For the best experience, open
https://m.punjabitribuneonline.com
on your mobile browser.
Advertisement

ਸਰਕਾਰ ਨਾਲ ਕੋਈ ਸਮਝੌਤਾ ਨਹੀਂ ਕਰਾਂਗਾ: ਇਮਰਾਨ

07:05 AM Sep 09, 2024 IST
ਸਰਕਾਰ ਨਾਲ ਕੋਈ ਸਮਝੌਤਾ ਨਹੀਂ ਕਰਾਂਗਾ  ਇਮਰਾਨ
Advertisement

ਲਾਹੌਰ, 8 ਸਤੰਬਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਐਤਵਾਰ ਨੂੰ ਜੇਲ੍ਹ ’ਚ 400 ਦਿਨ ਮੁਕੰਮਲ ਹੋ ਗਏ। ਉਨ੍ਹਾਂ ਅਹਿਦ ਲਿਆ ਹੈ ਕਿ ਉਹ ‘ਹਕੀਕੀ ਆਜ਼ਾਦੀ’ ਲਈ ਸੰਘਰਸ਼ ਜਾਰੀ ਰਖਦਿਆਂ ਸਰਕਾਰ ਨਾਲ ਕੋਈ ਸਮਝੌਤਾ ਨਹੀਂ ਕਰਨਗੇ ਅਤੇ ਪੂਰੀ ਜ਼ਿੰਦਗੀ ਜੇਲ੍ਹ ’ਚ ਰਹਿਣ ਲਈ ਤਿਆਰ ਹਨ। ਇਮਰਾਨ ਦੀ ਰਿਹਾਈ ਲਈ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਅੱਜ ਇਸਲਾਮਾਬਾਦ ’ਚ ਵੱਡੀ ਰੈਲੀ ਕੀਤੀ। ਇਮਰਾਨ ਨੂੰ ਪਿਛਲੇ ਸਾਲ 5 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਵੱਖ ਵੱਖ ਕੇਸਾਂ ’ਚ ਜੇਲ੍ਹ ਅੰਦਰ ਬੰਦ ਹਨ। ਮੰਤਰੀਆਂ ਦਾ ਕਹਿਣਾ ਹੈ ਕਿ ਇਮਰਾਨ ਦੀ ਆਜ਼ਾਦੀ ਉਸ ਵੱਲੋਂ ਦੰਗਿਆਂ ਲਈ ਬਿਨਾਂ ਸ਼ਰਤ ਮੁਆਫ਼ੀ ਮੰਗੇ ਜਾਣ ’ਤੇ ਨਿਰਭਰ ਹੈ। ਉਂਜ ਇਮਰਾਨ ਨੇ 9 ਮਈ ਦੀ ਹਿੰਸਾ ਦੀ ਜਾਂਚ ਲਈ ਨਿਆਂਇਕ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਅਸਗਰ ਗੁੱਜਰ ਨੇ ਕਿਹਾ ਕਿ ਪੂਰਾ ਮੁਲਕ ਇਮਰਾਨ ਖ਼ਾਨ ਨਾਲ ਖੜ੍ਹਾ ਹੈ ਅਤੇ ਉਹ ਛੇਤੀ ਹੀ ਜੇਲ੍ਹ ’ਚੋਂ ਬਾਹਰ ਆਉਣਗੇ। ਉਨ੍ਹਾਂ ਕਿਹਾ ਕਿ ਇਸਲਾਮਾਬਾਦ ਦੀ ਰੈਲੀ ਨੇ ‘ਫ਼ਰਜ਼ੀ ਸਰਕਾਰ’ ਦੀਆ ਅੱਖਾਂ ਖੋਲ੍ਹ ਦਿੱਤੀਆਂ ਹਨ ਅਤੇ ਹੁਣ ਇਮਰਾਨ ਨੂੰ ਲੰਬੇ ਸਮੇਂ ਤੱਕ ਜੇਲ੍ਹ ’ਚ ਨਹੀਂ ਡੱਕਿਆ ਜਾ ਸਕਦਾ ਹੈ। -ਪੀਟੀਆਈ

Advertisement

ਇਮਰਾਨ ਨੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਬਰੀ ਕਰਨ ਦੀ ਦਿੱਤੀ ਅਰਜ਼ੀ

ਇਸਲਾਮਾਬਾਦ: ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਹਤਸਾਬੀ ਅਦਾਲਤ ’ਚ ਅਰਜ਼ੀ ਦੇ ਕੇ 19 ਕਰੋੜ ਪੌਂਡ ਦੇ ਭ੍ਰਿਸ਼ਟਾਚਾਰ ਮਾਮਲੇ ’ਚ ਬਰੀ ਕਰਨ ਦੀ ਅਪੀਲ ਕੀਤੀ ਹੈ। ਇਮਰਾਨ ਨੇ ਅਰਜ਼ੀ ’ਚ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨਾਂ ’ਚ ਸੋਧ ਦਾ ਹਵਾਲਾ ਦਿੱਤਾ ਹੈ ਜਿਸ ਦੀ ਉਨ੍ਹਾਂ ਪਹਿਲਾਂ ਸਖ਼ਤ ਆਲੋਚਨਾ ਕੀਤੀ ਸੀ। ਪਾਕਿਸਤਾਨੀ ਅਖ਼ਬਾਰ ‘ਡਾਅਨ’ ’ਚ ਪ੍ਰਕਾਸ਼ਿਤ ਖ਼ਬਰ ਮੁਤਾਬਕ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਬਾਨੀ ਨੇ ਕੌਮੀ ਇਹਤਸਾਬੀ ਬਿਊਰੋ (ਐੱਨਏਬੀ) ’ਚ ਕਾਨੂੰਨਾਂ ’ਚ ਸੋਧਾਂ ਨੂੰ ਚੁਣੌਤੀ ਦਿੱਤੀ ਸੀ ਜਿਸ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਅਗਵਾਈ ਹੇਠਲੀ ਤਤਕਾਲੀ ਪਾਕਿਸਤਾਨ ਡੈਮੋਕਰੈਟਿਕ ਮੂਵਮੈਂਟ ਸਰਕਾਰ ਨੇ 2022 ’ਚ ਪੇਸ਼ ਕੀਤਾ ਸੀ। ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਪਿਛਲੇ ਸਾਲ 15 ਸਤੰਬਰ ਨੂੰ ਐੱਨਏਬੀ ਕਾਨੂੰਨ ’ਚ ਸੋਧ ਨੂੰ ਖਾਰਜ ਕਰ ਦਿੱਤਾ ਸੀ। ਉਂਜ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਚੀਫ਼ ਜਸਟਿਸ ਕਾਜ਼ੀ ਫ਼ੈਜ਼ ਇਸਾ ਦੀ ਅਗਵਾਈ ਹੇਠਲੀ ਸਿਖਰਲੀ ਅਦਾਲਤ ਦੇ ਬੈਂਚ ਨੇ ਸਰਕਾਰ ਦੀ ਨਜ਼ਰਸਾਨੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕਾਨੂੰਨ ’ਚ ਕੀਤੀਆਂ ਗਈਆਂ ਸੋਧਾਂ ਨੂੰ ਬਹਾਲ ਕਰ ਦਿੱਤਾ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement