ਡੈਮ ਮਾਮਲੇ ’ਤੇ ਆਪਣੇ ਹਿੱਤਾਂ ਦੀ ਰਾਖੀ ਕਰਾਂਗੇ: ਭਾਰਤ
ਨਵੀਂ ਦਿੱਲੀ, 3 ਜਨਵਰੀ
ਚੀਨ ਵੱਲੋਂ ਤਿੱਬਤ ’ਚ ਬ੍ਰਹਮਪੁਤਰ ਨਦੀ ’ਤੇ ਵੱਡਾ ਡੈਮ ਬਣਾਉਣ ਦੀ ਯੋਜਨਾ ਦਾ ਐਲਾਨ ਕਰਨ ਤੋਂ ਕੁਝ ਦਿਨ ਬਾਅਦ ਅੱਜ ਭਾਰਤ ਨੇ ਕਿਹਾ ਕਿ ਉਹ ਆਪਣੇ ਹਿੱਤਾਂ ਦੀ ਰਾਖੀ ਲਈ ਜ਼ਰੂਰੀ ਕਦਮ ਚੁੱਕੇਗਾ ਅਤੇ ਲਗਾਤਾਰ ਨਿਗਰਾਨੀ ਜਾਰੀ ਰੱਖੇਗਾ।
ਚੀਨ ਵੱਲੋਂ ਤਜਵੀਜ਼ ਕੀਤੇ ਬੰਨ੍ਹ ’ਤੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੰਦਿਆਂ ਨਵੀਂ ਦਿੱਲੀ ਨੇ ਪੇਈਚਿੰਗ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਪਰਲੇ ਖੇਤਰਾਂ ’ਚ ਗਤੀਵਿਧੀਆਂ ਨਾਲ ਬ੍ਰਹਮਪੁਤਰ ਦੇ ਹੇਠਲੇ ਰਾਜਾਂ ਦੇ ਹਿੱਤਾਂ ਨੂੰ ਨੁਕਸਾਨ ਨਾ ਪੁੱਜੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘ਅਸੀਂ ਲਗਾਤਾਰ ਨਿਗਰਾਨੀ ਰੱਖਾਂਗੇ ਅਤੇ ਆਪਣੇ ਹਿੱਤਾਂ ਦੀ ਰਾਖੀ ਲਈ ਜ਼ਰੂਰੀ ਕਦਮ ਚੁੱਕਾਂਗੇ।’ ਅਜਿਹੀਆਂ ਕਿਆਸਰਾਈਆਂ ਹਨ ਕਿ ਇਸ ਡੈਮ ਨਾਲ ਅਰੁਣਾਚਲ ਪ੍ਰਦੇਸ਼ ਦੇ ਨਾਲ ਨਾਲ ਅਸਾਮ ’ਤੇ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ, ‘ਨਦੀ ਦੇ ਪਾਣੀ ’ਤੇ ਸਥਾਪਤ ਵਰਤੋਂਕਾਰਾਂ ਦੇ ਅਧਿਕਾਰਾਂ ਦੇ ਨਾਲ ਇੱਕ ਹੇਠਲੇ ਰਿਪੇਰੀਅਨ ਰਾਜ ਵਜੋਂ ਅਸੀਂ ਮਾਹਿਰਾਂ ਦੇ ਪੱਧਰ ਦੇ ਨਾਲ ਨਾਲ ਕੂਟਨੀਤਕ ਚੈਨਲਾਂ ਰਾਹੀਂ ਆਪਣੇ ਖੇਤਰ ’ਚ ਨਦੀਆਂ ’ਤੇ ਵੱਡੇ ਪ੍ਰਾਜੈਕਟਾਂ ਬਾਰੇ ਚੀਨੀ ਧਿਰ ਕੋਲ ਆਪਣੇ ਵਿਚਾਰ ਤੇ ਚਿੰਤਾਵਾਂ ਲਗਾਤਾਰ ਜ਼ਾਹਿਰ ਕੀਤੀਆਂ ਹਨ।’ ਉਨ੍ਹਾਂ ਕਿਹਾ, ‘ਚੀਨੀ ਧਿਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਪਰਲੇ ਖੇਤਰਾਂ ’ਚ ਗਤੀਵਿਧੀਆਂ ਨਾਲ ਬ੍ਰਹਮਪੁਤਰ ਦੇ ਹੇਠਲੇ ਰਾਜਾਂ ਦੇ ਹਿੱਤਾਂ ਨੂੰ ਨੁਕਸਾਨ ਨਾ ਪੁੱਜੇ।’ ਜ਼ਿਕਰਯੋਗ ਹੈ ਕਿ ਚੀਨ ਨੇ ਬੀਤੇ ਸਾਲ 25 ਦਸੰਬਰ ਨੂੰ ਤਿੱਬਤ ’ਚ ਭਾਰਤ ਨਾਲ ਲਗਦੀ ਸਰਹੱਦ ਨੇੜੇ ਬ੍ਰਹਮਪੁਤਰ ਨਦੀ ’ਤੇ ਦੁਨੀਆ ਦਾ ਸਭ ਤੋਂ ਵੱਡਾ ਬੰਨ੍ਹ ਬਣਾਉਣ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਸੀ। ਇਸ ਪ੍ਰਾਜੈਕਟ ’ਤੇ 137 ਅਰਬ ਅਮਰੀਕੀ ਡਾਲਰ ਦੀ ਲਾਗਤ ਆਉਣ ਦਾ ਅਨੁਮਾਨ ਹੈ। ਇਸ ਬੰਨ੍ਹ ਸਬੰਧੀ ਚੀਨ ਦੇ ਐਲਾਨ ਨਾਲ ਭਾਰਤ ਤੇ ਬੰਗਲਾਦੇਸ਼ ਲਈ ਚਿੰਤਾ ਪੈਦਾ ਹੋ ਗਈ ਹੈ। -ਪੀਟੀਆਈ