ਬਠਿੰਡਾ ਹਵਾਈ ਅੱਡੇ ਨੇੜੇ ਜੰਗਲੀ ਜਾਨਵਰ ਦੀ ਦਹਿਸ਼ਤ
ਮਨੋਜ ਸ਼ਰਮਾ
ਬਠਿੰਡਾ, 21 ਫ਼ਰਵਰੀ
ਇਥੇ ਹਵਾਈ ਅੱਡੇ ਨੇੜਲੇ ਖੇਤਰ ਵਿੱਚ ਪਿਛਲੇ 15 ਦਿਨਾਂ ਤੋਂ ਇੱਕ ਜੰਗਲੀ ਜਾਨਵਰ ਦੀ ਦਹਿਸ਼ਤ ਹੈ। ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਹਾਲੇ ਵੀ ਜਾਨਵਰ ਨੂੰ ਕਾਬੂ ਨਹੀਂ ਕਰ ਸਕੀ। ਹਵਾਈ ਪੱਟੀ ਹਲਕੇ ਦੇ ਲਗਪਗ ਅੱਧਾ ਦਰਜਨ ਪਿੰਡਾਂ ਦੇ ਲੋਕ ਖੌਫਜ਼ਦਾ ਹਨ। ਜਾਣਕਾਰੀ ਮੁਤਾਬਕ, ਇਹ ਜਾਨਵਰ ਹੁਣ ਤੱਕ ਲਗਪਗ ਛੇ ਲੋਕਾਂ ’ਤੇ ਹਮਲਾ ਕਰ ਚੁੱਕਾ ਹੈ। ਅੱਜ ਕਿਲੀ ਨਿਹਾਲ ਸਿੰਘ ਵਾਲਾ ਦੇ ਗੁੱਸੇ ਵਿੱਚ ਆਏ ਲੋਕਾਂ ਦੀ ਵਣ ਵਿਭਾਗ ਦੇ ਰੇਂਜ ਅਫਸਰ ਤੇਜਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨਾਲ ਬਹਿਸ ਵੀ ਹੋਈ। ਲੋਕਾਂ ਨੇ ਦੱਸਿਆ ਕਿ ਪਿਛਲੀ ਰਾਤ ਪਿੰਡ ਦੇ ਇੱਕ ਪਰਵਾਸੀ ਮਜ਼ਦੂਰ ਦੀ ਬੱਕਰੀ ’ਤੇ ਹਮਲਾ ਹੋਇਆ ਪਰ ਵਿਭਾਗ ਦੀ ਟੀਮ ਇਸ ਜਾਨਵਰ ਨੂੰ ਕਿਲੀ ਨਿਹਾਲ ਸਿੰਘ ਵਾਲਾ ਵਿੱਚ ਲੱਭਣ ਦੀ ਬਜਾਏ ਮੁਕਤਸਰ ਜ਼ਿਲ੍ਹੇ ਦੇ ਪਿੰਡ ਚੋਟੀਆਂ ਵਿੱਚ ਲੱਭ ਰਹੀ ਹੈ। ਕਾਬਲ-ਏ ਗੌਰ ਹੈ ਕਿ ਪਿਛਲੇ ਹਫ਼ਤੇ, ਹਵਾਈ ਅੱਡੇ ਦੀ ਕੰਧ ਨੇੜੇ ਇੱਕ ਤੇਂਦੂਏ ਵਰਗਾ ਜਾਨਵਰ ਕੈਮਰੇ ਵਿੱਚ ਕੈਦ ਹੋਇਆ। ਰੇਂਜ ਅਫਸਰ ਤੇਜਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸ਼ਾਇਦ ਕੋਈ ਭਰਮ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇੱਕ ਵਿਸ਼ੇਸ਼ ਵਣ ਗਾਰਡ ਟੀਮ ਤਾਇਨਾਤ ਕੀਤੀ ਗਈ ਹੈ, ਜੋ ਦਿਨ-ਰਾਤ ਪਹਿਰਾ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਲੀ ਨਿਹਾਲ ਸਿੰਘ ਵਾਲਾ ਵਿੱਚ ਤਿੰਨ ਪਿੰਜਰੇ ਲਗਾਏ ਗਏ ਹਨ, ਜਿਨ੍ਹਾਂ ਵਿੱਚ ਹੁਣ ਤੱਕ ਸਿਰਫ਼ ਜੰਗਲੀ ਕੁੱਕੜ ਅਤੇ ਕੁੱਤੇ ਫਸੇ ਹਨ।