਤੀਫੇ ਦੀ ਗੱਲ ਕਰਦੇ ਹਨ ਤਾਂ ਇਹ ਉਨ੍ਹਾਂ ਦੇ ਅਪਰਾਧ ਦਾ ਕਬੂਲਨਾਮਾ ਬਣ ਜਾਂਦਾ ਹੈ। ਉਨ੍ਹਾਂ ਮੰਨ ਲਿਆ ਹੈ ਕਿ ਉਨ੍ਹਾਂ ’ਤੇ ਲਾਏ ਗਏ ਦੋਸ਼ ਅਜਿਹੇ ਹਨ ਕਿ ਉਹ ਮੁੱਖ ਮੰਤਰੀ ਦੇ ਅਹੁਦੇ ’ਤੇ ਨਹੀਂ ਬਣੇ ਰਹਿ ਸਕਦੇ।’ ਉਨ੍ਹਾਂ ਕਿਹਾ, ‘ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਆਉਣ ਮਗਰੋਂ ਉਨ੍ਹਾਂ ਦਾ ਅਸਤੀਫਾ ਦੇਣ ਦੀ ਗੱਲ ਕਰਨਾ ਅਤੇ ਦਿੱਲੀ ’ਚ ਜਲਦੀ ਚੋਣਾਂ ਕਰਾਉਣ ਦੀ ਮੰਗ ਕਰਨਾ ਸ਼ੱਕ ਪੈਦਾ ਕਰਦਾ ਹੈ।’ ਇਸੇ ਤਰ੍ਹਾਂ ਭਾਜਪਾ ਦੀ ਕੌਮੀ ਤਰਜਮਾਨ ਸ਼ਾਜ਼ੀਆ ਇਲਮੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ‘ਹਮਦਰਦੀ ਕਾਰਡ ਖੇਡਣ ਦੀ ਕੋਸ਼ਿਸ਼’ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਲੰਮਾ ਸਮਾਂ ਜੇਲ੍ਹ ’ਚ ਰਹਿਣਾ ਪਵੇਗਾ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਕਾਰਨ ਕੇਜਰੀਵਾਲ ਦਾ ਅਸਤੀਫਾ ਲਾਜ਼ਮੀ ਸੀ। ਸਿਰਸਾ ਨੇ ਕੇਜਰੀਵਾਲ ਉੱਤੇ ਆਪਣੀ ਪਤਨੀ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸ਼ਰਾਬ ਘੁਟਾਲੇ ਕਾਰਨ ਉਸ ਨੂੰ ਆਪਣਾ ਅਹੁਦਾ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

Advertisement
Author Image

sukhwinder singh

View all posts

Advertisement