ਹਰਿਆਣਾ ’ਚ ਮੁਸਲਮਾਨਾਂ ਨੂੰ ਓਬੀਸੀ ਕੋਟੇ ਦੀ ਇਜਾਜ਼ਤ ਨਹੀਂ ਦੇਵਾਂਗੇ: ਸ਼ਾਹ
ਮਹਿੰਦਰਗੜ੍ਹ (ਹਰਿਆਣਾ), 16 ਜੁਲਾਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਾਂਗਰਸ ’ਤੇ ਪਛੜਾ ਵਰਗ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਜੇ ਵਿਰੋਧੀ ਧਿਰ ਹਰਿਆਣਾ ਵਿੱਚ ਸੱਤਾ ਵਿੱਚ ਆਈ ਹੈ ਤਾਂ ਉਹ ਪਛੜਾ ਵਰਗ ਦਾ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇ ਦੇੇਵੇਗੀ।
ਸ਼ਾਹ ਨੇ ਇੱਥੇ ‘ਪਛੜਾ ਵਰਗ ਸਨਮਾਨ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਹੋਰ ਪਛੜੇ ਵਰਗਾਂ (ਓਬੀਸੀ) ਨੂੰ ਰਾਖਵਾਂਕਰਨ ਦੇਣ ਲਈ 1950 ਦੇ ਦਹਾਕੇ ਵਿੱਚ ਗਠਿਤ ਕਾਕਾ ਕਾਲੇਲਕਰ ਕਮਿਸ਼ਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਸ ਦੀਆਂ ਸਿਫਾਰਸ਼ਾਂ ਨੂੰ ਕਈ ਸਾਲਾਂ ਤੱਕ ਲਾਗੂ ਨਹੀਂ ਕੀਤਾ।
ਕੇਂਦਰੀ ਮੰਤਰੀ ਨੇ ਕਿਹਾ, ‘‘1980 ਵਿੱਚ (ਤਤਕਾਲੀ ਪ੍ਰਧਾਨ ਮੰਤਰੀ) ਇੰਦਰਾ ਗਾਂਧੀ ਨੇ ਮੰਡਲ ਕਮਿਸ਼ਨ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਸੀ। ਇਸ ਨੂੰ 1990 ਵਿੱਚ ਜਦੋਂ ਸਵੀਕਾਰ ਕੀਤਾ ਗਿਆ ਤਾਂ ਰਾਜੀਵ ਗਾਂਧੀ ਨੇ ਢਾਈ ਘੰਟੇ ਦਾ ਭਾਸ਼ਨ ਦਿੱਤਾ ਸੀ ਅਤੇ ਓਬੀਸੀ ਰਾਖਵਾਂਕਰਨ ਦਾ ਵਿਰੋਧ ਕੀਤਾ ਸੀ।’’
ਸ਼ਾਹ ਨੇ ਕਿਹਾ, ‘‘ਕਰਨਾਟਕ ਵਿੱਚ ਕਾਂਗਰਸ ਨੇ ਪਛੜੇ ਵਰਗਾਂ ਤੋਂ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇ ਦਿੱਤਾ। ਜੇ ਉਹ ਇੱਥੇ (ਸੱਤਾ ਵਿੱਚ) ਆਉਂਦੇ ਹਨ ਤਾਂ ਇੱਥੇ ਵੀ ਅਜਿਹਾ ਹੀ ਹੋਵੇਗਾ।’’ ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਸੀਂ ਹਰਿਆਣਾ ਵਿੱਚ ਮੁਸਲਮਾਨਾਂ ਲਈ ਰਾਖਵਾਂਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਅਸੀਂ ਪਛੜੇ ਵਰਗ ਦੇ ਹੱਕਾਂ ਦੀ ਰੱਖਿਆ ਕਰਾਂਗੇ।’’ ਸ਼ਾਹ ਨੇ ਦਾਅਵਾ ਕੀਤਾ ਕਿ ਭਾਜਪਾ ਹਰਿਆਣਾ ਵਿੱਚ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ।
ਸ਼ਾਹ ਨੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ’ਤੇ ਕਾਂਗਰਸ ਦੇ ‘ਹਰਿਆਣਾ ਮਾਂਗੇ ਹਿਸਾਬ’ ਮੁਹਿੰਮ ਨੂੰ ਲੈ ਕੇ ਨਿਸ਼ਾਨਾ ਸੇਧਦਿਆਂ ਕਿਹਾ, ‘‘ਹੁੱਡਾ ਸਾਹਬ, ਤੁਹਾਨੂੰ ਦਸ ਸਾਲਾਂ ਦੇ ਕੁਸ਼ਾਸਨ ਅਤੇ ਹਰਿਆਣਾ ਨੂੰ ਵਿਕਾਸ ਤੋਂ ਵਾਂਝੇ ਰੱਖਣ ਦਾ ਹਿਸਾਬ ਦੇਣਾ ਪਵੇਗਾ।’’ ਉਨ੍ਹਾਂ ਕਿਹਾ, ‘‘ਮੈਂ ਬਾਣੀਏ ਦਾ ਪੁੱਤ ਹਾਂ। ਮੈਂ ਇੱਕ-ਇੱਕ ਪੈਸੇ ਦਾ ਹਿਸਾਬ ਲੈ ਕੇ ਆਇਆ ਹਾਂ।’’
ਜ਼ਿਕਰਯੋਗ ਹੈ ਕਿ ਹਰਿਆਣਾ ਵਿੱਚ ਇਸ ਸਾਲ ਦੇ ਅਖ਼ੀਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸ਼ਾਹ ਨੇ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸਾਦਗੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਦਰਵਾਜ਼ੇ ਹਮੇਸ਼ਾ ਲੋਕਾਂ ਲਈ ਖੁੱਲ੍ਹੇ ਹਨ। -ਪੀਟੀਆਈ