ਜੰਗਲੀ ਸੂਰ ਕਰਨ ਲੱਗੇ ਮੱਕੀ ਦਾ ਉਜਾੜਾ
ਪਰਮਜੀਤ ਸਿੰਘ
ਫ਼ਾਜ਼ਿਲਕਾ, 8 ਜੁਲਾਈ
ਮਾਲਵੇ ਦੇ ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ, ਫਰੀਦਕੋਟ ਅਤੇ ਬਠਿੰਡਾ ਜ਼ਿਲ੍ਹਿਆਂ ’ਚ ਬਹੁਤ ਸਾਰੇ ਕਿਸਾਨਾਂ ਨੇ ਪਸ਼ੂਆਂ ਲਈ ਆਚਾਰ ਵਾਲੀ ਮੱਕੀ ਕਾਸ਼ਤ ਕੀਤੀ ਸੀ, ਜਿਸ ਦਾ ਜੰਗਲੀ ਸੂਰਾਂ ਨੇ ਉਜਾੜਾ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਥਾਵਾਂ ’ਤੇ ਦੇਖਣ ਵਿਚ ਆਇਆ ਹੈ ਕਿ ਇਹ ਜੰਗਲੀ ਸੂਰ ਮੱਕੀ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਾ ਚੁੱਕੇ ਹਨ। ਪਿੰਡ ਕੰਧਵਾਲਾ ਹਾਜ਼ਰ ਖਾਂ ਦੇ ਕਿਸਾਨ ਪ੍ਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 4 ਏਕੜ ਰਕਬੇ ਵਿੱਚ ਘਰੇਲੂ ਪਸ਼ੂਆਂ ਲਈ ਆਚਾਰ ਪਾਉਣ ਲਈ ਮੱਕੀ ਬੀਜੀ ਸੀ। ਹੁਣ ਕਟਾਈ ਸਮੇਂ ਜੰਗਲੀ ਸੂਰਾਂ ਨੇ ਹਮਲਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਜੰਗਲੀ ਸੂਰ ਮੱਕੀ ਦੇ ਬੂਟੇ ਨੂੰ ਵਿਚਾਲਿਓਂ ਕੱਟ ਕੇ ਨੀਵਾਂ ਕਰ ਲੈਂਦੇ ਹਨ ਅਤੇ ਫਿਰ ਉਪਰ ਤੋਂ ਖਾ ਜਾਂਦੇ ਹਨ। ਉਨ੍ਹਾਂ ਦੇ ਖੇਤ ਵਿਚ ਕਰੀਬ ਢਾਈ ਏਕੜ ਰਕਬੇ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੀ ਮੰਡੀ ਅਰਨੀਵਾਲਾ ਜ਼ੈਲ ਦੇ ਪਿੰਡਾਂ ਵਿਚ ਜੰਗਲੀ ਸੂਰ ਵੱਡੇ ਪੱਧਰ ’ਤੇ ਨੁਕਸਾਨ ਕਰ ਰਹੇ ਹਨ। ਉਨ੍ਹਾਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਜੰਗਲੀ ਸੂਰਾਂ ਨੂੰ ਰੋਕਣ ਦਾ ਪ੍ਰਬੰਧ ਕੀਤਾ ਜਾਵੇ।