ਕੌਮੀ ਰਾਜਧਾਨੀ ਵਿੱਚ ਵਿਕਾਸ ਕਾਰਜ ਰੁਕਣ ਨਹੀਂ ਦਿਆਂਗਾ: ਕੇਜਰੀਵਾਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਸਤੰਬਰ
ਦਿੱਲੀ ਵਿੱਚ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਆਤਿਸ਼ੀ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਵਿਧਾਇਕ ਦਲੀਪ ਪਾਂਡੇ ਨਾਲ ਤਿਮਾਰਪੁਰ ਵਿਧਾਨ ਸਭਾ ਸਥਿਤ ਖਸਤਾ ਹਾਲ ਦਿੱਲੀ ਯੂਨੀਵਰਸਿਟੀ ਰੋਡ ਦਾ ਜਾਇਜ਼ਾ ਲਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਭਾਜਪਾ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ, ‘ਇਨ੍ਹਾਂ ਲੋਕਾਂ ਨੇ ਇੱਕ ਸਾਜ਼ਿਸ਼ ਤਹਿਤ ਮੈਨੂੰ ਜੇਲ੍ਹ ਭੇਜ ਕੇ ਦਿੱਲੀ ਦਾ ਕੰਮ ਬੰਦ ਕਰਵਾਇਆ ਹੈ ਪਰ ਹੁਣ ਮੈਂ ਜੇਲ੍ਹ ਤੋਂ ਬਾਹਰ ਹਾਂ। ਦਿੱਲੀ ਦੇ ਲੋਕਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਹੁਣ ਮੈਂ ਦਿੱਲੀ ਦਾ ਕੋਈ ਵੀ ਕੰਮ ਰੁਕਣ ਨਹੀਂ ਦਿਆਂਗਾ ਅਤੇ ਸਾਰੇ ਰੁਕੇ ਹੋਏ ਕੰਮ ਜਲਦੀ ਪੂਰੇ ਕੀਤੇ ਜਾਣਗੇ।’’ ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਸੜਕ ਦੀ ਮੁਰੰਮਤ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਦਿੱਲੀ ਦੀਆਂ ਬਾਕੀ ਸੜਕਾਂ ਦੀ ਵੀ ਜਲਦੀ ਮੁਰੰਮਤ ਕੀਤੀ ਜਾਵੇਗੀ’ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਲੋਕਾਂ ਦਾ ਮਕਸਦ ਦਿੱਲੀ ਦਾ ਕੰਮ ਠੱਪ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਨਾ ਹੈ ਪਰ ਦਿੱਲੀ ਦੇ ਲੋਕਾਂ ਦਾ ਕੰਮ ਰੁਕਣ ਨਹੀਂ ਦੇਵਾਂਗੇ। ਵਿਧਾਨ ਸਭਾ ਹਲਕੇ ’ਚ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਦੇ ਸਾਹਮਣੇ ਤੋਂ ਲੰਘਦੀ ਸੜਕ ’ਤੇ ਖਾਸ ਤੌਰ ’ਤੇ ਭੀੜ-ਭੜੱਕੇ ਦੇ ਸਮੇਂ ’ਚ ਭਾਰੀ ਆਵਾਜਾਈ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ, ਜਿਸ ਦੀ ਮੁਰੰਮਤ ਛੇਤੀ ਕਾਰਵਾਈ ਜਾਵੇਗੀ।
ਵਿਧਾਇਕ ਦਲੀਪ ਪਾਂਡੇ ਤੋਂ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਦੀਆਂ ਹੋਰ ਟੁੱਟੀਆਂ ਸੜਕਾਂ ਬਾਰੇ ਵੀ ਜਾਣਕਾਰੀ ਲਈ। ਵਿਧਾਇਕ ਨੇ ਕਿਹਾ ਕਿ ਇਕ ਹੋਰ ਸੜਕ ਹੈ ਜਿਸ ਦੀ ਮੁਰੰਮਤ ਦੀ ਲੋੜ ਹੈ। ਦੂਜੇ ਪਾਸੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਟਵੀਟ ਕੀਤਾ ਕਿ ਅੱਜ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨਾਲ ਯੂਨੀਵਰਸਿਟੀ ਮਾਰਗ ਮਾਰਗ ਦਾ ਨਿਰੀਖਣ ਕੀਤਾ। ਸੜਕ ਦੀ ਹਾਲਤ ਬਹੁਤ ਖਸਤਾ ਹੈ। ਇਸ ਨੂੰ ਜਲਦੀ ਹੀ ਬਣਾਇਆ ਜਾਵੇਗਾ। ਭਾਜਪਾ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਸਾਜ਼ਿਸ਼ ਰਚੀ ਸੀ ਪਰ ਦਿੱਲੀ ਵਾਸੀਆਂ ਦਾ ਬੇਟਾ ਅਰਵਿੰਦ ਕੇਜਰੀਵਾਲ ਹੁਣ ਫਿਰ ਤੋਂ ਜਨਤਾ ਵਿੱਚ ਆ ਗਏ ਹਨ, ਉਨ੍ਹਾਂ ਦੀ ਅਗਵਾਈ ਵਿੱਚ ਦਿੱਲੀ ਦੇ ਰੁਕੇ ਹੋਏ ਕੰਮ ਦੁੱਗਣੀ ਰਫ਼ਤਾਰ ਨਾਲ ਪੂਰੇ ਕੀਤੇ ਜਾਣਗੇ।