ਕਾਂਗਰਸ ਦੀ ਵਫ਼ਾਦਾਰੀ ਕਦੇ ਨਹੀਂ ਛੱਡਾਂਗਾ: ਨਵਜੋਤ ਸਿੱਧੂ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 18 ਫਰਵਰੀ
ਇੱਥੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦੇ ਸੰਘਰਸ਼ ਦਾ ਪੂਰਨ ਸਮਰਥਨ ਕਰਦਿਆਂ ਕੇਂਦਰ ਦੀ ਭਾਜਪਾ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਵਿੱਚ ਜਾਣ ਦੀਆਂ ਸਾਰੀਆਂ ਚਰਚਾਵਾਂ ਨੂੰ ਮਹਿਜ਼ ਅਫ਼ਵਾਹਾਂ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਚਰਚਾ ਕਰਨ ਵਾਲੇ ਲੋਕਾਂ ਨੇ ਉਸ ਨੂੰ ਖੱਬੇ ਪੱਖੀਆਂ ਤੋਂ ਇਲਾਵਾ ਸਾਰੀਆਂ ਪਾਰਟੀਆਂ ਵਿੱਚ ਸ਼ਾਮਲ ਕਰਨ ਦੀਆਂ ਗੱਲਾਂ ਕੀਤੀਆਂ ਪਰ ਉਹ ਜਿੱਥੇ ਖੜ੍ਹਾ ਹੈ, ਉੱਥੇ ਹੀ ਖੜ੍ਹਾ ਰਹੇਗਾ, ਉਸ ਨੇ ਕਦੇ ਕਿਸੇ ਪਾਰਟੀ ਨਾਲ ਕਦੇ ਵੀ ਗ਼ੱਦਾਰੀ ਨਹੀਂ ਕੀਤੀ ਅਤੇ ਨਾ ਹੀ ਕਰੇਗਾ। ਉਨ੍ਹਾਂ ਇਸ ਵੇਲੇ ਕਿਸਾਨ ਸੰਘਰਸ਼ ਵਿੱਚ ਲਗਦੇ ਖ਼ਾਲਿਸਤਾਨ ਦੇ ਨਾਅਰਿਆਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇ ਫ਼ਲਸਫ਼ੇ ਅਨੁਸਾਰ ਚੱਲਣ ਵਾਲਾ ਸਿੱਖ ਰਾਜ ਇਕ ਦਿਨ ਜ਼ਰੂਰ ਆ ਕੇ ਰਹੇਗਾ। ਪੰਜਾਬ ਦੇ ਇਨ੍ਹਾਂ ਨੇ 9 ਟੁਕੜੇ ਕਰ ਦਿੱਤੇ ਪਰ ਅੱਜ ਵੀ ਇਹ ਪੰਜਾਬ ਨੂੰ ਟਿਕਣ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਆਜ਼ਾਦੀ ਵਿੱਚ ਕੁਰਬਾਨੀਆਂ ਪੰਜਾਬੀਆਂ ਦੀਆਂ ਸਭ ਤੋਂ ਵੱਧ ਹਨ ਅਤੇ ਅਨਾਜ ਭੰਡਾਰ ਵਿੱਚ ਵੀ ਸਭ ਤੋਂ ਵੱਧ ਇਨ੍ਹਾਂ ਦਾ ਹਿੱਸਾ ਹੈ। ਇਸ ਦੇ ਬਾਵਜੂਦ ਇਨ੍ਹਾਂ ’ਤੇ ਜ਼ੁਲਮ ਢਾਹਿਆ ਜਾ ਰਿਹਾ ਹੈ।
ਸਿੱਧੂ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਭਾਜਪਾ ਦੀ ਆਲੋਚਨਾ ਕੀਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਕੇਂਦਰੀ ਮੰਤਰੀਆਂ ਨਾਲ ਮਿਲੀਭੁਗਤ ਦੇ ਦੋਸ਼ ਵੀ ਲਾਏ। ਸਿੱਧੂ ਦਾ ਕਹਿਣਾ ਹੈ ਕਿ ਜੇ ਸਰਹੱਦ ਖੁੱਲ੍ਹ ਗਈ ਤਾਂ ਦੇਸ਼ ਵੱਡੀਆਂ ਉਚਾਈਆਂ ਨੂੰ ਛੂਹੇਗਾ।
ਇਸ ਮੌਕੇ ਸਿੱਧੂ ਨੇ ਅਡਾਨੀ ’ਤੇ ਵੀ ਹਮਲਾ ਬੋਲਿਆ ਤੇ ਦੋਸ਼ ਲਾਇਆ ਕਿ ਐੱਫਸੀਆਈ ਨੂੰ ਦੀਵਾਲੀਆ ਕਰਨ ਤੋਂ ਬਾਅਦ ਕੇਂਦਰ ਨੇ ਸਟੋਰੇਜ ਅਡਾਨੀ ਕਾਰਪੋਰੇਟ ਨੂੰ ਦੇ ਦਿੱਤੀ ਹੈ। ਜੇ ਉਨ੍ਹਾਂ ਦਾ ਗੋਦਾਮ 25 ਫ਼ੀਸਦੀ ਭਰਦਾ ਹੈ ਤਾਂ ਉਨ੍ਹਾਂ ਨੂੰ 100 ਫ਼ੀਸਦੀ ਅਦਾਇਗੀ ਕੀਤੀ ਜਾਂਦੀ ਹੈ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਨੇ 10 ਸਾਲਾਂ ਵਿੱਚ ਅਮੀਰਾਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਪਰ ਕਿਸਾਨਾਂ ਦਾ ਕੋਈ ਕਰਜ਼ ਮੁਆਫ਼ ਨਹੀਂ ਕੀਤਾ।