ਕੌਮੀ ਰਾਜਧਾਨੀ ਵਿੱਚ ਕਾਂਗਰਸ ਨੂੰ ਮੁੜ ਪੈਰਾਂ ਸਿਰ ਕਰਾਂਗੇ: ਲਵਲੀ
ਪੀਟੀਆਈ/ ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਸਤੰਬਰ
ਅਰਵਿੰਦਰ ਸਿੰਘ ਲਵਲੀ ਨੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਰਸਮੀ ਤੌਰ ’ਤੇ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਪਾਰਟੀ ਨੂੰ ਮੁੜ ਸੁਰਜੀਤ ਕਰਨਾ ਅਤੇ ਇਸ ਦੇ ਜਥੇਬੰਦਕ ਢਾਂਚੇ ਨੂੰ ਠੀਕ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਦੱਸਣਯੋਗ ਹੈ ਕਤਿ ਲਵਲੀ ਪਹਿਲੀ ਵਾਰ ਸਾਲ 1998 ਵਿੱਚ ਗਾਂਧੀ ਨਾਹਰ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਸ਼ੀਲਾ ਦੀਕਸ਼ਿਤ ਨਾਲ ਨੇੜਿਓਂ ਕੰਮ ਕੀਤਾ। ਉਹ ਦਿੱਲੀ ਵਿੱਚ ਕਾਂਗਰਸ ਦੇ ਸ਼ਾਸਨ ਦੌਰਾਨ ਟਰਾਂਸਪੋਰਟ, ਸਿੱਖਿਆ, ਸ਼ਹਿਰੀ ਵਿਕਾਸ ਅਤੇ ਮਾਲ ਮੰਤਰੀ ਰਹਿ ਚੁੱਕੇ ਹਨ। ਉਹ ਪਹਿਲਾਂ ਵੀ ਦਿੱਲੀ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ। ਲਵਲੀ ਨੂੰ ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਪੂਰਬੀ ਦਿੱਲੀ ਹਲਕੇ ਤੋਂ ਭਾਜਪਾ ਦੇ ਗੌਤਮ ਗੰਭੀਰ ਅਤੇ ‘ਆਪ’ ਦੀ ਆਤਿਸ਼ੀ ਦੇ ਖ਼ਿਲਾਫ਼ ਮੈਦਾਨ ’ਚ ਉਤਾਰਿਆ ਗਿਆ ਸੀ। ਅਰਵਿੰਦਰ ਸਿੰਘ ਲਵਲੀ ਸਾਲ 2015 ਵਿੱਚ ਪਾਰਟੀ ਦੇ ਦਿੱਲੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ, ਹਾਲਾਂਕਿ ਵਾਪਸ ਆਉਣ ਤੋਂ ਪਹਿਲਾਂ ਸਿਰਫ ਨੌਂ ਮਹੀਨੇ ਹੀ ਭਾਜਪਾ ’ਚ ਰਹੇ ਸਨ। ਉਹ ਸ਼ੀਲਾ ਦੀਕਸ਼ਤ ਸਰਕਾਰ ’ਚ ਅਹਿਮ ਮੰਤਰੀ ਸਨ। ਇਸ ਮਹੀਨੇ ਦੇ ਸ਼ੁਰੂ ਵਿੱਚ ਪਾਰਟੀ ਦੀ ਸੂਬਾ ਇਕਾਈ ਦੇ ਮੁਖੀ ਵਜੋਂ ਦਿੱਲੀ ਦੇ ਸਾਬਕਾ ਮੰਤਰੀ ਨੇ ਪਹਿਲੀ ਸਤੰਬਰ ਨੂੰ ਅਹੁਦੇ ’ਤੇ ਵਾਪਸੀ ਕੀਤੀ ਅਤੇ ਰਾਊਜ ਐਵੇਨਿਊ ਸਥਿਤ ਦਿੱਲੀ ਕਾਂਗਰਸ ਦੇ ਮੁੱਖ ਦਫਤਰ ਵਿੱਚ ਕਰਵਾਏ ਇਕ ਸਮਾਗਮ ਵਿੱਚ ਰਸਮੀ ਤੌਰ ’ਤੇ ਚਾਰਜ ਸੰਭਾਲ ਲਿਆ।