For the best experience, open
https://m.punjabitribuneonline.com
on your mobile browser.
Advertisement

ਸੰਸਦ ਮੈਂਬਰ ਬਣਨ ’ਤੇ ਖੇਡਾਂਂ ਨੂੰ ਉਤਸ਼ਾਹਿਤ ਕਰਾਂਗਾ: ਸ਼ਰਮਾ

06:07 AM Apr 28, 2024 IST
ਸੰਸਦ ਮੈਂਬਰ ਬਣਨ ’ਤੇ ਖੇਡਾਂਂ ਨੂੰ ਉਤਸ਼ਾਹਿਤ ਕਰਾਂਗਾ  ਸ਼ਰਮਾ
ਐੱਸਓਆਈ ਦੇ ਕਾਰਕੁਨਾਂ ਨਾਲ ਮੀਟਿੰਗ ਕਰਦੇ ਹੋਏ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ। ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 27 ਅਪਰੈਲ
ਅਕਾਲੀ ਦਲ ਦੇ ਵਿਦਿਆਰਥੀ ਵਿੰਗ ‘ਐੱਸਓਆਈ’ ਦੇ ਅਹੁਦੇਦਾਰਾਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਪਟਿਆਲਾ ਲੋਕ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਐਨ.ਕੇ. ਸ਼ਰਮਾ ਨੇ ਨੌਜਵਾਨਾਂ ਨੂੰ ਇੱਕਜੁੱਟ ਹੋ ਕੇ ਅਕਾਲੀ ਦਲ ਦੇ ਹੱਕ ਵਿੱਚ ਪ੍ਰਚਾਰ ਕਰਨ ਦਾ ਸੱਦਾ ਦਿੱਤਾ।
ਸ਼ਰਮਾ ਨੇ ਕਿਹਾ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਉਹ ਖੇਡਾਂ ਅਤੇ ਯੁਵਾ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਗੇ। ਉਨ੍ਹਾਂ ਕਿਹਾ ਕਿ ਨੌਜਵਾਨ ਚਾਹੁਣ ਤਾਂ ਕਿਸੇ ਵੀ ਮੁਹਿੰਮ ਨੂੰ ਨਵਾਂ ਮੋੜ ਦੇ ਸਕਦੇ ਹਨ। ਪੰਜਾਬ ਵਿੱਚ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਲਈ ਕਈ ਵਿਕਾਸ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਵਿਧਾਨ ਸਭਾ ਹਲਕੇ ਡੇਰਾਬੱਸੀ ਵਿੱਚ ‘ਚਾਰ ਵਜੇ ਦੌੜ ਲਗਾਓ ਅਤੇ ਪੰਜ ਲੱਖ ਰੁਪਏ ਇਨਾਮ ਪਾਓ’ ਸਕੀਮ ਸ਼ੁਰੂ ਕੀਤੀ ਸੀ। ਇਸ ਸਕੀਮ ਨਾਲ ਜੁੜ ਕੇ ਡੇਰਾਬੱਸੀ ਇਲਾਕੇ ਦੇ ਹਜ਼ਾਰਾਂ ਨੌਜਵਾਨਾਂ ਨੇ ਆਪਣੇ-ਆਪਣੇ ਪਿੰਡਾਂ ਵਿੱਚ ਖੇਡਾਂ ਦਾ ਸਾਮਾਨ ਲਿਆ ਅਤੇ ਲੱਖਾਂ ਰੁਪਏ ਦੀ ਲਾਗਤ ਨਾਲ ਖੇਡਾਂ ਦੇ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਹੈ। ਸ਼ਰਮਾ ਨੇ ਕਿਹਾ ਕਿ ਪਟਿਆਲਾ ਲੋਕ ਸਭਾ ਹਲਕੇ ਦੀ ਚੋਣ ਜਿੱਤਣ ਤੋਂ ਬਾਅਦ ਪੂਰੇ ਲੋਕ ਸਭਾ ਹਲਕੇ ਵਿੱਚ ਨੌਜਵਾਨਾਂ ਲਈ ਇਹ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਐਸਓਆਈ ਦੇ ਅਹੁਦੇਦਾਰਾਂ ਨੂੰ ਸੱਦਾ ਦਿੱਤਾ ਕਿ ਉਹ ਟੀਮਾਂ ਬਣਾ ਕੇ ਹਲਕੇ ਵਿੱਚ ਪ੍ਰਚਾਰ ਕਰਨ। ‘ਇੱਕ ਬੂਥ-ਦਸ ਯੂਥ_ ਦਾ ਨਾਅਰਾ ਦਿੰਦਿਆਂ, ਉਨ੍ਹਾਂ ਕਿਹਾ ਕਿ ਇੱਕ-ਇੱਕ ਬੂਥ ਦਸ-ਦਸ ਨੌਜਵਾਨ ਸੰਭਾਲਣ ਅਤੇ ਚੋਣਾਂ ਤੱਕ ਮਾਈਕ੍ਰੋ ਮੈਨੇਜਮੈਂਟ ਰਾਹੀਂ ਪ੍ਰਚਾਰ ਕਰਨ। ਇਸ ਮੌਕੇ ਐੱਸਓਆਈ ਦੇ ਆਗੂ ਹਰਪ੍ਰੀਤ ਸਿੰਘ, ਜੈਲਦਾਰ ਸਹਿਜ ਸਿੰਘ, ਦਿਲਪ੍ਰੀਤ ਸਿੰਘ, ਧਰਮਪ੍ਰੀਤ ਸਿੰਘ, ਸੁਖਮਨਜੀਤ ਸਿੰਘ, ਸਤਨਾਮ ਸਿੰਘ, ਸਿਮਰਪ੍ਰੀਤ ਸਿੰਘ ਤੇ ਹਰਸ਼ਿਤ ਕੁਮਾਰ ਆਦਿ ਵੀ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×