ਸ਼ਰਾਬ ਲਈ ਪੈਸੇ ਨਾ ਦੇਣ ’ਤੇ ਪਤਨੀ ਦਾ ਕਹੀ ਮਾਰ ਕੇ ਕਤਲ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 30 ਜੂਨ
ਥਾਣਾ ਸ਼ੰਭੂ ਦੀ ਹੱਦ ’ਚ ਪੈਂਦੇ ਪਿੰਡ ਚਮਾਰੂ ਨਜ਼ਦੀਕ ਇੱਟਾਂ ਦੇ ਭੱਠੇ ’ਤੇ ਕੰਮ ਕਰਦੇ ਪਰਵਾਸੀ ਮਜ਼ਦੂਰ ਨੇ ਸ਼ਰਾਬ ਦੀ ਪੂਰਤੀ ਨਾ ਕਰਨ ’ਤੇ ਆਪਣੀ ਪਤਨੀ ਕਾਂਤਾ ਦੇਵੀ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ ਹੈ। ਥਾਣਾ ਸ਼ੰਭੂ ਦੀ ਪੁਲੀਸ ਨੇ ਪਰਵਾਸੀ ਮਜ਼ਦੂਰ ਰਾਜ ਕੁਮਾਰ ਪੁੱਤਰ ਮਾਮ ਚੰਦ ਮੂਲ ਵਾਸੀ ਪਿੰਡ ਮੋਹਦੀਪੁਰ ਜ਼ਿਲ੍ਹਾ ਸਹਾਰਨਪੁਰ ਯੂਪੀ ਹਾਲ ਆਬਾਦ ਧਜਨੀ ਰਾਮ ਭੱਠਾ ਪਿੰਡ ਚਮਾਰੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸ਼ੰਭੂ ਵਿੱਚ ਮ੍ਰਿਤਕਾ ਦੇ ਪੁੱਤਰ ਹਿਮਾਂਸ਼ੂ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਪਿਤਾ ਸ਼ਰਾਬ ਪੀਣ ਦਾ ਆਦੀ ਸੀ। ਬੀਤੀ ਰਾਤ ਉਹ ਸ਼ਰਾਬ ਪੀ ਕੇ ਆਇਆ ਅਤੇ ਉਸ ਦੀ ਮਾਂ ਕੋਲੋਂ ਹੋਰ ਸ਼ਰਾਬ ਪੀਣ ਲਈ ਪੈਸਿਆਂ ਦੀ ਮੰਗ ਕਰਨ ਲੱਗਾ ਪਰ ਉਸ ਨੇ ਪੈਸੇ ਨਾ ਦਿੱਤੇ ਸਗੋਂ ਉਸ ਨੂੰ ਸ਼ਰਾਬ ਪੀਣ ਤੋਂ ਮਨ੍ਹਾ ਕਰਨ ਲੱਗੀ ਅਤੇ ਗੁਆਂਢ ਦੇ ਕੁਆਰਟਰ ਵਿਚ ਪਏ ਮੰਜੇ ਉਪਰ ਜਾ ਕੇ ਸੌਂ ਗਈ। ਸਵੇਰੇ ਲਗਭਗ 5:30 ਵਜੇ ਉਸ ਦਾ ਪਿਤਾ ਫਿਰ ਤੋਂ ਗਾਲ਼ੀ ਗਲੋਚ ਕਰਨ ਲੱਗ ਪਿਆ। ਉਸ ਦੇ ਹੱਥ ਵਿਚ ਕਹੀ ਫੜੀ ਹੋਈ ਸੀ, ਜਿਸ ਨੇ ਮੰਜੇ ’ਤੇ ਪਈ ਕਾਂਤਾ ਦੇਵੀ ਦੇ ਸਿਰ ਉਪਰ ਕਹੀ ਦੇ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਸ਼ੰਭੂ ਦੇ ਮੁੱਖ ਥਾਣਾ ਅਫ਼ਸਰ ਰਾਹੁਲ ਕੌਸ਼ਲ ਨੇ ਦੱਸਿਆ ਕਿ ਮ੍ਰਿਤਕਾ ਦੇ ਪੁੱਤਰ ਦੇ ਬਿਆਨਾ ਦੇ ਆਧਾਰ ’ਤੇ ਰਾਜ ਕੁਮਾਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।