ਸਾਲ 2027 ਦੀ ਵਿਧਾਨ ਸਭਾ ਚੋਣ ਧੂਰੀ ਤੋਂ ਹੀ ਲੜਾਂਗਾ: ਖੰਗੂੜਾ
ਪੱਤਰ ਪ੍ਰੇਰਕ
ਧੂਰੀ, 21 ਅਕਤੂਬਰ
ਧੂਰੀ ਤੋਂ ‘ਆਪ’ ਆਗੂ ਤੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕਿਹਾ ਕਿ ਉਹ ਬਰਨਾਲਾ ਜ਼ਿਮਨੀ ਚੋਣ ਲੜਨ ਦੀ ਕਦੇ ਇੱਛਾ ਜ਼ਾਹਰ ਨਹੀਂ ਕੀਤੀ, ਸਗੋਂ ਉਹ 2027 ਦੀ ਵਿਧਾਨ ਸਭਾ ਚੋਣ ਹਰ ਹਾਲਤ ਧੂਰੀ ਤੋਂ ਲੜਨਗੇ। ਇੱਥੇ ਗੱਲਬਾਤ ਦੌਰਾਨ ਸਾਬਕਾ ਵਿਧਾਇਕ ਸ੍ਰੀ ਖੰਗੂੜਾ ਨੇ ਉਨ੍ਹਾਂ ਚਰਚਿਆਂ ਨੂੰ ਵਿਰੋਧੀਆਂ ਦੇ ਮਹਿਜ਼ ਸ਼ਗੂਫ਼ੇ ਦੱਸਿਆ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਜ਼ਿਮਨੀ ਚੋਣ ਬਰਨਾਲਾ ਤੋਂ ਟਿਕਟ ਨਾ ਮਿਲਣ ਸਬੰਧੀ ਪ੍ਰਚਾਰ ਕੀਤਾ ਜਾ ਰਿਹਾ ਹੈ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਜੇ ਧੂਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੁਬਾਰਾ ਚੋਣ ਲੜਦੇ ਹਨ ਤਾਂ ਕੀ ਫਿਰ ਵੀ ਚੋਣ ਲੜੋਗੇ ਤੇ ਕਿਹੜੀ ਪਾਰਟੀ ਵੱਲੋਂ ਲੜੋਗੇ ਤਾਂ ਸ੍ਰੀ ਖੰਗੂੜਾ ਨੇ ਕਿਹਾ ਕਿ ਮੁਕਾਬਲਾ ਭਾਵੇਂ ਕਿਸੇ ਨਾਲ ਹੋਵੇ ਅਤੇ ਪਾਰਟੀ ਭਾਵੇਂ ਜਿਹੜੀ ਵੀ ਹੋਵੇ ਪਰ ਉਨ੍ਹਾਂ ਦਾ ਧੂਰੀ ਤੋਂ ਚੋਣ ਲੜਨ ਦਾ ਫ਼ੈਸਲਾ ਅਟੱਲ ਰਹੇਗਾ।
ਵਰਨਣਯੋਗ ਹੈ ਕਿ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਧੂਰੀ ਤੋਂ ਕਾਂਗਰਸ ਦੀ ਟਿਕਟ ’ਤੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਚੋਣ ਲੜੇ ਸਾਬਕਾ ਸ੍ਰੀ ਗੋਲਡੀ ਨੇ ਅਚਨਚੇਤ ਕਾਂਗਰਸ ਦੇ ਲੋਕ ਸਭਾ ਹਲਕਾ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਤੇ ਹੋਰ ਆਗੂਆਂ ਨਾਲ ਨਾਰਾਜ਼ਗੀ ਦੇ ਚਲਦਿਆਂ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਸਾਬਕਾ ਵਿਧਾਇਕ ਖੰਗੂੜਾ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਕਾਂਗਰਸ ਪਾਰਟੀ ਕਿਸੇ ਟਿਕਟ ਦੀ ਚਾਹਤ ਵਿੱਚ ਨਹੀਂ ਛੱਡੀ ਸੀ ਅਤੇ ਨਾ ਹੀ ‘ਆਪ’ ਵਿੱਚ ਆਉਣ ਵੇਲੇ ਬਰਨਾਲਾ ਤੋਂ ਜ਼ਿਮਨੀ ਚੋਣ ਦੀ ਟਿਕਟ ਲੈਣ ਦੀ ਕਿਸੇ ਤੋਂ ਕੋਈ ਵਾਅਦਾ ਲਿਆ ਸੀ।