ਕਿਸਾਨਾਂ ਨੂੰ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਵਾਂਗੇ: ਗਾਂਧੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 9 ਮਈ
ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਹਲਕੇ ਦੇ ਵੱਖੋ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸੰਬੋਧਨ ਦੌਰਾਨ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਆਪਣੇ ਨਿਆਂ ਪੱਤਰ ਵਿੱਚ ਦਰਜ ਕੀਤਾ ਗਿਆ ਹੈ ਕਿ ਕਾਂਗਰਸ ਦੀ ਅਗਵਾਈ ਹੇਠ ਕੇਂਦਰ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਮਗਰੋਂ ਉਹ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਣਗੇ।
ਉਨ੍ਹਾਂ ਕਿਹਾ ਕਿ ਭਾਜਪਾ ਤੇ ‘ਆਪ’ ਦਾ ਕਿਸਾਨਾਂ ਪ੍ਰਤੀ ਰਵੱਈਆ ਦੁਸ਼ਮਣਾਂ ਵਾਂਗ ਰਿਹਾ ਹੈ ਅਤੇ ਇਹ ਦੋਵੇਂ ਪਾਰਟੀਆਂ ਕਿਸਾਨਾਂ ਨਾਲ ਵਾਅਦੇ ਕਰ ਕੇ ਮੁੱਕਰੀਆਂ ਹਨ। ਉਨ੍ਹਾਂ ਕਿਹਾ ਕਿ ਬੀਬੀ ਪ੍ਰਨੀਤ ਕੌਰ ਦਾ ਮਹਿਲ ਘੇਰਨ ਜਾ ਰਹੇ ਕਿਸਾਨਾਂ ਨੂੰ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਵੱਡੇ ਬੈਰੀਕੇਡ, ਮਿੱਟੀ ਦੇ ਟਿੱਪਰ ਅਤੇ ਸਖ਼ਤ ਪੁਲੀਸ ਰੋਕਾਂ ਲਗਾ ਕੇ ਰੋਕਦਾ ਹੈ ਤਾਂ ਕਿ ਕਿਸਾਨ ਇਨਸਾਫ਼ ਨਾ ਮੰਗ ਸਕਣ। ਇਹ ਦੋਵੇਂ ਪਾਰਟੀਆਂ ਕਿਸਾਨਾਂ ਦੀਆਂ ਮੰਗਾਂ ਦੇ ਉਲਟ ਭੁਗਤਣ ਲਈ ਇੱਕਜੁੱਟ ਹਨ। ਇਸ ਲਈ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ। ਉਨ੍ਹਾਂ ਕਿਸਾਨਾਂ ਨੂੰ ਇੱਕਜੁੱਟ ਹੋ ਕੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਭੁਗਤਣ ਲਈ ਅਪੀਲ ਕੀਤੀ।
ਸ਼ਰਮਾ ਨੇ ਕਾਂਗਰਸੀ ਉਮੀਦਵਾਰ ’ਤੇ ਕੀਤਾ ਪਲਟਵਾਰ
ਘਨੌਰ (ਖੇਤਰੀ ਪ੍ਰਤੀਨਿਧ): ਪਟਿਆਲਾ ਲੋਕ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਐੱਨ.ਕੇ. ਸ਼ਰਮਾ ਨੇ ਕਾਂਗਰਸ ਉਮੀਦਵਾਰ ਧਰਮਵੀਰ ਗਾਂਧੀ ਦੇ ਬਿਆਨ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਜੋ ਵਿਅਕਤੀ ਲੋਕ ਸਭਾ ਤੋਂ ਜ਼ਿਆਦਾਤਰ ਗੈਰਹਾਜ਼ਰ ਰਿਹਾ ਹੋਵੇ, ਉਸ ਵੱਲੋਂ ਕੀਤੇ ਗਏ ਕੰਮ ਦੇ ਆਧਾਰ ’ਤੇ ਵੋਟ ਮੰਗਣ ਦਾ ਕੋਈ ਅਧਿਕਾਰ ਨਹੀਂ ਹੈ। ਸ਼ਰਮਾ ਦਾ ਕਹਿਣਾ ਸੀ ਕਿ 2014 ’ਚ ਪਟਿਆਲਾ ਤੋਂ ਹੀ ‘ਆਪ’ ਦੇ ਐੱਮ.ਪੀ ਵਜੋਂ ਪੰਜ ਸਾਲਾਂ ’ਚ ਲੋਕ ਸਭਾ ’ਚ ਕੇਵਲ 15 ਵਾਰ ਹੀ ਗਏ ਸਨ ਜਿਸ ਕਰਕੇ ਹੁਣ ਉਨ੍ਹਾਂ ਨੂੰ ਵੋਟਾਂ ਮੰਗਣ ਦਾ ਕੋਈ ਅਧਿਕਾਰ ਨਹੀਂ ਹੈ। ਅਕਾਲੀ ਆਗੂ ਨੇ ਇਹ ਗੱਲ ਅੱਜ ਹਲਕਾ ਘਨੌਰ ਦੇ ਦੌਰੇ ਮੌਕੇ ਕਹੀ, ਜਿਸ ਦੌਰਾਨ ਉਨ੍ਹਾਂ ਨੇ ਘਨੌਰ, ਪਿੰਡ ਸੀਲ, ਚਪੜ, ਨਰੜੂ, ਹਰਪਾਲਪੁਰ, ਮਹਿਮਦਪੁਰ, ਗੋਪਾਲਪੁਰ ਅਤੇ ਸ਼ੰਭੂ ਕਲਾਂ ਸਮੇਤ ਹਲਕੇ ਦੇ ਕਈ ਹੋਰ ਪਿੰਡਾਂ ’ਚ ਵੀ ਚੋਣ ਮੀਟਿੰਗਾਂ ਕੀਤੀਆਂ। ਇਸ ਮੌਕੇ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਅਤੇ ਹਲਕਾ ਇੰਚਾਰਜ ਭੁਪਿਦਰ ਸਿੰਘ ਸ਼ੇਖੂਪੁਰ ਸਮੇਤ ਕਈ ਹੋਰ ਅਕਾਲੀ ਆਗੂ ਵੀ ਉਨ੍ਹਾਂ ਦੇ ਨਾਲ਼ ਸਨ।