ਨਵੀਆਂ ਪੰਚਾਇਤਾਂ ਨੂੰ ਪੈਸੇ ਦੀ ਘਾਟ ਨਹੀਂ ਆਉਣ ਦਿਆਂਗੇ: ਭੱਲਾ
ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 17 ਅਕਤੂਬਰ
ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਚੇਅਰਮੈਨ ਅਤੇ ਹਲਕਾ ਇੰਚਾਰਜ ਜਤਿੰਦਰ ਸਿੰਘ ਭੱਲਾ ਨੇ ਹਲਕੇ ਦੀਆਂ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦੇ ਪੰਚਾਂ-ਸਰਪੰਚਾਂ ਨਾਲ ਰੱਖੇ ਮਿਲਣੀ ਅਤੇ ਸਨਮਾਨ ਸਮਾਰੋਹ ਦੌਰਾਨ ਆਖਿਆ ਕਿ ਹਲਕਾ ਦਿਹਾਤੀ ਦੀਆਂ 64 ਵਿੱਚੋਂ 57 ਪੰਚਾਇਤਾਂ ਆਮ ਆਦਮੀ ਪਾਰਟੀ ਦੇ ਵਰਕਰ ਜਿੱਤੇ ਹਨ। ਉਨ੍ਹਾਂ ਨਵੇਂ ਬਣੇ ਪੰਚਾਂ ਸਰਪੰਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮੂਹ ਚੁਣੇ ਹੋਏ ਪੰਚ-ਸਰਪੰਚ ਇਲਾਕੇ ’ਚ ਚੋਣਾਂ ਸ਼ਾਂਤੀ ਪੂਰਵਕ ਅਤੇ ਇਮਾਨਦਾਰੀ ਨਾਲ ਨੇਪਰੇ ਚਾੜ੍ਹਨ ਲਈ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਉਹ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਕਰਨ ਅਤੇ ਵਿਕਾਸ ਕਾਰਜਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਲਕਾ ਦਿਹਾਤੀ ਦੇ ਪਿੰਡਾਂ ਵਿੱਚ ਪਿਛਲੇ ਦੋ ਮਹੀਨਿਆਂ ਦੌਰਾਨ ਬੇਮਿਸਾਲ ਕੰਮ ਕੀਤੇ ਗਏ ਹਨ। ਹੁਣ ਨਵੀਆਂ ਪੰਚਾਇਤਾਂ ਨੂੰ ਵੀ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪੰਚਾਇਤਾਂ ਲੋਕਤੰਤਰ ਦੀ ਮੁੱਢਲੀ ਇਕਾਈ ਹੁੰਦੀਆਂ ਹਨ ਅਤੇ ਇੱਥੋਂ ਹੀ ਉੱਠ ਕੇ ਵੱਡੇ ਵੱਡੇ ਲੀਡਰ ਪੈਦਾ ਹੁੰਦੇ ਹਨ। ਉਨ੍ਹਾਂ ਪਿੰਡਾਂ ਦੇ ਪੰਚਾਂ-ਸਰਪੰਚਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਦਰਵਾਜ਼ੇ ਸਾਰਿਆਂ ਲਈ ਹਮੇਸ਼ਾ ਖੁੱਲ੍ਹੇ ਹਨ ਅਤੇ ਕੋਈ ਵੀ ਜਾਇਜ਼ ਕੰਮ ਲੈ ਕੇ ਆਵੇਗਾ ਉਹ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਇਸ ਮੌਕੇ ਚੇਅਰਮੈਨ ਰਾਕੇਸ਼ ਪੁਰੀ, ਬੀਡੀਪੀਓ ਸੰਗਤ ਗੁਰਸਿਮਰਨ ਸਿੰਘ ਗਿੱਲ ਤੇ ਨਵੀਆਂ ਚੁਣੀਆਂ ਹੋਈਆਂ ਪੰਚਾਇਤਾਂ ਦੇ ਨੁਮਾਇੰਦੇ ਹਾਜ਼ਰ ਸਨ।