ਹਮੇਸ਼ਾ ਭਾਜਪਾ ’ਚ ਹੀ ਰਹਾਂਗਾ: ਮਨਪ੍ਰੀਤ
ਪੱਤਰ ਪ੍ਰੇਰਕ
ਬਠਿੰਡਾ, 27 ਅਗਸਤ
ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਲਾਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਢਿੱਲੋਂ ’ਤੇ ਵਰ੍ਹਦਿਆਂ ਕਿਹਾ ਇਹ ਉਹ ਸਖ਼ਸ਼ ਹੈ, ਜਿਸ ਨੇ ਕਦੇ ਵੀ ਚੋਣ ਨਹੀਂ ਜਿੱਤੀ। ਉਨ੍ਹਾਂ ਕਿਹਾ ਡਿੰਪੀ ਬੁਖਲਾਹਟ ਵਿੱਚ ਦੂਸ਼ਣਬਾਜ਼ੀ ਦਾ ਸਹਾਰਾ ਲੈ ਰਿਹਾ ਹੈ| ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਗਿੱਦੜਬਾਹਾ ਅਤੇ ਹੋਰ ਥਾਵਾਂ ’ਤੇ ਰਵਾਇਤੀ ਅਕਾਲੀ ਦਲ ਦਾ ਵੋਟ ਬੈਂਕ ਲਗਾਤਾਰ ਭਾਜਪਾ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਭਾਜਪਾ ਦਾ ਵਰਕਰ ਹੈ ਅਤੇ ਭਾਜਪਾ ਉਸ ਦਾ ਘਰ ਹੈ। ਹੁਣ ਅਤੇ ਹਮੇਸ਼ਾ ਲਈ ਉਹ ਪਾਰਟੀ ਦੀਆਂ ਹਦਾਇਤਾਂ ਦੀ ਵਫ਼ਾਦਾਰੀ ਨਾਲ ਪਾਲਣਾ ਕਰੇਗਾ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰੇਗਾ। ਮਨਪ੍ਰੀਤ ਬਾਦਲ ਨੇ ਕਿਹਾ ਕਿ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਭਾਜਪਾ ਸਾਡੇ ਦੇਸ਼ ਅਤੇ ਪੰਜਾਬ ਦਾ ਵਰਤਮਾਨ ਤੇ ਭਵਿੱਖ ਹੈ। ਉਨ੍ਹਾਂ ਕਿਹਾ ਕਿ ਡਿੰਪੀ ਢਿੱਲੋਂ ਵੱਲੋਂ ‘ਆਪ’ ਵਿੱਚ ਸ਼ਾਮਲ ਹੋਣ ਦੀਆਂ ਆਪਣੀਆਂ ਗੁਪਤ ਕੋਸ਼ਿਸ਼ਾਂ ਨੂੰ ਜਾਇਜ਼ ਠਹਿਰਾਉਣ ਅਤੇ ਸੱਚ ਲੁਕਾਉਣ ਲਈ ਇੱਕ ਹਥਕੰਡਾ ਹੈ। ਉਹ ਅਕਾਲੀ ਦਲ ਵੱਲੋਂ ਚੋਣ ਲੜਨ ਤੋਂ ਬਚਣਾ ਚਾਹੁੰਦਾ ਹੈ ਕਿਉਂਕਿ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ ਅਤੇ ਉਸ ਕੋਲ ਭੱਜਣ ਦਾ ਕੋਈ ਬਹਾਨਾ ਨਹੀਂ ਸੀ। ਸ੍ਰੀ ਬਾਦਲ ਨੇ ਕਿਹਾ ਕਿ ਡਿੰਪੀ ਢਿੱਲੋਂ ਅਕਾਲੀ ਦਲ ਛੱਡਣ ਅਤੇ ‘ਆਪ’ ਵਿੱਚ ਸ਼ਾਮਲ ਹੋਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਇਜ਼ ਠਹਿਰਾਉਣ ਦਾ ਬਹਾਨਾ ਲੱਭ ਰਿਹਾ ਸੀ।