ਮੌਰੀਸ਼ਸ ਨੂੰ ਤਰੱਕੀ ਤੇ ਖੁਸ਼ਹਾਲੀ ਲਈ ਸਹਿਯੋਗ ਦਿੰਦੇ ਰਹਾਂਗੇ: ਜੈਸ਼ੰਕਰ
ਪੋਰਟ ਲੁਈ, 16 ਜੁਲਾਈ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੌਰੀਸ਼ਸ ਦੀ ਤਰੱਕੀ ਤੇ ਖ਼ੁਸ਼ਹਾਲੀ ਦੀ ਦਿਸ਼ਾ ਵਿਚ ਭਾਰਤ ਵੱਲੋਂ ਲਗਾਤਾਰ ਤੇ ਸਥਿਰ ਹਮਾਇਤ ਦੇਣ ਦਾ ਦਾਅਵਾ ਕੀਤਾ ਹੈ। ਜੈਸ਼ੰਕਰ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਮੌਰੀਸ਼ਸ ਦੇ ਆਗੂਆਂ ਨਾਲ ‘ਸਾਰਥਕ ਗੱਲਬਾਤ’ ਵਾਸਤੇ ਦੋ ਰੋਜ਼ਾ ਫੇਰੀ ਉੱਤੇ ਇਥੇ ਆਏ ਹਨ।
ਜੈਸ਼ੰਕਰ ਨੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਦੀ ਹਾਜ਼ਰੀ ਵਿਚ ਕਰਵਾਏ ਪ੍ਰੋਗਰਾਮ ਦੌਰਾਨ ਕਿਹਾ, ‘‘ਮੌਰੀਸ਼ਸ ਨਾਲ ਭਾਰਤ ਦੇ ਰਿਸ਼ਤੇ ਮਜ਼ਬੂਤ ਤੇ ਬਹੁਪੱਖੀ ਭਾਈਵਾਲੀ ਵਿਚ ਤਬਦੀਲ ਹੋ ਗਏ ਹਨ। ਮੌਰੀਸ਼ਸ ਨਾਲ ਦੁਵੱਲੇ ਸਬੰਧ ਵਿਦੇਸ਼ ਵਿਚ ਭਾਰਤ ਦੇ ਸਫਲ ਵਿਕਾਸ ਸਹਿਯੋਗ ਦੀ ਆਦਰਸ਼ ਮਿਸਾਲ ਹਨ।’’ ਜੈਸ਼ੰਕਰ ਨੇ ਕਿਹਾ, ‘‘ਭਾਰਤ ਇਸ ਅਹਿਮ ਭਾਈਵਾਲੀ, ਜੋ ਹਿੰਦ ਮਹਾਸਾਗਰ ਖਿੱਤੇ ਦੇ ਭਵਿੱਖ ਲਈ ਬਹੁਤ ਅਹਿਮ ਹੈ, ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।’’ ਬੈਠਕ ਦੌਰਾਨ ਜੈਸ਼ੰਕਰ ਤੇ ਪ੍ਰਧਾਨ ਮੰਤਰੀ ਜਗਨਨਾਥ ਨੇ ਦੁਵੱਲੇ ਰਿਸ਼ਤਿਆਂ ਦੇ ਵੱਖ ਵੱਖ ਪਹਿਲੂਆਂ ਦੇ ਨਾਲ ਵਿਕਾਸ ਭਾਈਵਾਲੀ, ਰੱਖਿਆ ਤੇ ਸੁਮੰਦਰੀ ਸਹਿਯੋਗ, ਆਰਥਿਕ ਤੇ ਵਪਾਰਕ ਰਿਸ਼ਤਿਆਂ ਆਦਿ ਉੱਤੇ ਵੀ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ, ‘‘ਮੈਂ ਇਹ ਗੱਲ ਜ਼ੋਰ ਦੇ ਕੇ ਆਖਦਾ ਹਾਂ ਕਿ ਭਾਰਤ ਮੌਰੀਸ਼ਸ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਲਗਾਤਾਰ ਤੇ ਸਥਿਤ ਹਮਾਇਤ ਦਿੰਦਾ ਰਹੇਗਾ।’’ -ਪੀਟੀਆਈ