ਸ਼ਰਾਬ ਪੀਣ ਤੋਂ ਰੋਕਣ ’ਤੇ ਪਤਨੀ ਉਤੇ ਕਾਪੇ ਨਾਲ ਹਮਲਾ
ਨਿੱਜੀ ਪੱਤਰ ਪ੍ਰੇਰਕ
ਮੋਗਾ, 31 ਜੁਲਾਈ
ਇਥੇ ਥਾਣਾ ਅਜੀਤਵਾਲ ਅਧੀਨ ਪਿੰਡ ਮੱਦੋਕੇ ਵਿਖੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਇਕ ਵਿਅਕਤੀ ਨੇ ਆਪਣੀ ਸੁੱਤੀ ਪਈ ਪਤਨੀ ਦੇ ਸਿਰ ’ਤੇ ਕਾਪੇ ਨਾਲ ਵਾਰ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਗੰਭੀਰ ਹਾਲਤ ਵਿਚ ਪੀੜਤਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੇ ਡਾਕਟਰਾਂ ਵਲੋਂ 90 ਟਾਂਕੇ ਲਗਾਏ ਗਏ ਹਨ। ਥਾਣਾ ਅਜੀਤਵਾਲ ਮੁਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤ ਔਰਤ ਆਪਣੇ ਪਤੀ ਅਮਨਦੀਪ ਸਿੰਘ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ। ਅਦਾਲਤ ਨੇ ਮੁਲਜ਼ਮ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਹੈ। ਵੇਰਵਿਆਂ ਅਨੁਸਾਰ ਮੂਲ ਰੂਪ ਵਿਚ ਪਿੰਡ ਲੰਡੇਕੇ ਦੀ ਵਸਨੀਕ ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਗੁਰਜੰਟ ਸਿੰਘ ਅਤੇ ਮਾਤਾ ਰਣਜੀਤ ਕੌਰ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ, ਇਸ ਲਈ ਉਸ ਦਾ ਵਿਆਹ ਪਿੰਡ ਮੱਦੋਕੇ ਦੇ ਅਮਨਦੀਪ ਸਿੰਘ ਨਾਲ ਕਰ ਦਿੱਤਾ ਗਿਆ ਸੀ। ਵਿਆਹ ਤੋਂ ਬਾਅਦ ਉਸ ਦੇ ਦੋ ਬੱਚੇ ਹੋਏ। ਵਿਆਹ ਤੋਂ ਬਾਅਦ ਉਸ ਦੇ ਪਤੀ ਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਉਹ ਸ਼ਰਾਬ ਪੀਂਦਾ ਸੀ ਅਤੇ ਹੁਣ ਨਸ਼ੇ ਦੇ ਟੀਕੇ ਲਗਾਉਣ ਲੱਗ ਪਿਆ। ਪੀੜਤਾ ਨੇ ਕਿਹਾ ਕਿ ਉਸ ਦਾ ਪਤੀ ਰਾਤ ਵੇਲੇ ਨਸ਼ੇ ਦੀ ਹਾਲਤ ’ਚ ਘਰ ਆਇਆ ਅਤੇ ਉਸ ’ਤੇ ਸੁੱਤੀ ਪਈ ਦੇ ਸਿਰ ਅਤੇ ਬਾਂਹ ’ਤੇ ਕਾਪੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਉਸ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।