ਜੰਗਲੀ ਜਾਨਵਰਾਂ ਨੇ ਰੈਣ ਬਸੇਰੇ ਛੱਡੇ
ਹਰਦੀਪ ਸਿੰਘ
ਫਤਿਹਗੜ੍ਹ ਪੰਜਤੂਰ, 31 ਜੁਲਾਈ
ਸਤਲੁਜ ਵਿੱਚ ਆਏ ਹੜ੍ਹਾਂ ਨੇ ਪਸ਼ੂ, ਪੰਛੀਆਂ ਅਤੇ ਜਾਨਵਰਾਂ ਨੂੰ ਵੀ ਬੁਰੀ ਤਰਾਂ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ। ਸਤਲੁਜ-ਬਿਆਸ ਸੰਗਮ ’ਤੇ ਬਣੀ ਕੌਮਾਂਤਰੀ ਪੰਛੀਆਂ ਦੀ ਰੱਖ ਲੰਘੇ ਦਿਨੀਂ ਦਰਿਆਵਾਂ ਵਿੱਚ ਆਏ ਹੜ੍ਹਾਂ ਦੀ ਮਾਰ ਤੋਂ ਨਹੀਂ ਬੱਚ ਸਕੀ। ਇਸ ਰੱਖ ਵਿੱਚ ਰਹਿੰਦੇ ਜੰਗਲੀ ਜਾਨਵਰਾਂ ਨੇ ਪਾਣੀ ਵਿੱਚ ਘਿਰੇ ਆਪਣੇ ਰੈਣ ਬਸੇਰੇ ਛੱਡ ਦਿੱਤੇ ਹਨ। ਉਕਤ ਜਾਨਵਰਾਂ ਨੇ ਹੁਣ ਸੁਰੱਖਿਅਤ ਟਿਕਾਣਿਆਂ ਦੀ ਭਾਲ ਲਈ ਆਮ ਪਿੰਡਾਂ ਵੱਲ ਆਪਣਾ ਰੁਖ਼ ਕਰ ਲਿਆ ਹੈ, ਲੇਕਿਨ ਗੈਰ ਜੰਗਲੀ ਇਲਾਕੇ ਵਿੱਚ ਜੰਗਲੀ ਜਾਨਵਰਾਂ ਦੀ ਸੁਰੱਖਿਆ ਦਾਅ ’ਤੇ ਲੱਗੀ ਗਈ ਹੈ। ਅੱਜ ਤੜਕਸਾਰ ਹਰੀਕੇ ਰੱਖ ਵਿੱਚੋਂ ਜੰਗਲੀ ਬਾਂਦਰਾਂ ਦਾ ਇੱਕ ਝੁੰਡ ਇੱਥੇ ਫਤਿਹਗੜ੍ਹ ਪੰਜਤੂਰ-ਧਰਮਕੋਟ ਮੁੱਖ ਸੜਕ ’ਤੇ ਪਿੰਡ ਖੰਬੇ ਕੋਲ ਦੇਖਿਆ ਗਿਆ। ਉਧਰ ਦੂਸਰੇ ਪਾਸੇ ਲੋਕਾਂ ਵਿੱਚ ਅਜਿਹੇ ਜਾਨਵਰਾਂ ਸਦਕਾ ਦਹਿਸ਼ਤ ਦਾ ਮਾਹੌਲ ਹੈ। ਖੇਤਰ ਦੇ ਲੋਕਾਂ ਨੇ ਇਨ੍ਹਾਂ ਭਟਕੇ ਜਾਨਵਰਾਂ ਨੂੰ ਕਾਬੂ ਕਰਕੇ ਸੁਰੱਖਿਅਤ ਥਾਵਾਂ ਮੁਹੱਈਆ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਸਬੰਧੀ ਹਰੀਕੇ ਰੱਖ ਦੇ ਮੁੱਖ ਅਧਿਕਾਰੀ ਕਮਲਜੀਤ ਸਿੰਘ ਹੁਰਾਂ ਦਾ ਕਹਿਣਾ ਸੀ ਕਿ ਹੜ੍ਹਾਂ ਦੇ ਬੇਕਾਬੂ ਪਾਣੀ ਨੇ ਜੰਗਲੀ ਜੀਵਾਂ ਦੀ ਵੀ ਭਾਰੀ ਤਬਾਹੀ ਕੀਤੀ ਹੈ। ਰੱਖ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਵੱਡੀ ਗਿਣਤੀ ਵਿੱਚ ਜੰਗਲੀ ਜਾਨਵਰ ਸੁਰੱਖਿਅਤ ਟਿਕਾਣਿਆਂ ਦੀ ਭਾਲ ਲਈ ਜੰਗਲੀ ਖੇਤਰ ਵਿੱਚੋਂ ਬਾਹਰ ਨਿਕਲ ਗਏ ਸਨ, ਜਿਨ੍ਹਾਂ ਨੂੰ ਵਾਪਸ ਲਿਆਉਣ ਲਈ ਵਿਭਾਗ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਫਤਿਹਗੜ੍ਹ ਪੰਜਤੂਰ ਖੇਤਰ ਵਿੱਚ ਭਟਕ ਰਹੇ ਬਾਂਦਰਾਂ ਦੇ ਝੁੰਡ ਨੂੰ ਵੀ ਕਾਬੂ ਕਰਕੇ ਰੱਖ ਵਿੱਚ ਲਿਆਉਣ ਲਈ ਉਹ ਟੀਮ ਨੂੰ ਇਸ ਪਾਸੇ ਭੇਜਣਗੇ।