ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿਆਂਗੇ: ਸੈਣੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 7 ਨਵੰਬਰ
ਮੁੱਖ ਮੰਤਰੀ ਨਾਇਬ ਸਿੰਘ ਨੇ ਹਲਕਾ ਲਾਡਵਾ ਦੇ ਪਿੰਡ ਬੜਤੌਲੀ ਤੇ ਰਾਮ ਸ਼ਰਨ ਮਾਜਰਾ ਵਿੱਚ ਵਿਕਾਸ ਕਾਰਜਾਂ ਲਈ 21-21 ਲੱਖ ਰੁਪਏ ਗਰਾਂਟ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਵੱਲੋਂ ਰੱਖੀਆਂ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ ਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹਰਿਆਣਾ ਨੂੰ ਵਿਕਸਤ ਸੂਬਾ ਬਣਾਉਣ ਲਈ ਸੂਬਾ ਸਰਕਾਰ ‘ਨਾਨ ਸਟੌਪ ਹਰਿਆਣਾ ਦੇ ਰਾਹ’ ’ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ’ਚ ਹੁਣ ਤਿੰਨ ਗੁਣਾ ਵੱਧ ਰਫਤਾਰ ਨਾਲ ਵਿਕਾਸ ਕਾਰਜ ਕਰਾਏ ਜਾਣਗੇ। ਮੁੱਖ ਮੰਤਰੀ ਦੇਰ ਸ਼ਾਮ ਲਾਡਵਾ ਹਲਕਾ ਦੇ ਪਿੰਡ ਬੜਤੌਲੀ, ਰਾਮ ਸ਼ਰਣ ਮਾਜਰਾ ਤੇ ਬਿੰਟ ਵਿਚ ਧੰਨਵਾਦ ਰੈਲੀਆਂ ਵਿੱਚ ਬੋਲ ਰਹੇ ਸਨ। ਮੁੱਖ ਮੰਤਰੀ ਨੇ ਧੰਨਵਾਦੀ ਸਭਾਵਾਂ ਵਿਚ ਹੱਥ ਜੋੜ ਕੇ ਲੋਕਾਂ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਲਾਡਵਾ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾ ਕੇ ਜੋ ਭਰੋਸਾ ਪ੍ਰਗਟਾਇਆ ਹੈ ਉਹ ਉਸ ਭਰੋਸੇ ’ਤੇ ਖਰਾ ਉਤਰਨ ਦਾ ਯਤਨ ਕਰਨਗੇ।
ਉਨ੍ਹਾਂ ਕਿਹਾ ਕਿ ਹਲਕੇ ਦੀ ਇਕ ਇਕ ਸੱਮਸਿਆ ਦਾ ਹੱਲ ਕਰਨਗੇ ਤੇ ਆਮ ਜਨ ਦੀ ਸਲਾਹ ਨਾਲ ਹਲਕੇ ਦਾ ਵਿਕਾਸ ਕਾਰਜ ਕਰਨਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਤੀਜੀ ਵਾਰ ਸਰਕਾਰ ਬਣਾ ਕੇ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਤੇ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਣਗੇ। ਉਨ੍ਹਾਂ ਵਿਰੋਧੀਆਂ ਨੂੰ ਘੇਰਦੇ ਹੋਏ ਕਿਹਾ ਕਿ ਕਾਂਗਰਸ ਦੇ ਨੇਤਾਵਾਂ ਤੇ ਵਰਕਰਾਂ ਨੇ ਨਤੀਜੇ ਆਉਣ ਤੋਂ ਪਹਿਲਾਂ ਹੀ ਸਰਕਾਰ ਬਣਾਉਣਾ ਤੇ ਆਪਸ ਵਿਚ ਰਿਉੜੀਆਂ ਵੰਡਣ ਦੀ ਯੋਜਨਾ ਤੈਅ ਕਰ ਲਈ ਸੀ ਪਰ ਸੂਬੇ ਦੇ ਲੋਕਾਂ ਨੇ ਕਾਂਗਰਸ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਅਜੇ ਤਕ ਆਪਣੀ ਹਾਰ ਦੀ ਅਸਲੀਅਤ ਦਾ ਪਤਾ ਨਹੀਂ ਲਗਾ ਸਕੀ ਤੇ ਜਲੇਬੀਆਂ ਦੀ ਫੈਕਟਰੀ ਲਗਾਉਣ ਵਾਲਿਆਂ ਨੂੰ ਲੋਕਾਂ ਨੇ ਉਨ੍ਹਾਂ ਦੀ ਹਕੀਕਤ ਦੱਸ ਦਿੱਤੀ ਹੈ। ਇਸ ਮੌਕੇ ਸਾਬਕਾ ਵਿਧਾਇਕ ਤੇ ਭਾਜਪਾ ਆਗੂ ਪਵਨ ਸੈਣੀ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਸੂਬਾ ਸਕੱਤਰ ਰਾਹੁਲ ਰਾਣਾ, ਭਾਜਪਾ ਨੇਤਾ ਨੈਬ ਸਿੰਘ ਪਟਾਕ ਮਾਜਰਾ, ਹਰਿਆਣਾ ਪਸ਼ੂ ਧੰਨ ਵਿਕਾਸ ਬੋਰਡ ਦੇ ਚੇਅਰਮੈਨ ਧਰਮਬੀਰ ਮਿਰਜਾਪੁਰ ਆਦਿ ਮੌਜੂਦ ਸਨ।