ਬਦਲਾਅ ਲਿਆਉਣ ਵਾਲੀਆਂ ਤਕਨਾਲੋਜੀਆਂ ਵਿਕਸਤ ਕਰਾਂਗੇ: ਬਾਇਡਨ
ਵਾਸ਼ਿੰਗਟਨ, 24 ਜੂਨ
ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਨਵੀਆਂ ਤਕਨਾਲੋਜੀਆਂ ਨੂੰ ਡਿਜ਼ਾਈਨ ਅਤੇ ਵਿਕਸਤ ਕਰਨ ਲਈ ਰਲ ਕੇ ਕੰਮ ਕਰਨਗੇ ਜੋ ਦੁਨੀਆ ਭਰ ‘ਚ ਲੋਕਾਂ ਦੀ ਜ਼ਿੰਦਗੀ ‘ਚ ਬਦਲਾਅ ਲਿਆਏਗੀ। ਉਨ੍ਹਾਂ ਕਿਹਾ ਕਿ ਉਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਵੱਲੇ ਤਕਨੀਕੀ ਸਹਿਯੋਗ ‘ਚ ਰੋੜੇ ਅਟਕਾਉਣ ਵਾਲੇ ‘ਅੜਿੱਕਿਆਂ’ ਬਾਰੇ ਗੱਲਬਾਤ ਕਰਨਗੇ।
ਬਾਇਡਨ ਨੇ ਕਿਹਾ ਕਿ ਭਾਰਤ-ਅਮਰੀਕੀ ਭਾਈਵਾਲੀ ਨੂੰ ਪਰਿਭਾਸ਼ਿਤ ਕਰਨ ‘ਚ ਤਕਨੀਕੀ ਸਹਿਯੋਗ ਇਕ ਅਹਿਮ ਹਿੱਸਾ ਹੋਵੇਗਾ। ਉਨ੍ਹਾਂ ਸ਼ੁੱਕਰਵਾਰ ਨੂੰ ਕਿਹਾ ਕਿ ਨਿੱਜੀ ਅਤੇ ਜਨਤਕ ਭਾਈਵਾਲਾਂ ਨੂੰ ਅੱਗੇ ਵਧਾ ਰਹੇ ਹਾਂ ਜਿਸ ‘ਚ ਭਾਰਤ ਅਤੇ ਅਮਰੀਕੀ ਪੁਲਾੜ ਯਾਤਰੀਆਂ, ਭਾਰਤੀ ਪੁਲਾੜ ਯਾਤਰੀਆਂ ਅਤੇ ਕਾਰੋਬਾਰੀਆਂ, ਵਿਗਿਆਨਕਾਂ ਅਤੇ ਵਿਦਿਆਰਥੀਆਂ ਵਿਚਕਾਰ ਇਕ ਨਵਾਂ ਪ੍ਰੋਗਰਾਮ ਸ਼ੁਰੂ ਕਰਨਾ ਸ਼ਾਮਲ ਹੈ। ਬਾਇਡਨ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਤੇ ਉਸ ਨਾਲ ਸਿੱਝਣ, ਬ੍ਰਹਿਮੰਡ ਦੀ ਖੋਜ ਕਰਨ, ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ, ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਦਾ ਇਲਾਜ ਕਰਨ, ਮਹਾਮਾਰੀ ਨੂੰ ਰੋਕਣ ਅਤੇ ਨਾਗਰਿਕਾਂ ਨੂੰ ਢੁੱਕਵੇਂ ਮੌਕੇ ਦੇਣ ਬਾਰੇ ਇਹ ਪ੍ਰੋਗਰਾਮ ਹੈ। ਆਪਣੀ ਟਿੱਪਣੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤੀ ਹੁਨਰ ਅਤੇ ਅਮਰੀਕੀ ਤਕਨਾਲੋਜੀ ਦੇ ਇਕੱਠੇ ਆਉਣ ਨਾਲ ਉੱਜਵਲ ਭਵਿੱਖ ਦੀ ਗਾਰੰਟੀ ਹੈ। ਮੋਦੀ ਨੇ ਵ੍ਹਾਈਟ ਹਾਊਸ ਦੇ ਇਕ ਪ੍ਰੋਗਰਾਮ ‘ਚ ਤਕਨਾਲੋਜੀ ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ਅਤੇ ਸੀਈਓ ਨਾਲ ਮੀਟਿੰਗ ‘ਚ ਕਿਹਾ ਕਿ ਭਾਰਤੀ ਨੌਜਵਾਨਾਂ ਨੇ ਆਪਣੇ ਹੁਨਰ ਰਾਹੀਂ ਦੁਨੀਆ ‘ਚ ਵੱਖਰੀ ਪਛਾਣ ਬਣਾਈ ਹੈ। ਪ੍ਰੋਗਰਾਮ ‘ਚ ਮਾਈਕਰੋਸਾਫਟ ਦੇ ਸੀਈਓ ਸੱਤਿਆ ਨਡੇਲਾ, ਗੂਗਲ ਦੇ ਸੀਈਓ ਸੁੰਦਰ ਪਿਚਈ, ਰਿਲਾਇੰਸ ਦੇ ਮੁਖੀ ਮੁਕੇਸ਼ ਅੰਬਾਨੀ, ਮਹਿੰਦਰਾ ਦੇ ਆਨੰਦ ਮਹਿੰਦਰਾ ਅਤੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਹਿੱਸਾ ਲਿਆ। ਇਸ ਦੌਰਾਨ ਪਿਚਈ ਨੇ ਸ੍ਰੀ ਮੋਦੀ ਨੂੰ ਦੱਸਿਆ ਕਿ ਗੂਗਲ ਭਾਰਤ ਡਿਜੀਟਾਈਜ਼ੇਸ਼ਨ ਫੰਡ ‘ਚ 10 ਅਰਬ ਡਾਲਰ ਦਾ ਨਿਵੇਸ਼ ਕਰ ਰਿਹਾ ਹੈ। ਉਨ੍ਹਾਂ ਗਾਂਧੀਨਗਰ ‘ਚ ਗੁਜਰਾਤ ਇੰਟਰਨੈਸ਼ਨਲ ਫਾਇਨਾਂਸ ਟੈੱਕ ਸਿਟੀ ‘ਚ ਗੂਗਲ ਦਾ ਆਲਮੀ ਫਿਨਟੈੱਕ ਅਪਰੇਸ਼ਨ ਸੈਂਟਰ ਖੋਲ੍ਹਣ ਦਾ ਵੀ ਐਲਾਨ ਕੀਤਾ। -ਪੀਟੀਆਈ