ਕਮਲਾ ਹੈਰਿਸ ਕਾਰਨ ਆਈ ਆਰਥਿਕ ਆਫ਼ਤ ਨੂੰ ਖ਼ਤਮ ਕਰਾਂਗਾ: ਟਰੰਪ
ਵਾਸ਼ਿੰਗਟਨ, 2 ਨਵੰਬਰ
ਅਮਰੀਕਾ ਵਿੱਚ ਅਗਲੇ ਹਫ਼ਤੇ ਹੋਣ ਵਾਲੀਆਂ ਆਮ ਚੋਣਾਂ ਵਿੱਚ ਰਾਸ਼ਟਰਪਤੀ ਅਹੁਦੇ ਲਈ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੇ ਆਪਣੀ ਵਿਰੋਧੀ ਉਮੀਦਵਾਰ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀਆਂ ਆਰਥਿਕ ਨੀਤੀਆਂ ਨੂੰ ਆਫ਼ਤ ਦੱਸਦੇ ਹੋਏ ਬੀਤੇ ਦਿਨ ਕਿਹਾ ਕਿ ਜੇ ਉਹ ਚੋਣ ਜਿੱਤ ਗਏ ਤਾਂ ਨਵੇਂ ਆਰਥਿਕ ਚਮਤਕਾਰ ਕਰਨਗੇ। ਟਰੰਪ ਨੇ ਅਮਰੀਕੀ ਉਤਪਾਦਾਂ ਦੇ ਉਪਤਾਪਦਨ ਤੇ ਉਨ੍ਹਾਂ ਦੀ ਖ਼ਰੀਦ ਨੂੰ ਉਤਸ਼ਾਹਿਤ ਕਰਨ ਅਤੇ ਅਮਰੀਕੀਆਂ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਮਿਸ਼ੀਗਨ ਦੇ ਡੈਟਰੌਇਟ ਵਿੱਚ ਚੋਣ ਰੈਲੀ ਦੌਰਾਨ ਕਿਹਾ, ‘‘ਅਸੀਂ ਕਮਲਾ ਵੱਲੋਂ ਲਿਆਂਦੀ ਗਈ ਆਰਥਿਕ ਆਫ਼ਤ ਨੂੰ ਸਮਾਪਤ ਕਰਾਂਗੇ ਅਤੇ ਇਕ ਨਵੇਂ ਟਰੰਪ ਆਰਥਿਕ ਚਮਤਕਾਰ ਦੀ ਸ਼ੁਰੂਆਤ ਕਰਾਂਗੇ।’’ ਉਨ੍ਹਾਂ ਦੋਸ਼ ਲਾਇਆ ਕਿ ਹੈਰਿਸ ਦੇ ਅਸਫ਼ਲ ਆਰਥਿਕ ਏਜੰਡੇ ਨੇ ਹਾਲ ਵਿੱਚ ਨਿੱਜੀ ਖੇਤਰ ਦੀਆਂ ਲਗਪਗ 30,000 ਨੌਕਰੀਆਂ ਅਤੇ ਪਿਛਲੇ ਕੁਝ ਸਮੇਂ ਵਿੱਚ ਉਤਪਾਦਨ ਖੇਤਰ ਦੀਆਂ ਲਗਪਗ 50,000 ਨੌਕਰੀਆਂ ਖ਼ਤਮ ਕਰ ਦਿੱਤੀਆਂ। ਟਰੰਪ ਨੇ ਦੋਸ਼ ਲਗਾਇਆ ਕਿ ਹੈਰਿਸ ਦੀਆਂ ਦੇਸ਼ ਨੂੰ ਬਰਬਾਦ ਕਰਨ ਵਾਲੀਆਂ ਨੀਤੀਆਂ ਕਰ ਕੇ ਅਮਰੀਕੀ ਕਾਮੇ ਪੂਰੀ ਤਰ੍ਹਾਂ ਡੁੱਬ ਰਹੇ ਹਨ।
ਉਨ੍ਹਾਂ ਕਿਹਾ, ‘‘ਮੈਂ ਯੂਕਰੇਨ ਵਿੱਚ ਜੰਗ ਖ਼ਤਮ ਕਰ ਦੇਵਾਂਗਾ। ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ ਇਹ ਕਦੇ ਸ਼ੁਰੂ ਹੀ ਨਾ ਹੁੰਦਾ। ਮੈਂ ਪੱਛਮੀ ਏਸ਼ੀਆ ਵਿੱਚ ਬਦਅਮਨੀ ਨੂੰ ਰੋਕਾਂਗਾ। ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ 7 ਅਕਤੂਬਰ ਵਰਗੀ ਸਥਿਤੀ ਕਦੇ ਨਾ ਹੁੰਦੀ। ਮੈਂ ਤੀਜੀ ਵਿਸ਼ਵ ਜੰਗ ਨੂੰ ਹੋਣ ਤੋਂ ਰੋਕਾਂਗਾ।’’ -ਏਪੀ