ਕੀ ਅਮਰੀਕਾ ਕੈਨੇਡਾ ਨੂੰ ਆਪਣੇ ਅਧੀਨ ਕਰ ਲਵੇਗਾ?
ਕੈਨੇਡਾ ਖੇਤਰਫਲ ਪੱਖੋਂ ਵਿਸ਼ਵ ਦਾ ਦੂਸਰਾ ਵੱਡਾ ਦੇਸ਼ ਹੈ। ਨੰਬਰ ਇੱਕ ਰੂਸ ਹੈ। ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਜੋ 20 ਜਨਵਰੀ 2025 ਨੂੰ ਮੁਲਕ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਰਹੇ ਹਨ, ਆਪਣੀਆਂ ਰਾਜਨੀਤਕ, ਡਿਪਲੋਮੈਟਿਕ ਅਤੇ ਹੋਰ ਬੇਤੁਕੀਆਂ ਮਾਰਨ ਲਈ ਮਸ਼ਹੂਰ ਹਨ। ਇਹ ਸੱਚ ਹੈ ਕਿ ਅਮਰੀਕਾ ਆਪਣੇ ਦੋ ਗੁਆਂਢੀ ਮੁਲਕਾਂ- ਉੱਤਰ ਵਿੱਚ ਕੈਨੇਡਾ ਅਤੇ ਦੱਖਣ ਵਿੱਚ ਮੈਕਸਿਕੋ ਦੀਆਂ ਸਰਹੱਦਾਂ ਰਾਹੀਂ 70 ਦੇਸ਼ਾਂ ਦੇ ਹਜ਼ਾਰਾਂ ਗੈਰ-ਕਾਨੂੰਨੀ ਪਰਵਾਸੀ ਘੁਸਣ ਅਤੇ ਮਾਰੂ ਨਸ਼ੀਲੇ ਪਦਾਰਥਾਂ ਦੇ ਪੁੱਜਣ ਤੋਂ ਬੇਜ਼ਾਰ ਹੈ। ਕੈਨੇਡਾ ਤੋਂ ਇਸ ਸਾਲ 19000 ਪਰਵਾਸੀ ਘੁਸੇ।
ਟਰੰਪ ਇਹ ਘੁਸਪੈਠ ਅਤੇ ਸਪਲਾਈ ਬੰਦ ਕਰਨਾ ਚਾਹੁੰਦੇ ਹਨ। ਉਹ ਸਰਹੱਦਾਂ ’ਤੇ ਚੌਕਸੀ ਮਜ਼ਬੂਤ ਕਰਨ ਲਈ ਕਹਿ ਰਹੇ ਹਨ। ਵਿਸ਼ਵੀਕਰਨ, ਕਾਰਪੋਰੇਟ ਸਰਦਾਰੀ ਦੇ ਇਸ ਦੌਰ ਵਿਚ ਜਦੋਂ ਵੱਡੇ ਮਗਰਮੱਛ ਛੋਟੇ ਨੂੰ ਨਿਗਲਣ ਕਾਹਲੇ ਹਨ ਤਾਂ ਟਰੰਪ ਨੇ ਕੈਨੇਡਾ ਅਤੇ ਮੈਕਸਿਕੋ ਨੂੰ ਧਮਕੀ ਦਿੱਤੀ ਹੈ ਕਿ ਜੇ ਇਨ੍ਹਾਂ ਦੋਹਾਂ ਦੇਸ਼ਾਂ ਨੇ ਆਪਣੀਆਂ ਸਰਹੱਦਾਂ ਰਾਹੀਂ ਗੈਰ-ਕਾਨੂੰਨੀ ਪਰਵਾਸੀ ਘੁਸਪੈਠ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਨਾ ਰੋਕੀ ਤਾਂ ਉਹ ਉਨ੍ਹਾਂ ਦੇਸ਼ਾਂ ਵੱਲੋਂ ਕੀਤੀਆਂ ਜਾਂਦੀਆਂ ਸਭ ਬਰਾਮਦ ਵਸਤਾਂ ’ਤੇ 25 ਪ੍ਰਤੀਸ਼ਤ ਟੈਰਿਫ ਠੋਕ ਦੇਵੇਗਾ; ਭਾਵ, ਉਨ੍ਹਾਂ ਨੂੰ ਆਰਥਿਕ ਤੌਰ ’ਤੇ ਬਰਬਾਦ ਕਰ ਦੇਵੇਗਾ।
ਇੱਥੇ ਹੀ ਬੱਸ ਨਹੀਂ, ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਟਰੰਪ ਦੇ ਧਮਕੀ ਭਰੇ ਵੇਗ ਨੂੰ ਠੰਢਾ ਕਰਨ ਲਈ ਉਸ ਦੀ ਰਿਹਾਇਸ਼ (ਫਲੋਰੀਡਾ) ਪੁੱਜੇ ਤਾਂ ਉਨ੍ਹਾਂ ਨਾਲ ਕੋਝਾ ਵਿਹਾਰ ਕੀਤਾ ਗਿਆ। ਆਪਣੀ ਟਰੁੱਥ ਸੋਸ਼ਲ ’ਤੇ ਉਸ ਨੂੰ ਮਹਾਨ ਕੈਨੇਡਾ ਦਾ ਗਵਰਨਰ ਕਹਿ ਕੇ ਤਨਜ਼ ਕੀਤਾ। ਇਹ ਵੀ ਕਿਹਾ ਕਿ ਉਹ ਬਹੁਤ ਛੇਤੀ ਮੁੁੜ ਗਵਰਨਰ ਕੈਨੇਡਾ ਨੂੰ ਮਿਲਣ ਦੀ ਤਾਂਘ ਵਿਚ ਹੈ। ਕਿਸੇ ਪ੍ਰਭੂਤਾ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਇਸ ਤੋਂ ਵੱਡੀ ਹੋਰ ਕਿਹੜੀ ਬੇਇਜ਼ਤੀ ਹੋ ਸਕਦੀ ਹੈ?
ਦਰਅਸਲ ਕੈਨੇਡਾ 75 ਪ੍ਰਤੀਸ਼ਤ ਬਰਾਮਦ ਅਮਰੀਕਾ ਨੂੰ ਕਰਦਾ ਹੈ। ਕੈਨੇਡਾ ਦੀ ਕੁੱਲ ਸਾਲਾਨਾ ਬਰਾਮਦ ਇੱਕ ਟ੍ਰਿਲੀਅਨ ਡਾਲਰ ਦੀ ਹੁੰਦੀ ਹੈ। ਕੈਨੇਡਾ ਦਾ ਵੱਡੇ ਪੱਧਰ ’ਤੇ ਵਪਾਰ, ਕਾਰੋਬਾਰ, ਰੁਜ਼ਗਾਰ ਅਤੇ ਆਰਥਿਕਤਾ ਦਾ ਸੋਮਾ ਇਸ ਵੇਲੇ ਅਮਰੀਕਾ ਹੈ। ਦੋਹਾਂ ਦੇਸ਼ਾਂ ਦੇ ਲੋਕ ਵਿਆਹ ਸ਼ਾਦੀਆਂ ਅਤੇ ਕਾਰੋਬਾਰ ਕਰ ਕੇ ਇੱਕ ਦੂਸਰੇ ’ਤੇ ਨਿਰਭਰ ਕਰਦੇ ਹਨ। ਫਲੋਰੀਡਾ ਵਿਚ ਟਰੰਪ ਦੇ ਘਰ ਖਾਣੇ ਦੇ ਮੇਜ਼ ’ਤੇ ਜਦੋਂ ਜਸਟਿਨ ਟਰੂਡੋ ਨੇ ਕਿਹਾ ਕਿ ਜੇ ਤੁਸੀਂ ਸਾਡੇ ਬਰਾਮਦ ’ਤੇ 25 ਪ੍ਰਤੀਸ਼ਤ ਟੈਰਿਫ ਲਗਾ ਦੇਵੋਗੇ ਤਾਂ ਇਸ ਨਾਲ ਕੈਨੇਡੀਅਨ ਆਰਥਿਕਤਾ ਬਰਬਾਦ ਹੋ ਜਾਵੇਗੀ ਤਾਂ ਟਰੰਪ ਨੇ ਜਵਾਬ ਵਿਚ ਸੁਝਾਅ ਦਿੱਤਾ ਕਿ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣ ਜਾਣਾ ਚਾਹੀਦਾ ਹੈ। ਟਰੰਪ ਚੁਟਕੀ ਲੈਣੋਂ ਇਥੇ ਹੀ ਬੰਦ ਨਹੀਂ ਹੋਇਆ, ਉਸ ਨੇ ਟਰੂਡੋ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਚੰਗਾ ਰੁੱਤਬਾ ਹੈ, ਫਿਰ ਵੀ ਉਹ 51ਵੇਂ ਸੂਬੇ ਦਾ ਗਵਰਨਰ ਬਣ ਸਕਦਾ ਹੈ। ਟਰੰਪ ਨੇ ਇਹੀ ਗੱਲ ਕੁਝ ਦਿਨ ਬਾਅਦ ਦੁਹਰਾਈ ਵੀ।
ਅਮਰੀਕਾ ਦੀ ਕੈਨੇਡਾ ਨੂੰ ਹਥਿਆਉਣ ਦੀ ਲਲਕ ਪੁਰਾਣੀ ਹੈ। ਜਦੋਂ ਅਮਰੀਕਾ ਨੇ ਬ੍ਰਿਟਿਸ਼ ਸਾਮਰਾਜ ਤੋਂ 4 ਜੁਲਾਈ 1776 ਨੂੰ ਆਜ਼ਾਦੀ ਦਾ ਐਲਾਨ ਕੀਤਾ ਤਾਂ ਅਮਰੀਕੀ ਕਾਂਟੀਨੈਂਟਲ ਕਾਂਗਰਸ ਨੇ ਕੈਨੇਡਾ ਨੂੰ ਅਮਰੀਕਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। 1812 ਵਿਚ ਅਮਰੀਕਾ ਨੇ ਬ੍ਰਿਟਿਸ਼ ਸਾਮਰਾਜ ਵਿਰੁੱਧ ਜੰਗ ਦਾ ਐਲਾਨ ਕਰ ਦਿਤਾ। ਸਭ ਤੋਂ ਪਹਿਲਾਂ ਉਸ ਨੇ ਉਸ ਦੀ ਕੈਨੇਡੀਅਨ ਬਸਤੀ ’ਤੇ ਹਮਲਾ ਕੀਤਾ ਲੇਕਿਨ ਮੂੰਹ ਦੀ ਖਾਧੀ ਅਤੇ ਸਮਝੌਤਾ ਕਰ ਲਿਆ। ਵੈਸੇ ਜਿਵੇਂ ਪਾਕਿਸਤਾਨੀ ਸ਼ਾਸਕ ਜਨਰਲ ਅਯੂਬ ਨੂੰ ਭਾਰਤ ’ਤੇ 1965 ਦੇ ਹਮਲੇ ਵੇਲੇ ਭਰਮ ਸੀ ਕਿ ਉਹ ਟਹਿਲਦੇ-ਟਹਿਲਦੇ ਦਿੱਲੀ ਪੁੱਜ ਜਾਣਗੇ, ਵਾਂਗ ਅਮਰੀਕੀ ਰਾਸ਼ਟਰਪਤੀ ਮੈਡੀਸਨ ਨੂੰ ਵੀ ਭਰਮ ਸੀ ਕਿ ਉਹ ਕੁਝ ਦਿਨਾਂ ਵਿਚ ਕੈਨੇਡਾ ’ਤੇ ਕਬਜ਼ਾ ਕਰ ਲਵੇਗਾ। ਕੈਨੇਡੀਅਨ ਇਤਿਹਾਸ ਵਿਚ 1988 ਦੀਆਂ ਫੈਡਰਲ ਚੋਣਾਂ ਦਾ ਦਿਲਚਸਪ ਕਿੱਸਾ ਸਾਹਮਣੇ ਆਉਂਦਾ ਹੈ ਜਦੋਂ ਤਤਕਾਲੀ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਬ੍ਰਾਈਨ ਮੁਲਰੋਨੀ ਵੱਲੋਂ ਅਮਰੀਕਾ ਨਾਲ ਖੁੱਲ੍ਹਾ ਵਪਾਰ ਸੰਧੀ ਦੇ ਮੁੱਦੇ ’ਤੇ ਚੋਣਾਂ ਲੜਨ ਸਮੇਂ ਲਿਬਰਲ ਪਾਰਟੀ ਆਗੂ ਜੌਹਨ ਟਰਨਰ ਵੱਲੋਂ ਕੈਨੇਡਾ ਨੂੰ ਅਮਰੀਕਾ ਕੋਲ ਵੇਚੇ ਜਾਣ ਦਾ ਦੋਸ਼ ਲਗਾਇਆ ਸੀ। ਇਹ ਦੋਸ਼ ਇੰਨਾ ਸੰਜੀਦਾ ਸੀ ਕਿ 25 ਅਕਤੂਬਰ 1988 ਨੂੰ ਦੋਹਾਂ ਦਰਮਿਅਨ ਕੌਮੀ ਬਹਿਸ ਬਾਅਦ ਜੋ ਲਿਬਰਲ ਤੀਸਰੇ ਨੰਬਰ ’ਤੇ ਸਨ, ਨੂੰ 48 ਘੰਟੇ ਵਿਚ 75 ਪ੍ਰਤੀਸ਼ਤ ਕੈਨੇਡੀਅਨ ਵੋਟਰਾਂ ਦੀ ਹਮਾਇਤ ਹਾਸਿਲ ਹੋ ਗਈ ਸੀ।
ਜੌਹਨ ਟਰਨਰ ਨੇ ਬਹਿਸ ਦੌਰਾਨ ਪ੍ਰਧਾਨ ਮੰਤਰੀ ਵੱਲ ਉਂਗਲ ਕਰਦੇ ਹੋਏ ਦੋਸ਼ ਲਗਾਏ ਕਿ ਤੁਸਾਂ ਸਾਡੀ ਐਨਰਜੀ ਵੇਚ ਦਿੱਤੀ, ਤੁਸਾਂ ਸਾਡਾ ਨਿਵੇਸ਼ ਵੇਚ ਦਿਤਾ ਹੈ, ਤੁਸੀਂ ਸਾਡਾ ਸਪਲਾਈ ਪ੍ਰਬੰਧ ਅਤੇ ਖੇਤੀ ਵੇਚ ਦਿਤੀ ਹੈ; ਹਜ਼ਾਰਾਂ ਕਾਮੇ ਵਿਹਲੇ ਕਰ ਕੇ ਰੱਖ ਦਿਤੇ ਹਨ। ਤੁਸਾਂ ਸਾਨੂੰ (ਕੈਨੇਡੀਅਨਾਂ ਨੂੰ) ਵੇਚ ਦਿਤਾ ਹੈ। ਇਸ ਦੇਸ਼ ਦੀ ਆਜ਼ਾਦ ਹੋਂਦ ਗੁਆ ਦਿੱਤੀ ਹੈ ਤੇ ਚੋਣਾਂ ਦਾ ਮੁੱਖ ਮੁੱਦਾ ਇਹੀ ਹੈ। ਅਸਾਂ ਦੇਸ਼ ਦਾ ਪੂਰਬ, ਪੱਛਮ, ਉੱਤਰ ਵਿਚ ਨਿਰਮਾਣ ਕੀਤਾ। ਇਸ ਦਾ ਮੂਲ ਢਾਂਚਾ ਖੜ੍ਹਾ ਕੀਤਾ। ਅਮਰੀਕੀ ਦਬਾਅ ਝੱਲਿਆ। ਅਸੀਂ ਇਹ ਦਬਾਅ 120 ਸਾਲਾਂ ਤੋਂ ਝੱਲ ਰਹੇ ਹਾਂ। ਤੁਸਾਂ ਇੱਕ ਦਸਤਖ਼ਤ ਰਾਹੀਂ ਸਭ ਕੁਝ ਖ਼ਤਮ ਕਰ ਕੇ ਕੈਨੇਡਾ ਨੂੰ ਅਮਰੀਕਾ ਦੀ ਬਸਤੀ ਬਣਾਉਣਾ ਚਾਹੁੰਦੇ ਹੋ।
ਪ੍ਰਧਾਨ ਮੰਤਰੀ ਮੁਲਰੋਨੀ ਦੇ ਸਲਾਹਕਾਰਾਂ, ਅਮਰੀਕੀ ਪ੍ਰਸ਼ਾਸਨ, ਕਾਰਪੋਰੇਟਰਾਂ ਅਤੇ ਵਪਾਰੀਆਂ ਨੇ ਮੀਂਹ ਵਾਂਗ ਧਨ ਵਰਸਾਇਆ। ਉਸ ਸਮੇਂ ਚੋਣ ਮੁਹਿੰਮ ’ਤੇ ਇੱਕ ਮਿਲੀਅਨ ਡਾਲਰ ਖ਼ਰਚੇ। ਟਰਨਰ ਦੀ ਸਚਾਈ ਨੂੰ ਗੁਮਰਾਹਕੁਨ ਪ੍ਰਚਾਰ ਕਰਾਰ ਦਿਤਾ। 21 ਨਵੰਬਰ 1988 ਨੂੰ ਹੈਰਾਨਕੁਨ ਨਤੀਜੇ ਸਾਹਮਣੇ ਆਏ। ਪ੍ਰਧਾਨ ਮੰਤਰੀ ਮੁਲਰੋਨੀ ਦੀ ਕੰਜ਼ਰਵੇਟਿਵ ਪਾਰਟੀ ਨੂੰ 169, ਟਰਨਰ ਦੀ ਲਿਬਰਲ ਪਾਰਟੀ ਨੂੰ 83, ਨਿਊ ਡੈਮੋਕ੍ਰੈਟਿਕ ਪਾਰਟੀ ਨੂੰ 43 ਸੀਟਾਂ ਹਾਮਿਲ ਹੋਈਆਂ। 1989 ਦੇ ਪਹਿਲੇ ਦਿਨ ਅਮਰੀਕਾ ਨਾਲ ਖੁੱਲ੍ਹਾ ਵਪਾਰ ਸਮਝੌਤਾ ਕੀਤਾ ਗਿਆ। ਇਉਂ ਅਮਰੀਕਾ ਦੀ ਵਪਾਰਕ, ਕਾਰੋਬਾਰੀ ਅਤੇ ਆਰਥਿਕ ਸਰਦਾਰੀ ਹੋ ਗਈ। ਕੈਨੇਡਾ ਉਸ ਦੀ ਆਰਥਿਕ ਬਸਤੀ ਕਰ ਕੇ ਰਹਿ ਗਿਆ। ਸਚਾਈ ਇਹੀ ਹੈ। ਇਸੇ ਕਰ ਕੇ ਡੋਨਲਡ ਟਰੰਪ ਨੇ ਇਸ ਨੂੰ 51ਵਾਂ ਸੂਬਾ ਕਹਿਣ ਦੀ ਹਮਾਕਤ ਕੀਤੀ ਹੈ।
ਸਾਮਰਾਜਵਾਦੀਆਂ ਅਤੇ ਅਜੋਕੇ ਕਾਰਪੋਰੇਟਵਾਦੀਆਂ ਦੀ ਮੂਲ ਨੀਤੀ ਪ੍ਰਸਾਰਵਾਦ ਦੀ ਹੈ। ਅਮਰੀਕਾ ਨੇ ਵੀ ਉਹੀ ਬ੍ਰਿਟਿਸ਼ ਸਾਮਰਾਜਵਾਦੀ ਪ੍ਰਸਾਰਵਾਦੀ ਨੀਤੀ ਅਪਣਾਈ ਹੈ। ਇਹ ਅੱਜ ਵੀ ਵਿਸ਼ਵ ਥਾਣੇਦਾਰੀ ਕਰਨੋਂ ਨਹੀਂ ਟਲਦਾ। 30 ਮਾਰਚ 1867 ਵਿਚ ਇਸ ਨੇ ਅਲਾਸਕਾ ਖੇਤਰ ਰੂਸ ਤੋਂ ਖਰੀਦ ਲਿਆ। 1845 ਵਿਚ ਟੈਕਸਸ ਹਥਿਆ ਲਿਆ। ਇਸੇ ਪ੍ਰਸਾਰਵਾਦੀ ਨੀਤੀ ਕਰ ਕੇ ਇਸ ਦੀ ਅੱਖ ਕੈਨੇਡਾ ’ਤੇ ਰਹਿੰਦੀ ਹੈ।
ਕੈਨੇਡਾ ਦੀ ਫੈਡਰਲ ਸਰਕਾਰ ਨੇ ਅਮਰੀਕਾ ਨਾਲ ਆਪਣੀਆਂ ਸਰਹੱਦਾਂ ਮਜ਼ਬੂਤ ਕਰਨ ਲਈ 13 ਬਿਲੀਅਨ ਡਾਲਰ ਦਾ ਸੁਰੱਖਿਆ ਪੈਕੇਜ ਤਿਆਰ ਕੀਤਾ ਹੈ। ਗੈਰ-ਕਾਨੂੰਨੀ ਪਰਵਾਸ ਅਤੇ ਨਸ਼ੀਲੇ ਪਦਾਰਥ ਰੋਕਣ ਲਈ ਚਾਲੂ ਮਾਲੀ ਸਾਲ ਵਿਚ 81 ਬਿਲੀਅਨ ਡਾਲਰ , 2025-26 ਵਿਚ 144, 2026-27 ਵਿਚ 278, 2027-28 ਵਿਚ 275, 2028-29 ਵਿਚ 282 ਅਤੇ 2029-30 ਵਿਚ 241 ਬਿਲੀਅਨ ਡਾਲਰ ਖ਼ਰਚੇ ਜਾਣਗੇ। ਸਰਹੱਦ ’ਤੇ ਪੁਲੀਸ ਅਤੇ ਫੌਜੀ ਨਫਰੀ ਵਧਾਈ ਜਾਵੇਗੀ।
16 ਦਸੰਬਰ ਨੂੰ ਹਾਊਸਿੰਗ ਮੰਤਰੀ ਸੀਨ ਫਰੇਜ਼ਰ ਦੇ ਅਸਤੀਫੇ ਦੇ ਕੁਝ ਘੰਟੇ ਬਾਅਦ ਵਿੱਤ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਅਸਤੀਫੇ ਬਾਅਦ ਪ੍ਰਧਾਨ ਮੰਤਰੀ ਟਰੂਡੋ ਦੀ ਹਾਲਤ ਹੋਰ ਖਰਾਬ ਹੋ ਗਈ ਹੈ, ਭਾਵੇਂ ਕ੍ਰਿਸਟੀਆ ਦਾ ਆਪਣਾ ਰਿਕਾਰਡ ਚੰਗਾ ਨਹੀਂ ਰਿਹਾ ਪਰ ਪ੍ਰਧਾਨ ਮੰਤਰੀ ’ਤੇ ਅਸਤੀਫਾ ਦੇਣ ਲਈ ਪਾਰਟੀ ਅੰਦਰੋਂ ਦਬਾਅ ਵਧ ਰਿਹਾ ਹੈ। ਅਜਿਹੀ ਮੰਗ ਕਰਨ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ 25 ਤੋਂ ਵੱਧ ਕੇ 45 ਹੋਣ ਦੀ ਚਰਚਾ ਹੈ।
ਅਜਿਹੇ ਹਾਲਾਤ ਦੌਰਾਨ ਸੂਬਾਈ ਲੀਡਰਸ਼ਿਪ ਨੇ ਓਂਟਾਰੀਓ ਸੂਬੇ ਦੇ ਪ੍ਰੀਮੀਅਰ ਡਗਫੋਰਡ ਦੀ ਅਗਵਾਈ ਵਿਚ ਕਮਾਨ ਸੰਭਾਲੀ ਹੈ। ਪ੍ਰਧਾਨ ਮੰਤਰੀ ਨਾਲ ਮੀਟਿੰਗ ਬਾਅਦ 16 ਦਸੰਬਰ ਨੂੰ ਉਨ੍ਹਾਂ ਟੋਰਾਂਟੋ ਦੇ ਹਿਲਟਨ ਹੋਟਲ ਵਿਚ ਕੌਂਸਲ ਆਫ ਫੈਡਰੇਸ਼ਨ ਨੇ ਮੀਟਿੰਗ ਕੀਤੀ। ਟਰੰਪ ਨੂੰ ਕਰਾਰਾ ਜਵਾਬ ਦਿੰਦਿਆਂ ਓਂਟਾਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਆਪਣੇ ਰਾਜ ਵੱਲੋਂ 5 ਅਮਰੀਕੀ ਰਾਜਾਂ ਨੂੰ ਦਿਤੀ ਜਾਣ ਵਾਲੀ ਬਿਜਲੀ ਬੰਦ ਕਰਨ ਦੀ ਧਮਕੀ ਦਿੱਤੀ ਹੈ। ਅਮਰੀਕਾ ਨੂੰ 60 ਪ੍ਰਤੀਸ਼ਤ ਤੇਲ ਦੇਣ ਵਾਲੇ ਅਲਬਰਟਾ, ਬਿਜਲੀ ਦੇਣ ਵਾਲੇ ਕਿਊਬੈਕ ਤੇ ਕੁਝ ਹੋਰ ਸੂਬਿਆਂ ਦੇ ਪ੍ਰੀਮੀਅਰ, ਡਗਫੋਰਡ ਦੀ ਜਵਾਬੀ ਕਾਰਵਾਈ ਨਾਲ ਸਹਿਮਤ ਨਾ ਹੋਏ ਪਰ ਕੈਨੇਡਾ ਦੀ ਆਜ਼ਾਦੀ, ਸੁਰੱਖਿਆ ਅਤੇ ਇੱਕਜੁਟਤਾ ਦਾ ਅਹਿਦ ਕੀਤਾ। ਉਨ੍ਹਾਂ ਦੀ ਕੈਨੇਡਾ ਟੀਮ ਮਿਸ਼ਨ ਅਮਰੀਕੀ ਰਾਜਧਾਨੀ ਵਾਸ਼ਿੰਗਟਨ ਜਾਵੇਗੀ। ਸੈਨੇਟਰਾਂ, ਕਾਂਗਰਸ ਮੈਂਬਰਾਂ, ਗਵਰਨਰਾਂ ਅਤੇ ਉੱਚ ਅਧਿਕਾਰੀਆਂ ਨਾਲ ਵਪਾਰ ਅਤੇ ਆਪਸੀ ਸਬੰਧਾਂ ਬਾਰੇ ਗੱਲਬਾਤ ਕਰੇਗੀ। ਕੈਨੇਡਾ ਦੀ ਫੌਜ ਨੂੰ ਮਜ਼ਬੂਤ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ ਤਾਂ ਕਿ ਫੈਡਰਲ ਸਰਕਾਰ ਨਾਲ ਮਿਲ ਕੇ ਸਰਹੱਦਾਂ ਦੀ ਰਾਖੀ ਕੀਤੀ ਜਾ ਸਕੇ।
ਅੱਜ ਲੋੜ ਸਮੂਹ ਕੈਨੇਡੀਅਨਾਂ ਦੀ ਏਕਤਾ ਦੀ ਹੈ। ਅੰਗਸ ਰੀਡ ਪੋਲ ਅਨੁਸਾਰ, 94 ਪ੍ਰਤੀਸ਼ਤ ਕੈਨੇਡੀਅਨ ਅਮਰੀਕਾ ਵਿਚ ਸ਼ਾਮਿਲ ਹੋਣ ਦੇ ਖਿ਼ਲਾਫ਼ ਹਨ। ਕੈਨੇਡਾ ਨੂੰ ਅਮਰੀਕਾ, ਰੂਸ, ਚੀਨ, ਭਾਰਤ ਆਦਿ ਦੇਸ਼ਾਂ ਵਾਂਗ ਆਪਣੇ ਕੁਦਰਤੀ ਸਾਧਨਾਂ, ਤਕਨੀਕ, ਹੁਨਰ ਦੇ ਬਲਬੂਤੇ ਤਾਕਤਵਰ ਮੁਲਕ ਬਣਨਾ ਚਾਹੀਦਾ ਹੈ। ਇਜ਼ਰਾਈਲ ਵਾਂਗ ਫੌਜੀ ਸ਼ਕਤੀ ਮਜ਼ਬੂਤ ਕਰਨੀ ਚਾਹੀਦੀ ਹੈ। ਮਜ਼ਬੂਤ ਰਾਜਨੀਤਕ ਲੀਡਰਸਿਪ ਪੈਦਾ ਕਰਨੀ ਚਾਹੀਦੀ ਹੈ ਤਾਂ ਕਿ ਭਵਿੱਖ ਵਿਚ ਕੋਈ ਟਰੰਪ ਜਾਂ ਅਮਰੀਕੀ ਰਾਸ਼ਟਰਪਤੀ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਬਾਰੇ ਨਾ ਸੋਚ ਸਕੇ।
ਸੰਪਰਕ: 1-289-829-2929