ਅਨੁਸੂਚਿਤ ਜਾਤਾਂ ਅੰਦਰ ਉਪ-ਵਰਗ ਬਣਾਏ ਜਾਣ ਖ਼ਿਲਾਫ਼ ਅਪੀਲ ਕਰਾਂਗੇ: ਚਿਰਾਗ ਪਾਸਵਾਨ
ਪਟਨਾ, 3 ਅਗਸਤ
ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਸੁਪਰੀਮ ਕੋਰਟ ਵੱਲੋਂ ਸੂਬਿਆਂ ਨੂੰ ਅਨੁਸੂਚਿਤ ਜਾਤਾਂ ਅੰਦਰ ਉਪ-ਵਰਗ ਬਣਾਉਣ ਦੀ ਇਜਾਜ਼ਤ ਦਿੱਤੇ ਜਾਣ ਸਬੰਧੀ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਇਸ ਖ਼ਿਲਾਫ਼ ਅਪੀਲ ਦਾਇਰ ਕਰੇਗੀ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਸਵਾਨ ਨੇ ਕਿਹਾ ਕਿ ਉਹ ਜਾਤ ਆਧਾਰਿਤ ਜਨਗਣਨਾ ਦੇ ਹੱਕ ਵਿੱਚ ਹਨ ਜਿਸ ਦੀ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਜ਼ੋਰਦਾਰ ਮੰਗ ਕਰ ਰਹੇ ਹਨ। ਹਾਲਾਂਕਿ, ਪਾਸਵਾਨ ਦਾ ਇਹ ਵੀ ਮੰਨਣਾ ਹੈ ਕਿ ਜਾਤੀ ਜਨਗਣਨਾ ਦੇ ਨਤੀਜੇ ਜਨਤਕ ਨਹੀਂ ਕੀਤੇ ਜਾਣੇ ਚਾਹੀਦੇ। ਉਨ੍ਹਾਂ ਕਿਹਾ, ‘‘ਸਾਡੀ ਪਾਰਟੀ ਸਿਖਰਲੀ ਅਦਾਲਤ ਨੂੰ 15 ਫੀਸਦੀ ਅਨੁਸੂਚਿਤ ਜਾਤੀ ਕੋਟੇ ਵਿੱਚ ਉਪ-ਵਰਗ ਬਣਾਉਣ ਦੀ ਇਜਾਜ਼ਤ ਦੇਣ ਦੇ ਹਾਲੀਆ ਫ਼ੈਸਲੇ ਦੀ ਨਜ਼ਰਸਾਨੀ ਦੀ ਅਪੀਲ ਕਰੇਗੀ।’’ ਉਨ੍ਹਾਂ ਕਿਹਾ, ‘‘ਐੱਸਸੀ ਕੋਟੇ ਅੰਦਰ ਕ੍ਰੀਮੀ ਲੇਅਰ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਐੱਸਸੀ ਕੋਟੇ ਵਿੱਚ ਉਪ-ਵਰਗਾਂ ਨੂੰ ਇਜਾਜ਼ਤ ਦੇਣ ਨਾਲ ਸਮਾਜਿਕ ਤੌਰ ’ਤੇ ਹਾਸ਼ੀਏ ਉੱਤੇ ਧੱਕੇ ਵਰਗ ਨੂੰ ਉੱਚਾ ਚੁੱਕਣ ਦਾ ਮਕਸਦ ਪੂਰਾ ਨਹੀਂ ਹੋਵੇਗਾ, ਜੋ ਛੂਆ-ਛਾਤ ਦੀ ਪ੍ਰਥਾ ਦਾ ਸ਼ਿਕਾਰ ਰਿਹਾ ਹੈ।’’ -ਪੀਟੀਆਈ
‘ਕ੍ਰੀਮੀ ਲੇਅਰ’ ਲਾਗੂ ਕਰਨ ਦੇ ਕਿਸੇ ਵੀ ਕਦਮ ਦਾ ਵਿਰੋਧ ਕਰਾਂਗੇ: ਅਠਾਵਲੇ
ਮੁੰਬਈ: ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ ’ਚ ਕਰੀਮੀ ਲੇਅਰ ਬਾਰੇ ਮਾਪਦੰਡ ਲਾਗੂ ਕਰਨ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਬੀਤੇ ਦਿਨੀਂ ਇਨ੍ਹਾਂ ਭਾਈਚਾਰਿਆਂ ਵਿੱਚ ਉਪ-ਵਰਗੀਕਰਨ ਬਾਰੇ ਇਤਿਹਾਸਕ ਫ਼ੈਸਲਾ ਸੁਣਾਇਆ ਹੈ। ਰਿਪਬਲਿਕਨ ਪਾਰਟੀ ਆਫ ਇੰਡੀਆ (ਅਠਾਵਲੇ) ਦੇ ਮੁਖੀ ਨੇ ਕਿਹਾ ਕਿ ਐੱਸਸੀ/ਐੱਸਟੀ ਦੇ ਉਪ-ਵਰਗ ਦਾ ਸੁਪਰੀਮ ਕੋਰਟ ਦਾ ਫ਼ੈਸਲਾ ਉਨ੍ਹਾਂ ਜਾਤੀਆਂ ਨੂੰ ਇਨਸਾਫ਼ ਦਿਵਾਏਗਾ ਜੋ ਇਨ੍ਹਾਂ ਸ਼੍ਰੇਣੀਆਂ ਵਿੱਚ ਵਧੇਰੇ ਪਛੜੀਆਂ ਹਨ। ਇਸ ਮੌਕੇ ਉਨ੍ਹਾਂ ਓਬੀਸੀ ਅਤੇ ਜਨਰਲ ਵਰਗ ਦੇ ਮੈਂਬਰਾਂ ਲਈ ਵੀ ਬਰਾਬਰ ਉਪ-ਵਰਗ ਬਣਾਉਣ ਦੀ ਮੰਗ ਕੀਤੀ ਹੈ। ਅਠਾਵਲੇ ਨੇ ਕਿਹਾ ਕਿ ਐੱਸਸੀ/ਐੱਸਟੀ ਲਈ ਰਿਜ਼ਰਵੇਸ਼ਨ ਜਾਤ ਆਧਾਰਿਤ ਹੈ। ਆਰਪੀਆਈ (ਅਠਾਵਲੇ) ਦੇ ਮੁਖੀ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ ਦੀ ਰਿਜ਼ਰਵੇਸ਼ਨ ਲਈ ਕ੍ਰੀਮੀ ਲੇਅਰ ਦੇ ਮਾਪਦੰਡਾਂ ਨੂੰ ਲਾਗੂ ਕਰਨ ਦੇ ਕਿਸੇ ਵੀ ਕਦਮ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। -ਪੀਟੀਆਈ