For the best experience, open
https://m.punjabitribuneonline.com
on your mobile browser.
Advertisement

ਜੰਮੂ ਕਸ਼ਮੀਰ ਦਾ ਰਾਜ ਵਜੋਂ ਦਰਜਾ ਬਹਾਲ ਕਰਨ ਬਾਰੇ ਮਤਾ ਪਾਸ ਕਰਾਂਗੇ: ਉਮਰ

07:23 AM Oct 10, 2024 IST
ਜੰਮੂ ਕਸ਼ਮੀਰ ਦਾ ਰਾਜ ਵਜੋਂ ਦਰਜਾ ਬਹਾਲ ਕਰਨ ਬਾਰੇ ਮਤਾ ਪਾਸ ਕਰਾਂਗੇ  ਉਮਰ
ਜੰਮੂ ਕਸ਼ਮੀਰ ਕਾਂਗਰਸ ਦੇ ਪ੍ਰਧਾਨ ਤਾਰਿਕ ਹਮੀਦ ਕਾਰਾ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਤੇ ਉਮਰ ਅਬਦੁੱਲਾ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ
Advertisement

ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲ੍ਹਾ ਨੇ ਅੱਜ ਕਿਹਾ ਕਿ ਨੈਸ਼ਨਲ ਕਾਨਫਰੰਸ-ਕਾਂਗਰਸ ਸਰਕਾਰ ਆਪਣੀ ਪਹਿਲੀ ਕੈਬਨਿਟ ਮੀਟਿੰਗ ’ਚ ਜੰਮੂ ਕਸ਼ਮੀਰ ਦਾ ਰਾਜ ਵਜੋਂ ਦਰਜਾ ਬਹਾਲ ਕਰਨ ਦੀ ਮੰਗ ਵਾਲਾ ਮਤਾ ਪਾਸ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਧਾਰਾ 370 ਖੋਹੀ, ਉਨ੍ਹਾਂ ਤੋਂ ਇਸ ਦੀ ਬਹਾਲੀ ਦੀ ਆਸ ਰੱਖਣੀ ਮੂਰਖਤਾ ਹੋਵੇਗੀ ਪਰ ਉਨ੍ਹਾਂ ਦੀ ਪਾਰਟੀ ਇਸ ਮੁੱਦੇ ਨੂੰ ਜਿਊਂਦਾ ਰੱਖੇਗੀ ਤੇ ਇਸ ਨੂੰ ਉਠਾਉਂਦੀ ਰਹੇਗੀ। ਅਬਦੁੱਲ੍ਹਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਮੈਨੂੰ ਆਸ ਹੈ ਕਿ ਸਰਕਾਰ ਬਣਨ ਬਾਅਦ ਪਹਿਲੀ ਮੀਟਿੰਗ ’ਚ ਮੰਤਰੀ ਮੰਡਲ ਸੂਬੇ ਦਾ ਰਾਜ ਵਜੋਂ ਦਰਜਾ ਬਹਾਲ ਕਰਨ ਲਈ ਕੇਂਦਰ ’ਤੇ ਦਬਾਅ ਪਾਉਣ ਵਾਸਤੇ ਮਤਾ ਪਾਸ ਕਰੇਗਾ। ਇਸ ਮਗਰੋਂ ਸਰਕਾਰ ਇਹ ਮਤਾ ਪ੍ਰਧਾਨ ਮੰਤਰੀ ਕੋਲ ਭੇਜੇਗੀ।’ ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਦਿੱਲੀ ਦੇ ਉਲਟ ਜੰਮੂ ਕਸ਼ਮੀਰ ’ਚ ਸਰਕਾਰ ਵਧੇਰੇ ਚੰਗੇ ਢੰਗ ਨਾਲ ਕੰਮ ਕਰ ਸਕੇਗੀ। ਇਹ ਪੁੱਛੇ ਜਾਣ ’ਤੇ ਕਿ ਜੰਮੂ ਕਸ਼ਮੀਰ ਸਰਕਾਰ ਤੇ ਕੇਂਦਰ ਵਿਚਾਲੇ ਤਾਲਮੇਲ ਕਿੰਨਾ ਜ਼ਰੂਰੀ ਹੈ, ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਨਾਲ ਟਕਰਾਓ ਲੈ ਕੇ ਕੁਝ ਹਾਸਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ, ‘ਪਹਿਲਾਂ ਸਰਕਾਰ ਬਣਨ ਦਿਉ। ਇਹ ਸਵਾਲ ਮੁੱਖ ਮੰਤਰੀ ਤੋਂ ਪੁੱਛਿਆ ਜਾਣਾ ਚਾਹੀਦਾ ਹੈ। ਨਵੀਂ ਦਿੱਲੀ ਨਾਲ ਸੁਹਿਰਦਤਾ ਵਾਲੇ ਸਬੰਧ ਹੋਣੇ ਚਾਹੀਦੇ ਹਨ। ਮੇਰੀ ਉਨ੍ਹਾਂ (ਮੁੱਖ ਮੰਤਰੀ) ਨੂੰ ਸਲਾਹ ਹੋਵੇਗੀ ਕਿ ਅਸੀਂ ਕੇਂਦਰ ਨਾਲ ਟਕਰਾਓ ਵਿੱਚ ਪੈ ਕੇ ਕਿਸੇ ਵੀ ਮੁੱਦੇ ਦਾ ਹੱਲ ਨਹੀਂ ਕਰ ਸਕਦੇ।’ ਉਨ੍ਹਾਂ ਕਿਹਾ ਕਿ ਨੈਸ਼ਨਲ ਕਾਨਫਰੰਸ ਸਰਕਾਰ ਗਠਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਭਲਕੇ ਵਿਧਾਇਕ ਦਲ ਦੀ ਮੀਟਿੰਗ ਸੱਦੇਗੀ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਅਗਲੇ ਕੁਝ ਦਿਨਾਂ ’ਚ ਨਵੀਂ ਸਰਕਾਰ ਬਣ ਜਾਵੇਗੀ। ਪੀਡੀਪੀ ਦੇ ਗੱਠਜੋੜ ਸਰਕਾਰ ਦਾ ਹਿੱਸਾ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਹਾਲੇ ਤੱਕ ਇਸ ’ਤੇ ਕੋਈ ਚਰਚਾ ਨਹੀਂ ਹੋਈ ਹੈ। -ਪੀਟੀਆਈ

Advertisement

ਜੰਮੂ ਕਸ਼ਮੀਰ ਵਿਚਾਲੇ ਮਤਭੇਦ ਘਟਾਉਣਾ ਸਾਡਾ ਟੀਚਾ: ਫਾਰੂਕ

ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ’ਚ ਨੈਸ਼ਨਲ ਕਾਨਫਰੰਸ-ਕਾਂਗਰਸ ਸਰਕਾਰ ਦਾ ਟੀਚਾ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਦੋਵਾਂ ਖੇਤਰਾਂ ਵਿਚਾਲੇ ਮਤਭੇਦ ਘਟਾਉਣਾ ਅਤੇ ਹਿੰਦੂਆਂ ’ਚ ਭਰੋਸਾ ਪੈਦਾ ਕਰਨਾ ਹੋਵੇਗਾ। ਉਨ੍ਹਾਂ ਕਿਹਾ, ‘ਸਾਨੂੰ ਜੰਮੂ ਕਸ਼ਮੀਰ ਵਿਚਾਲੇ ਪੈਦਾ ਹੋਏ ਵਖਰੇਵਿਆਂ ਨੂੰ ਘਟਾਉਣਾ ਪਵੇਗਾ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਹ (ਜੰਮੂ) ਦੇ ਹਿੰਦੂਆਂ ਨੂੰ ਸਾਡੇ ’ਤੇ ਇਹ ਭਰੋਸਾ ਹੋਵੇ ਕਿ ਅਸੀਂ ਉਨ੍ਹਾਂ ਬਾਰੇ ਉਸੇ ਤਰ੍ਹਾਂ ਸੋਚਾਂਗੇ ਜਿਵੇਂ ਕਸ਼ਮੀਰ ਬਾਰੇ ਸੋਚਦੇ ਹਾਂ।’ -ਪੀਟੀਆਈ

Advertisement

Advertisement
Author Image

Advertisement