ਸੰਵਿਧਾਨ ਬਚਾਉਣ ਲਈ ਜਾਨ ਵਾਰ ਦਿਆਂਗਾ: ਕਨ੍ਹੱਈਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਮਈ
ਲੋਕ ਸਭਾ ਹਲਕਾ ਉੱਤਰ ਪੂਰਬੀ ਦਿੱਲੀ ਤੋਂ ਕਾਂਗਰਸ ਉਮੀਦਵਾਰ ਅਤੇ ਜੇਐਨਯੂ ਦੇ ਸਾਬਕਾ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਨੇ ਅੱਜ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਭਾਰਤ ਅਤੇ ਇਸ ਦੇ ਸੰਵਿਧਾਨ ਦੀ ਰਾਖੀ ਲਈ ਉਹ ਆਪਣੀ ਜਾਨ ਕੁਰਬਾਨ ਕਰ ਦੇਣਗੇ। ਉਨ੍ਹਾਂ ਐਕਸ ’ਤੇ ਕਿਹਾ, ‘‘ਅੱਜ ‘ਇੰਡੀਆ’ ਗੱਠਜੋੜ ਦੇ ਉੱਤਰ ਪੂਰਬੀ ਦਿੱਲੀ ਲੋਕ ਸਭਾ ਹਲਕੇ ਦੇ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾਖਲ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੋਪਾਲ ਰਾਏ, ਵਿਧਾਇਕ ਸੰਜੀਵ ਝਾਅ, ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇਵੇਂਦਰ ਯਾਦਵ, ਕਾਂਗਰਸ ਆਗੂ ਅਨਿਲ ਚੌਧਰੀ ਅਤੇ ਸਾਬਕਾ ਵਿਧਾਇਕ ਨਰੇਂਦਰ ਨਾਥ ਵੀ ਮੌਜੂਦ ਸਨ। ਨਾਮਜ਼ਦਗੀ ਰੈਲੀ ਵਿੱਚ ਪਹੁੰਚੇ ਵੱਡੀ ਗਿਣਤੀ ਸਾਥੀਆਂ ਦਾ ਧੰਨਵਾਦ।’’ ਉਨ੍ਹਾਂ ਕਿਹਾ, ‘‘ਤੁਹਾਡਾ ਸਾਥ ਅਤੇ ਆਸ਼ੀਰਵਾਦ ਹੀ ਸਾਡੀ ਅਸਲੀ ਤਾਕਤ ਹੈ। ਅਸੀਂ ਇਸ ਦੇ ਦਮ ’ਤੇ ਉੱਤਰ-ਪੂਰਬੀ ਦਿੱਲੀ ਨੂੰ ਬਿਹਤਰ ਬਣਾਉਣ ਲਈ ਹਰ ਨਕਾਰਾਤਮਕ ਤਾਕਤ ਨਾਲ ਲੜਾਂਗੇ ਤੇ ਜਿੱਤਾਂਗੇ।’’
ਆਪਣੀ ਨਾਮਜ਼ਦਗੀ ਭਰਨ ਤੋਂ ਪਹਿਲਾਂ ਵਿਦਿਆਰਥੀ ਨੇਤਾ ਤੋਂ ਸਿਆਸਤਦਾਨ ਬਣੇ ਕਨ੍ਹਈਆ ਨੇ ਐਕਸ ’ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਵਿੱਚ ਉਹ ਵੱਖ-ਵੱਖ ਧਰਮਾਂ ਦੇ ਆਗੂਆਂ ਨਾਲ ਦਿਖਾਈ ਦੇ ਰਿਹਾ ਹੈ। ਇੱਕ ਤਸਵੀਰ ਵਿੱਚ ਉਸ ਨੂੰ ‘ਹਵਨ’ ਅਤੇ ਸਰਵਧਰਮ ਪ੍ਰਾਰਥਨਾ ਵਿੱਚ ਹਿੱਸਾ ਲੈਂਦਿਆਂ ਦੇਖਿਆ ਜਾ ਸਕਦਾ ਹੈ।
ਉਸ ਨੇ ਐਕਸ ’ਤੇ ਕਿਹਾ, ‘‘ਅੱਜ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਵੱਖ-ਵੱਖ ਧਾਰਮਿਕ ਆਗੂਆਂ ਨੇ ਸੰਵਿਧਾਨ ਦੀ ਪ੍ਰਸਤਾਵਤਾ ਭੇਟ ਕਰ ਕੇ ਮੇਰੇ ਲਈ ਦੁਆਵਾਂ ਕੀਤੀਆਂ ਅਤੇ ਆਸ਼ੀਰਵਾਦ ਦਿੱਤਾ। ਇਹ ਹੀ ਸਾਡਾ ਭਾਰਤ ਹੈ ਅਤੇ ਇਹ ਹੀ ਸਾਡਾ ਸੰਵਿਧਾਨ ਹੈ। ਮੈਂ ਇਸ ਭਾਰਤ ਅਤੇ ਇਸ ਦੇ ਸੰਵਿਧਾਨ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦੇਵਾਂਗਾ।’’ ਬੀਤੇ ਦਿਨ ਉਸ ਨੇ ਐਕਸ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਸੀ ਕਿ ਉਹ ਬੇਇਨਸਾਫ਼ੀ ਖ਼ਿਲਾਫ਼ ਲੜਨਗੇ ਅਤੇ ਉਨ੍ਹਾਂ ਲੋਕਾਂ ਨੂੰ ਵਾਤਾਵਰਣ ਨੂੰ ਧਿਆਨ ਵਿੱਚ ਰੱਖਦਿਆਂ ਰੈਲੀਆਂ ਦੌਰਾਨ ਪਟਾਕੇ ਨਾ ਚਲਾਉਣ ਦੀ ਅਪੀਲ ਕੀਤੀ ਸੀ।