ਰਾਈਸ ਮਿੱਲਰਾਂ ਨੂੰ ਦਿੱਕਤ ਨਹੀਂ ਆਉਣ ਦੇਵਾਂਗੇ: ਗਰਗ
ਪੱਤਰ ਪ੍ਰੇਰਕ
ਬਠਿੰਡਾ, 18 ਅਗਸਤ
ਖ਼ੁਰਾਕ ਸਪਲਾਈ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਵਿਕਾਸ ਗਰਗ ਨੇ ਮਾਲਵੇ ਦੇ ਬਠਿੰਡਾ, ਮਾਨਸਾ, ਫ਼ਿਰੋਜ਼ਪੁਰ, ਫ਼ਰੀਦਕੋਟ, ਫ਼ਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਰਾਈਸ ਮਿੱਲਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਰਾਈਸ ਮਿੱਲਰਾਂ ਨੂੰ ਬੀਤੇ ਵਰ੍ਹੇ ਜਿਸ ਕਿਸਮ ਦੀ ਵੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਉਹ ਭਵਿੱਖ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਖ਼ੁਰਾਕ ਸਪਲਾਈ ਵਿਭਾਗ ਦੇ ਡਾਇਰੈਕਟਰ ਪੁਨੀਤ ਗੋਇਲ, ਵਧੀਕ ਡਾਇਰੈਕਟਰ ਅਜੈਬੀਰ ਸਿੰਘ ਸਰਾਓ ਅਤੇ ਐੱਸਡੀਐੱਮ ਬਠਿੰਡਾ ਇਨਾਯਤ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਇਸ ਮੌਕੇ ਪ੍ਰਿੰਸੀਪਲ ਸੈਕਟਰੀ ਵਿਕਾਸ ਗਰਗ ਨੇ ਰਾਈਸ ਮਿੱਲਰਾਂ ਨੂੰ ਕਿਹਾ ਕਿ ਹਰ ਸਾਲ ਨਵੀਂ ਬਣਨ ਵਾਲੀ ਕਸਟਮ ਮਿਲਿੰਗ ਨੀਤੀ ’ਚ ਸੁਧਾਰ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਰਾਈਸ ਮਿੱਲਰਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਨਾਲ ਵਿਸ਼ੇਸ਼ ਮੀਟਿੰਗ ਕਰ ਕੇ ਉਨ੍ਹਾਂ ਦੀਆਂ ਜਾਇਜ਼ ਸਮੱਸਿਆਵਾਂ ਦਾ ਹਰ ਸੰਭਵ ਹੱਲ ਕੱਢਿਆ ਜਾਵੇਗਾ।
ਇਸ ਤੋਂ ਪਹਿਲਾਂ ਪ੍ਰਿੰਸੀਪਲ ਸੈਕਟਰੀ ਨੇ ਰਾਈਸ ਮਿੱਲਰਾਂ ਦੇ ਸੁਝਾਅ ਲ਼ਏ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਰਾਈਸ ਮਿੱਲਰਾਂ ਨੂੰ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਦਿੱਤਾ ਜਾਵੇ।
ਇਸ ਮੌਕੇ ਖ਼ੁਰਾਕ ਸਿਵਲ ਤੇ ਸਪਲਾਈ ਕੰਟਰੋਲਰ ਰੂਪਪ੍ਰੀਤ, ਸਹਾਇਕ ਸਿਵਲ ਤੇ ਸਪਲਾਈ ਕੰਟਰੋਲਰ ਅਫ਼ਸਰ ਹਰਸ਼ਿਤ ਮਹਿਤਾ, ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਮਾਨਸਾ ਤੇ ਫ਼ਰੀਦਕੋਟ ਆਦਿ ਜ਼ਿਲ੍ਹਿਆਂ ਦੇ ਡੀਐਫਐਸਸੀਜ਼, ਜ਼ਿਲ੍ਹਾ ਮੈਨੇਜਰ ਪਨਸਪ, ਵੇਅਰਹਾਊਸ, ਮਾਰਕਫੈੱਡ ਤੇ ਰਾਈਸ ਮਿੱਲਰ ਆਦਿ ਹਾਜ਼ਰ ਸਨ।