For the best experience, open
https://m.punjabitribuneonline.com
on your mobile browser.
Advertisement

ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਘਾਟ ਨਹੀਂ ਆਉਣ ਦਿਆਂਗੇ: ਮੀਤ ਹੇਅਰ

09:00 AM May 22, 2024 IST
ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਘਾਟ ਨਹੀਂ ਆਉਣ ਦਿਆਂਗੇ  ਮੀਤ ਹੇਅਰ
ਸੰਗਰੂਰ ਨੇੜਲੇ ਪਿੰਡਾਂ ਵਿੱਚ ਟਰੈਕਟਰ ’ਤੇ ਪ੍ਰਚਾਰ ਕਰਦੇ ਹੋਏ ਮੀਤ ਹੇਅਰ ਤੇ ਅਮਨ ਅਰੋੜਾ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਮਈ
ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੱਖ-ਵੱਖ ਪਿੰਡਾਂ ’ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਲਈ ਦਿਨ ਸਮੇਂ ਲੋੜੀਂਦੀ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਮੁਹੱਈਆ ਕਰਾਉਣਾ ‘ਆਪ’ ਸਰਕਾਰ ਦੀ ਮੁੱਖ ਤਰਜੀਹ ਹੈ।
ਐਂਤਕੀਂ ਝੋਨੇ ਦੇ ਸੀਜ਼ਨ ਦੌਰਾਨ ਵੀ ਕਿਸਾਨਾਂ ਨੂੰ ਬਿਜਲੀ ਸਪਲਾਈ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ ਐਂਤਕੀਂ ਵੀ ਝੋਨਾ ਪਾਲਣ ਲਈ ਡੀਜ਼ਲ ਨਹੀਂ ਫੂਕਣਾ ਪਵੇਗਾ। ਜਾਣਕਾਰੀ ਅਨੁਸਾਰ ਮੀਤ ਹੇਅਰ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਨੇੜਲੇ ਪਿੰਡਾਂ ਉਪਲੀ, ਚੱਠੇ ਸੇਖਵਾਂ, ਤੁੰਗਾਂ, ਕਨੋਈ, ਖੇੜੀ, ਈਲਵਾਲ ਅਤੇ ਗੱਗੜਪੁਰ ਆਦਿ ਵਿੱਚ ਭਰਵੀਂਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਹੀ ਹੈ ਜਿਸ ਨੇ ਪਹਿਲੇ ਦੋ ਸਾਲਾਂ ਦੌਰਾਨ ਹੀ ਖੇਤੀਬਾੜੀ ਲਈ ਟੇਲਾਂ ਤੱਕ ਪਾਣੀ ਭੇਜਦਿਆਂ 59 ਫੀਸਦੀ ਖੇਤਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਹੈ। ਮੀਤ ਹੇਅਰ ਨੇ ਕਿਹਾ ਕਿ ‘ਆਪ’ ਸਰਕਾਰ ਪਹਿਲੀ ਅਜਿਹੀ ਸਰਕਾਰ ਹੈ ਜਿਸ ਨੇ ਵਾਅਦਿਆਂ ਤੋਂ ਇਲਾਵਾ ਲੋਕ ਹਿੱਤ ਅਨੇਕਾਂ ਅਜਿਹੇ ਕਾਰਜ ਕੀਤੇ ਹਨ। ਉਨ੍ਹਾਂ ਕਿਹਾ ਕਿ 80 ਫੀਸਦੀ ਤੋਂ ਵੱਧ ਲੋਕਾਂ ਨੂੰ ਬਿਜਲੀ ਬਿੱਲ ‘ਜ਼ੀਰੋ’ ਆ ਰਿਹਾ ਹੈ। ਮੀਤ ਹੇਅਰ ਨੇ ਔਰਤਾਂ ਨੂੰ ਭਰੋਸਾ ਦਿਵਾਇਆ ਕਿ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਵੀ ਜਲਦ ਪੂਰਾ ਕਰਾਂਗੇ।
ਮੀਤ ਹੇਅਰ ਨੇ ਕਿਹਾ, ‘‘ਮੈਂ ਬਾਕੀ ਉਮੀਦਵਾਰਾਂ ਵਾਂਗ ਬਾਹਰੋਂ ਨਹੀਂ ਆਇਆ। ਤੁਹਾਡਾ ਆਪਣਾ ਹਾਂ ਅਤੇ ਤੁਹਾਡੇ ਆਪਣੇ ਇਲਾਕੇ ਦਾ ਹਾਂ ਅਤੇ ਹਮੇਸ਼ਾ ਤੁਹਾਡੇ ਨਾਲ ਡਟ ਕੇ ਖੜਾਂਗਾ।’’ ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀ ਦੋ ਸਾਲਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਵੋਟਾਂ ਮੰਗ ਰਹੇ ਹਨ। ਪਿੰਡਾਂ ਦੇ ਤੂਫ਼ਾਨੀ ਦੌਰੇ ਦੌਰਾਨ ਮੀਤ ਹੇਅਰ ਤੇ ਅਮਨ ਅਰੋੜਾ ਵਲੋਂ ਟਰੈਕਟਰ ਦੀ ਸਵਾਰੀ ਵੀ ਕੀਤੀ। ਇਸ ਮੌਕੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਸ਼ਾਇਰ ਬਚਨ ਬੇਦਿਲ, ਪਾਰਟੀ ਕਿਸਾਨ ਵਿੰਗ ਦੇ ਸੂਬਾ ਆਗੂ ਗੁਰਮੀਤ ਸਿੰਘ ਬੁਰਜ ਤੇ ਬਲਾਕ ਸਮਿਤੀ ਦੀ ਚੇਅਰਪਰਨ ਜਸਪਾਲ ਕੌਰ ਆਦਿ ਹਾਜ਼ਰ ਸਨ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸਥਾਨਕ ਸ਼ਹਿਰ ਵਿੱਚ ਵੱਖ-ਵੱਖ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਹੈ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਸਰਕਾਰ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ, ਜੋ ਕੰਮ 75 ਸਾਲਾਂ ਵਿੱਚ ਨਹੀਂ ਹੋਏ, ਉਹ ਕੰਮ ‘ਆਪ’ ਸਰਕਾਰ ਨੇ ਸਿਰਫ਼ ਦੋ ਸਾਲਾਂ ਵਿੱਚ ਕਰ ਦਿੱਤੇ ਹਨ।
ਸੰਦੌੜ (ਮੁਕੰਦ ਸਿੰਘ ਚੀਮਾ): ਗੁਰਮੀਤ ਸਿੰਘ ਮੀਤ ਹੇਅਰ ਨੇ ਹਲਕਾ ਮਾਲੇਰਕੋਟਲਾ ਦੇ ਪਿੰਡਾਂ ਕਲਿਆਣ, ਮਹੋਲੀ ਖੁਰਦ, ਮਹੋਲੀ ਕਲਾਂ, ਬਿਸ਼ਨਗੜ੍ਹ, ਸੰਦੌੜ, ਦੁਲਮਾਂ ਕਲਾਂ ਵਿੱਚ ਵੀ ਚੋਣ ਮੀਟਿੰਗਾਂ ਕੀਤੀਆਂ। ਇਸ ਮੌਕੇ ਵਿਧਾਇਕ ਡਾ. ਜਮੀਲ-ਉਰ ਰਹਿਮਾਨ, ਆਜਮ ਦਾਰਾ ਤੇ ਚੇਅਰਮੈਨ ਕਰਮਜੀਤ ਸਿੰਘ ਕੁਠਾਲਾ ਆਦਿ ਹਾਜ਼ਰ ਸਨ।

Advertisement

Advertisement
Advertisement
Author Image

joginder kumar

View all posts

Advertisement