ਆਯੁਰਵੈਦਿਕ ਕਾਲਜਾਂ ਦੇ ਸਟਾਫ਼ ਨੂੰ ਰੈਗੂਲਰ ਕਰਾਂਗੇ: ਡਾ. ਬਲਬੀਰ
ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਜੁਲਾਈ
ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ, ਸਿਹਤ ਤੇ ਪਰਿਵਾਰ ਭਲਾਈ ਵਿਭਾਗਾਂ ਦੇ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੇ ਸਰਕਾਰੀ ਮੈਡੀਕਲ, ਡੈਂਟਲ ਅਤੇ ਆਯੁਰਵੈਦਿਕ ਕਾਲਜਾਂ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਐਲਾਨ ਕੀਤਾ ਕਿ ਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮ ਆਫ ਮੈਡੀਸਨ ਵੱਲੋਂ ਭਾਵੇਂ ਆਯੁਰਵੈਦਿਕ ਕਾਲਜ ਬੰਦ ਕਰਨ ਲਈ ਆਖਿਆ ਗਿਆ ਸੀ ਪਰ ਪੰਜਾਬ ਸਰਕਾਰ ਨਾ ਸਿਰਫ ਇਸ ਨੂੰ ਚਾਲੂ ਰੱਖਣ, ਸਗੋਂ ਇਸ ਦੇ ਸਟਾਫ਼ ਨੂੰ ਰੈਗੂਲਰ ਅਤੇ ਪਦਉਨਤ ਕਰਨ ਸਮੇਤ ਇੱਥੇ ਫਾਰਮੇਸੀ ਅਤੇ ਹਸਪਤਾਲ ਵਾਲੀਆਂ ਸਹੂਲਤਾਂ ਵੀ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਸਾਲਾਂ ਤੋਂ ਅਣਗੌਲੇ ਇਸ ਅਦਾਰੇ ਨੂੰ ਮੁੜ ਸੁਰਜੀਤ ਕਰਨ ਲਈ ਸਟਾਫ਼ ਦੀ ਰੈਗੂਲਰ ਭਰਤੀ ਸਮੇਤ ਹਸਪਤਾਲ ਤੇ ਫਾਰਮੇਸੀ ਸ਼ੁਰੂ ਕਰਨ ਦਾ ਫੈਸਲਾ ਆਪਣੇ ਆਪ ’ਚ ਵੱਡੀ ਕਾਰਵਾਈ ਹੈ। ਤਿੰਨ ਮਹੀਨੇ ਵਿੱਚ ਕਾਲਜ ਦੀ ਕਾਰਜਪ੍ਰਣਾਲੀ ਅੰਦਰ ਵੱਡੇ ਸੁਧਾਰ ਕੀਤੇ ਜਾਣਗੇ। ਇਸ ਤੋਂ ਪਹਿਲਾਂ ਉਨ੍ਹਾਂ ਸਰਕਾਰੀ ਮੈਡੀਕਲ ਕਾਲਜ ਨੂੰ ਦੇਸ਼ ਦੇ ਮੋਹਰੀ ਮੈਡੀਕਲ ਕਾਲਜਾਂ ਦੀ ਸੂਚੀ ’ਚ ਸ਼ੁਮਾਰ ਕਰਨ ਲਈ ਬਣਾਈ ਯੋਜਨਾ ਨੂੰ ਅਮਲੀ ਰੂਪ ਦੇਣ ਸਬੰਧੀ ਉੱਚ ਪੱਧਰੀ ਬੈਠਕ ਕੀਤੀ। ਉਨ੍ਹਾਂ ਟਰੋਮਾ ਸੈਂਟਰ, ਸਟਾਫ਼ ਲਈ ਰਿਹਾਇਸ਼, ਵਿਦਿਆਰਥੀਆਂ ਲਈ ਹੋਸਟਲ, ਸਪੋਰਟਸ ਕੰਪਲੈਕਸ, ਲਾਂਡਰੀ ਪਲਾਂਟ ਲਈ ਜਲਦੀ ਕੰਮ ਸ਼ੁਰੂ ਕਰਨ ਦੀ ਤਾਕੀਦ ਵੀ ਕੀਤੀ। ਇਸ ਦੌਰਾਨ ਸਿਹਤ ਮੰਤਰੀ ਨੇ ਰਾਜਿੰਦਰਾ ਹਸਪਤਾਲ ਦੀਆਂ ਸਾਰੀਆਂ ਸੇਵਾਵਾਂ ਨੂੰ ਡਿਜੀਟਲ ਕਰਨ ਅਤੇ ਆਯੂਸ਼ਮਨ ਭਾਰਤ ਦੀ ਸਹੂਲਤ ਹਫ਼ਤੇ ਦੇ ਸਾਰੇ ਦਿਨ 24 ਘੰਟੇ ਦੇਣ ਦੇ ਨਿਰਦੇਸ਼ ਵੀ ਦਿੱਤੇ।