ਹਰਿਆਣਾ ’ਚ ਆਪਣੇ ਦਮ ’ਤੇ ਚੋਣਾਂ ਲੜਾਂਗੇ: ‘ਆਪ’
* ‘ਬਦਲੇਂਗੇ ਹਰਿਆਣਾ ਕਾ ਹਾਲ, ਅਬ ਲਾਏਂਗੇ ਕੇਜਰੀਵਾਲ’ ਦੇ ਨਾਅਰੇ ਨਾਲ ਚੋਣ ਮੁਹਿੰਮ ਦਾ ਆਗਾਜ਼
ਆਤਿਸ਼ ਗੁਪਤਾ
ਚੰਡੀਗੜ੍ਹ, 18 ਜੁਲਾਈ
ਆਮ ਆਦਮੀ ਪਾਰਟੀ (ਆਪ) ਨੇ ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ’ਤੇ ਇਕੱਲਿਆਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਤੇ ਡਾ. ਸੰਦੀਪ ਪਾਠਕ ਨੇ ਇਹ ਦਾਅਵਾ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਇਸ ਮੌਕੇ ‘ਆਪ’ ਹਰਿਆਣਾ ਦੇ ਸੀਨੀਅਰ ਆਗੂ ਸੁਸ਼ੀਲ ਗੁਪਤਾ ਤੇ ਅਨੁਰਾਗ ਢਾਂਡਾ ਵੀ ਮੌਜੂਦ ਸਨ। ‘ਆਪ’ ਆਗੂਆਂ ਨੇ ਹਰਿਆਣਾ ਵਿੱਚ ਅਕਤੂਬਰ ਮਹੀਨੇ ਹੋਣ ਵਾਲੀਆਂ ਅਸੈਂਬਲੀ ਚੋਣਾਂ ਲਈ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ‘ਬਦਲੇਂਗੇ ਹਰਿਆਣਾ ਕਾ ਹਾਲ, ਅਬ ਲਾਏਂਗੇ ਕੇਜਰੀਵਾਲ’ ਦਾ ਨਾਅਰਾ ਦਿੱਤਾ। ਉਨ੍ਹਾਂ ਕਿਹਾ ਕਿ ‘ਆਪ’ ਹਰਿਆਣਾ ਵਿੱਚ ਇਸੇ ਨਾਅਰੇ ’ਤੇ ਚੋਣਾਂ ਲੜੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਹਰੇਕ ਪਾਰਟੀ ਨੂੰ ਮੌਕੇ ਦੇ ਕੇ ਦੇਖ ਲਿਆ ਹੈ, ਪਰ ਪਿਛਲੀਆਂ ਸਰਕਾਰਾਂ ਨੇ ਲੋਕਾਂ ਨਾਲ ਸਿਰਫ਼ ਧੋਖਾ ਹੀ ਕੀਤਾ ਹੈ। ਇਸ ਲਈ ਹਰਿਆਣਾ ਦੇ ਲੋਕ ਵੀ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸੂਬਾ ਦਿੱਲੀ ਤੇ ਪੰਜਾਬ ਨਾਲ ਘਿਰਿਆ ਹੋਇਆ ਹੈ। ਇਨ੍ਹਾਂ ਦੋਵਾਂ ਥਾਵਾਂ ’ਤੇ ‘ਆਪ’ ਦੀ ਸਰਕਾਰ ਹੈ, ਜਿਨ੍ਹਾਂ ਵੱਲੋਂ ਮਿਸਾਲੀ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕੰਮਾਂ ਦੇ ਆਧਾਰ ’ਤੇ ਹੀ ਪਾਰਟੀ ਵੱਲੋਂ ਹਰਿਆਣਾ ਅਸੈਂਬਲੀ ਦੀਆਂ ਚੋਣਾਂ ਵਿੱਚ ਮਜ਼ਬੂਤੀ ਨਾਲ ਹਿੱਸਾ ਲਿਆ ਜਾਵੇਗਾ ਅਤੇ ਜਿੱਤ ਹਾਸਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਨੇ ਪਹਿਲਾਂ ਦਿੱਲੀ ਅਤੇ ਫੇਰ ਪੰਜਾਬ ਵਿੱਚ ਹੂੰਝਾਫੇਰੂ ਜਿੱਤ ਹਾਸਲ ਕੀਤੀ ਹੈ। ਕੁਝ ਦਿਨ ਪਹਿਲਾਂ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਵੀ ‘ਆਪ’ ਨੇ ਰਿਕਾਰਡ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਇਸੇ ਤਰਜ਼ ’ਤੇ ‘ਆਪ’ ਹਰਿਆਣਾ ਵਿੱਚ ਵੀ ਸਰਕਾਰ ਬਣਾਏਗੀ। ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਹਰਿਆਣਾ ਵਿੱਚ ਪਿਛਲੇ 10 ਸਾਲਾਂ ਤੋਂ ਡਬਲ ਇੰਜਣ ਦੀ ਸਰਕਾਰ ਹੋਣ ਦੇ ਬਾਵਜੂਦ ਸੂਬੇ ਦਾ ਸੁਧਾਰ ਨਹੀਂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਵੱਡੀ ਗਿਣਤੀ ਨੌਜਵਾਨ ਫੌਜ ਵਿੱਚ ਭਰਤੀ ਹੁੰਦੇ ਸੀ, ਪਰ ਭਾਜਪਾ ਸਰਕਾਰ ਨੇ ‘ਅਗਨੀਵੀਰ’ ਯੋਜਨਾ ਰਾਹੀਂ ਫੌਜ ਨੂੰ ਹੀ ਠੇਕੇ ’ਤੇ ਦੇ ਦਿੱਤਾ ਹੈ, ਜਿੱਥੇ ਨੌਜਵਾਨਾਂ ਦੀ ਸਿਰਫ਼ 4 ਸਾਲਾਂ ਲਈ ਭਰਤੀ ਕੀਤੀ ਜਾਵੇਗੀ। ਅਗਨੀਵੀਰ ਯੋਜਨਾ ਕਰਕੇ ਨੌਜਵਾਨਾਂ ਦਾ ਫੌਜ ਵਿੱਚ ਭਰਤੀ ਹੋਣ ਦਾ ਉਤਸ਼ਾਹ ਘਟਿਆ ਹੈ। ਉਨ੍ਹਾਂ ਮੰਗ ਕੀਤੀ ਕਿ ਅਗਨੀਵੀਰ ਯੋਜਨਾ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਕਿਸਾਨੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਸਿੱਖਿਆ, ਸਿਹਤ, ਕਾਨੂੰਨ ਵਿਵਸਥਾ ਤੇ ਅਗਨੀਵੀਰ ਯੋਜਨਾ ਵਰਗੇ ਮੁੱਦਿਆਂ ਨੂੰ ਚੁੱਕਿਆ ਜਾਵੇਗਾ ਅਤੇ ਸਰਕਾਰ ਬਣਦੇ ਸਾਰੇ ਇਨ੍ਹਾਂ ਨੂੰ ਹੱਲ ਕੀਤਾ ਜਾਵੇਗਾ। ਡਾ. ਸੰਦੀਪ ਪਾਠਕ ਨੇ ਕਿਹਾ ਕਿ ‘ਆਪ’ ਵੱਲੋਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਕਰਦਿਆਂ ਸੂਬੇ ਵਿੱਚ ਜਥੇਬੰਦਕ ਢਾਂਚੇ ਦਾ ਗਠਨ ਕੀਤਾ ਜਾ ਰਿਹਾ ਹੈ। ਪਾਰਟੀ ਨੇ ਸੂਬੇ ਦੇ 6500 ਦੇ ਕਰੀਬ ਪਿੰਡਾਂ ਵਿੱਚ ਆਪਣੀਆਂ ਇਕਾਈਆਂ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ 20 ਜੁਲਾਈ ਨੂੰ ਹਰਿਆਣਾ ਵਿੱਚ ਕੇਜਰੀਵਾਲ ਦੀ ਗਾਰੰਟੀ ਦਾ ਐਲਾਨ ਵੀ ਕੀਤਾ ਜਾਵੇਗਾ।
ਲੋਕਤੰਤਰ ਵਿੱਚ ਤਾਕਤਾਂ ਚੁਣੇ ਹੋਏ ਨੁਮਾਇੰਦਿਆਂ ਹੱਥ ਹੋਣ: ਮਾਨ
ਪੰਜਾਬ ਦੇ ਰਾਜਪਾਲ ਵੱਲੋਂ ਭੇਜੇ ਗਏ ‘ਪੰਜਾਬ ਯੂਨੀਵਰਸਿਟੀ ਲਾਅਜ਼ (ਸੋਧ) ਬਿੱਲ 2023’ ਨੂੰ ਰਾਸ਼ਟਰਪਤੀ ਵੱਲੋਂ ਮਨਜ਼ੂਰੀ ਦੇਣ ਤੋਂ ਇਨਕਾਰ ਕਰਨ ਦੇ ਮੁੱਦੇ ’ਤੇ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਲੋਕਤੰਤਰ ਵਿੱਚ ਵਾਧੂ ਤਾਕਤਾਂ ‘ਸਿਲੈਕਟਿਡ’ (ਚੋਣਵਿਆਂ) ਦੇ ਹੱਥ ਨਹੀਂ ਬਲਕਿ ‘ਇਲੈਕਟਿਡ’ (ਚੁਣੇ ਹੋਏ ਨੁਮਾਇੰਦਿਆਂ) ਦੇ ਹੱਥ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਯੂਨੀਵਰਸਿਟੀਆਂ ਦਾ ਵਾਈਸ ਚਾਂਸਲਰ ਲਗਾਉਣ ਲਈ ਸੂਬਾ ਸਰਕਾਰ ਵੱਲੋਂ ਤਿੰਨ ਅਧਿਕਾਰੀਆਂ ਦਾ ਪੈਨਲ ਪਹਿਲਾਂ ਰਾਜਪਾਲ ਕੋਲ ਭੇਜਿਆ ਜਾਂਦਾ ਹੈ, ਜਿਸ ਵਿੱਚੋਂ ਰਾਜਪਾਲ ਇਕ ਦੀ ਚੋਣ ਕਰਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਦਾ ਚਾਂਸਲਰ ਮੁੱਖ ਮੰਤਰੀ ਨੂੰ ਹੋਣਾ ਚਾਹੀਦਾ ਹੈ, ਜੋ ਕਿ ਸਿੱਧੇ ਤੌਰ ’ਤੇ ਵਾਈਸ ਚਾਂਸਲਰ ਦੀ ਚੋਣ ਕਰ ਸਕਦਾ ਹੋਵੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਰੇਕ ਬਿੱਲ ਰਾਜਪਾਲ ਕੋਲ ਮਨਜ਼ੂਰੀ ਲੈਣ ਲਈ ਭੇਜਿਆ ਜਾਂਦਾ ਹੈ। ਜਿਹੜੇ ਬਿੱਲ ਨੂੰ ਰਾਜਪਾਲ ਨੇ ਮਨਜ਼ੂਰ ਨਹੀਂ ਕਰਨਾ ਹੁੰਦਾ ਹੈ, ਉਸ ਬਿੱਲ ਨੂੰ ਰਾਜਪਾਲ ਰਾਸ਼ਟਰਪਤੀ ਕੋਲ ਭੇਜ ਦਿੰਦਾ ਹੈ। ਅੱਗੇ ਰਾਸ਼ਟਰਪਤੀ ਤਿੰਨ-ਚਾਰ ਮਹੀਨੇ ਆਪਣੇ ਕੋਲ ਰੱਖਣ ਤੋਂ ਬਾਅਦ ਬਿੱਲ ਨੂੰ ਬਿਨਾਂ ਮਨਜ਼ੂਰ ਕੀਤੇ ਵਾਪਸ ਭੇਜ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਅਜਿਹਾ ਬਿੱਲ ਪਾਸ ਕਰ ਕੇ ਰਾਜਪਾਲ ਕੋਲ ਭੇਜਿਆ ਸੀ। ਉਸ ਬਿੱਲ ਦਾ ਹਸ਼ਰ ਵੀ ਪੰਜਾਬ ਵਾਲਾ ਹੋਇਆ ਸੀ। ਇਸ ਮੌਕੇ ਮੁੱਖ ਮੰਤਰੀ ਤੋਂ ਐੱਸਵਾਈਐੱਲ ਦੇ ਮੁੱਦੇ ’ਤੇ ਕੁਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ। ਐੱਨਐੱਚਏਆਈ ਦੇ ਮੁੱਦੇ ’ਤੇ ਮਾਨ ਨੇ ਕਿਹਾ ਕਿ ਸੂਬੇ ਵਿੱਚ 2-3 ਥਾਵਾਂ ’ਤੇ ਜ਼ਮੀਨ ਐਕੁਆਇਰ ਕਰਨ ਵਿੱਚ ਦਿੱਕਤ ਆਈ ਹੈ, ਉਸ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਜਲਦ ਹੀ ਹੱਲ ਕਰ ਲਿਆ ਜਾਵੇਗਾ।