ਸੱਤਾ ’ਚ ਆਉਣ ਮਗਰੋਂ ਸਾਰੀਆਂ ਗਾਰੰਟੀਆਂ ਪੂਰੀਆਂ ਕਰਾਂਗੇ: ਸ਼ੈਲਜਾ
ਪ੍ਰਭ ਦਿਆਲ/ਇਕਬਾਲ ਸ਼ਾਂਤ/ ਭੁਪਿੰਦਰ ਪੰਨੀਵਾਲੀਆ
ਸਿਰਸਾ/ਡੱਬਵਾਲੀ/ਕਾਲਾਂਵਾਲੀ, 27 ਸਤੰਬਰ
ਕਾਲਾਂਵਾਲੀ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸ਼ੀਸ਼ਪਾਲ ਕੇਹਰਵਾਲਾ ਦੇ ਹੱਕ ਵਿੱਚ ਸਾਬਕਾ ਕੇਂਦਰੀ ਮੰਤਰੀ, ਕਾਂਗਰਸ ਦੀ ਕੌਮੀ ਜਨਰਲ ਸਕੱਤਰ ਅਤੇ ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਮੰਡੀ ਕਾਲਾਂਵਾਲੀ ਵਿੱਚ ਚੋਣ ਰੈਲੀ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਰਾਜ ਵਿੱਚ ਕਿਸਾਨ, ਮਜ਼ਦੂਰ, ਗਰੀਬ, ਦਲਿਤ, ਪਛੜੇ ਵਰਗ, ਛੋਟੇ ਦੁਕਾਨਦਾਰ, ਕਮਿਸ਼ਨ ਏਜੰਟ, ਔਰਤਾਂ, ਬੇਰੁਜ਼ਗਾਰ ਨੌਜਵਾਨ ਸਭ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕ ਪੰਜ ਤਰੀਕ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤੇ ਕਾਂਗਰਸ ਪਾਰਟੀ ਆਪਣੀਆਂ ਗਾਰੰਟੀਆਂ ਨੂੰ ਹਰ ਹਾਲਤ ਵਿੱਚ ਪੂਰਾ ਕਰੇਗੀ। ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਕਿਹਾ ਕਿ ਉਹ ਖੇਤਰ ਵਾਸੀਆਂ ਨਾਲ ਹਰ ਪਲ ਡਟ ਕੇ ਖੜ੍ਹੇ ਰਹੇ ਹਨ। ਇਸ ਮੌਕੇ ਪੰਜਾਬ ਸਰਕਾਰ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਅਜੀਤਇੰਦਰ ਸਿੰਘ ਮੋਫਰ, ਗੁਰਪ੍ਰੀਤ ਸਿੰਘ ਕਾਂਗੜ, ਜੀਤਮਹਿੰਦਰ ਸਿੰਘ ਸਿੱਧੂ, ਸਾਬਕਾ ਐੱਮਪੀ ਚਰਨਜੀਤ ਸਿੰਘ ਰੋੜੀ ਤੇ ਡਾ. ਸੁਸ਼ੀਲ ਇੰਦੌਰਾ, ਸਾਬਕਾ ਵਿਧਾਇਕ ਬਲਕੌਰ ਸਿੰਘ, ਹੰਸਰਾਜ ਜੋਸਨ ਮੌਜੂਦ ਸਨ। ਇਸੇ ਦੌਰਾਨ ਕੁਮਾਰੀ ਸ਼ੈਲਜਾ ਨੇ ਸਿਰਸਾ ਤੋਂ ਕਾਂਗਰਸ ਦੇ ਉਮੀਦਵਾਰ ਗੋਕੁਲ ਸੇਤੀਆ ਦੇ ਹੱਕ ’ਚ ਸ਼ਹੀਦ ਭਗਤ ਸਿੰਘ ਚੌਕ ’ਚ ਚੋਣ ਜਲਸੇ ਨੂੰ ਵੀ ਸੰਬੋਧਨ ਕੀਤਾ। ਕਾਂਗਰਸ ਦੀ ਸੀਨੀਅਰ ਆਗੂ ਅਤੇ ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਅੱਜ ਕਾਂਗਰਸ ਉਮੀਦਵਾਰ ਅਮਿਤ ਸਿਹਾਗ ਦੇ ਹੱਕ ਵਿੱਚ ਪਿੰਡ ਗੋਰੀਵਾਲਾ ਵਿੱਚ ਮੀਟਿੰਗ ਨੂੰ ਸੰਬੋਧਨ ਕੀਤਾ।