ਡੱਬਵਾਲੀ ਦੇ ਪੇਂਡੂ ਖੇਤਰ ’ਚ ਜੰਗਲੀ ਜਾਨਵਰ ਦੀ ਦਹਿਸ਼ਤ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 3 ਫਰਵਰੀ
ਇਸ ਖੇਤਰ ਦੇ ਪਿੰਡਾਂ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਜੰਗਲੀ ਜਾਨਵਰ ਨੇ ਦਹਿਸ਼ਤ ਫੈਲਾ ਰੱਖੀ ਹੈ। ਪਿੰਡ ਮਲਿਕਪੁਰ ਦੇ ਇੱਕ ਘਰ ਵਿੱਚ ਅੱਜ ਸਵੇਰੇ ਇੱਕ ਜੰਗਲੀ ਜਾਨਵਰ ਨੇ ਸੁੱਤੇ ਪਏ ਬਜ਼ੁਰਗ ’ਤੇ ਹਮਲਾ ਕਰ ਦਿੱਤਾ। ਪੀੜਤ ਦੀ ਪਛਾਣ ਗੁਰਮੀਤ ਸਿੰਘ (64) ਵਜੋਂ ਹੋਈ ਹੈ। ਹਾਲਾਂਕਿ, ਰਜਾਈ ਲਏ ਹੋਣ ਕਾਰਨ ਉਸ ਦਾ ਵਾਲ-ਵਾਲ ਬਚਾਅ ਹੋ ਗਿਆ। ਉਸ ਦੇ ਰੌਲਾ ਪਾਉਣ ’ਤੇ ਜਾਨਵਰ ਕੰਧ ਟੱਪ ਕੇ ਭੱਜ ਗਿਆ। ਘਰ ਦੀਆਂ ਕੰਧਾਂ, ਦਰਵਾਜ਼ੇ ਅਤੇ ਜ਼ਮੀਨ ਉੱਪਰ ਜਾਨਵਰ ਦੀਆਂ ਨਹੁੰਦਰਾਂ ਦੇ ਨਿਸ਼ਾਨ ਹਨ। ਘਟਨਾ ਮਗਰੋਂ ਔਢਾਂ ਪੁਲੀਸ ਤੇ ਜੰਗਲੀ ਜੀਵ ਵਿਭਾਗ ਚੌਕਸ ਹੋ ਗਏ ਹਨ। ਗੁਰਮੀਤ ਸਿੰਘ ਦਾ ਘਰ ਪਿੰਡ ਦੇ ਬਾਹਰਵਾਰ ਹੈ। ਘਟਨਾ ਮਗਰੋਂ ਖੇਤਰ ਵਿੱਚ ਖੌਫ਼ ਦਾ ਮਾਹੌਲ ਹੈ। ਪਿਛਲੇ ਕਈ ਦਿਨਾਂ ਤੋਂ ਲੋਕਾਂ ਵੱਲੋਂ ਪਿੰਡ ਖੁਈਆਂ ਮਲਕਾਣਾ, ਸਾਂਵਤਖੇੜਾ ਅਤੇ ਝੁੱਟੀਖੇੜਾ ਦੇ ਖੇਤਾਂ ਵਿੱਚ ਇੱਕ ਜੰਗਲੀ ਜਾਨਵਰ ਦੇਖੇ ਜਾਣ ਦਾ ਦਾਅਵੇ ਕੀਤੇ ਜਾ ਰਹੇ ਹਨ। ਕਿਸਾਨ ਤੇ ਆਮ ਲੋਕ ਘਰਾਂ ’ਚ ਬਾਹਰ ਨਿਕਲਣ ਤੋਂ ਡਰ ਰਹੇ ਹਨ।
ਗੁਰਮੀਤ ਸਿੰਘ ਨੇ ਦੱਸਿਆ ਕਿ ਸਵੇਰੇ ਲਗਪਗ 5:15 ਵਜੇ ਜਾਨਵਰ ਨੇ ਉਸ ’ਤੇ ਹਮਲਾ ਕਰ ਦਿੱਤਾ। ਉਸਨੇ ਰਜਾਈ ਅੰਦਰੋਂ ਉੱਚੀ-ਉਚੀ ਰੌਲਾ ਪਾ ਦਿੱਤਾ। ਚੀਕਾਂ ਸੁਣ ਕੇ ਘਰ ਵਿੱਚ ਮੌਜੂਦ ਹੋਰ ਪਰਿਵਾਰਕ ਮੈਂਬਰ ਵੀ ਜਾਗ ਗਏ। ਉਦੋਂ ਤੱਕ ਜੰਗਲੀ ਜਾਨਵਰ ਸੱਤ ਫੁੱਟ ਉੱਚੀ ਕੰਧ ਟੱਪ ਕੇ ਭੱਜ ਗਿਆ। ਸੂਚਨਾ ਮਿਲਣ ਮਗਰੋਂ ਜੰਗਲੀ ਜੀਵ ਵਿਭਾਗ ਦੇ ਗਾਰਡ ਰਛਪਾਲ ਸਿੰਘ ਨੇ ਮਲਿਕਪੁਰਾ ਵਿੱਚ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ।
ਜਾਨਵਰ ਨੇ ਸਾਂਵਤਖੇੜਾ ਦੇ ਸਾਬਕਾ ਸਰਪੰਚ ’ਤੇ ਵੀ ਕੀਤਾ ਸੀ ਹਮਲਾ
ਪਿੰਡ ਸਾਂਵਤਖੇੜਾ ਵਿਖੇ ਬੀਤੀ 25 ਜਨਵਰੀ ਨੂੰ ਕੁੱਤੇ ਜਿਹੇ ਇੱਕ ਜੰਗਲੀ ਜਾਨਵਰ ਨੇ ਸਾਬਕਾ ਸਰਪੰਚ ਰਣਜੀਤ ਸਿੰਘ ਨੂੰ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਉਸ ਦੇ ਹੱਥ ’ਤੇ ਲਗਪਗ 64 ਟਾਂਕੇ ਲੱਗੇ ਸਨ। ਰਣਜੀਤ ਸਿੰਘ ਅਨੁਸਾਰ ਜਦੋਂ ਉਸ ਨੇ ਖੇਤ ਦੀ ਜਾਲੀ ’ਚ ਫਸੇ ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਹਮਲਾ ਕਰ ਦਿੱਤਾ।
ਚੀਤਾ ਨਹੀਂ, ਬਿੱਜੂ ਹੋਣ ਦੀ ਸੰਭਾਵਨਾ: ਜੰਗਲੀ ਜੀਵ ਅਧਿਕਾਰੀ
ਹਿਸਾਰ ਰੇਂਜ ਦੇ ਜੰਗਲੀ ਜੀਵ ਵਿਭਾਗ ਦੇ ਇੰਸਪੈਕਟਰ ਰਾਮਕੇਸ਼ ਚੋਪੜਾ ਨੇ ਕਿਹਾ ਕਿ ਇਹ ਚੀਤਾ ਜਾਂ ਤੇਂਦੂਆ ਨਹੀਂ, ਪਾਮ ਸਿਵੇਟ (ਬਿੱਜੂ) ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਤੇਂਦੂਏ ਜਾਂ ਚੀਤੇ ਦੇ ਪੈਰਾਂ ਦੇ ਨਿਸ਼ਾਨ ਨਹੀਂ ਹਨ। ਉਨ੍ਹਾਂ ਕਿਹਾ ਕਿ ਕਈ ਲੋਕ ਅਫਵਾਹਾਂ ਫੈਲਾ ਰਹੇ ਹਨ। ਵਿਭਾਗ ਵੱਲੋਂ ਜੰਗਲੀ ਜਾਨਵਰ ਦੀ ਭਾਲ ਜਾਰੀ ਹੈ। ਔਢਾਂ ਥਾਣੇ ਦੇ ਮੁਖੀ ਅਨਿਲ ਕੁਮਾਰ ਨੇ ਕਿਹਾ ਕਿ ਜੰਗਲੀ ਜਾਨਵਰ ਦੀ ਘਟਨਾ ਮਗਰੋਂ ਸਮੁੱਚੇ ਇਲਾਕੇ ’ਤੇ ਨਜ਼ਰ ਰੱਖੀ ਜਾ ਰਹੀ ਹੈ।