ਹਿਮਾਚਲ ਪ੍ਰਦੇਸ਼ ’ਚ ਵਿਆਪਕ ਬਰਫ਼ਬਾਰੀ ਤੇ ਮੀਂਹ, ਅਟਲ ਸੁਰੰਗ ਨੇੜੇ ਫਸੇ 300 ਸੈਲਾਨੀ ਬਚਾਏ
ਸ਼ਿਮਲਾ, 31 ਜਨਵਰੀ
ਕਰੀਬ ਦੋ ਮਹੀਨਿਆਂ ਦੇ ਲੰਬੇ ਸੁੱਕੇ ਦੌਰ ਤੋਂ ਬਾਅਦ ਅੱਜ ਹਿਮਾਚਲ ਪ੍ਰਦੇਸ਼ ਵਿੱਚ ਬਰਫਬਾਰੀ ਅਤੇ ਇਸ ਦੇ ਹੇਠਲੇ ਇਲਾਕਿਆਂ ਵਿੱਚ ਹੋਈ ਭਾਰੀ ਬਾਰਸ਼ ਨੇ ਇਸ ਖੇਤਰ ਦੇ ਕਿਸਾਨਾਂ ਅਤੇ ਹੋਟਲ ਮਾਲਕਾਂ ਨੂੰ ਖੁਸ਼ ਕਰ ਦਿੱਤਾ। ਸ਼ਿਮਲਾ ਦੇ ਨੇੜਲੇ ਸੈਰ-ਸਪਾਟਾ ਸਥਾਨਾਂ ਨੇ ਸੀਜ਼ਨ ਦੀ ਪਹਿਲੀ ਚੰਗੀ ਬਰਫਬਾਰੀ ਦੇਖੀ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਿਮਲਾ ਦੇ ਨੇੜਲੇ ਸਥਾਨਾਂ 'ਤੇ ਅੱਜ ਸਵੇਰੇ ਕਾਫ਼ੀ ਬਰਫ਼ਬਾਰੀ ਹੋਈ।
ਇਹ ਸੀਜ਼ਨ ਦੀ ਪਹਿਲੀ ਚੰਗੀ ਬਰਫ਼ਬਾਰੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਗੜਬੜੀ ਕਾਰਨ ਸੂਬੇ ਵਿੱਚ ਬਰਫ਼ਬਾਰੀ ਵੀਰਵਾਰ ਤੱਕ ਜਾਰੀ ਰਹੇਗੀ। ਕੁੱਲੂ ਜ਼ਿਲੇ ਦੇ ਇਕ ਹੋਰ ਖੂਬਸੂਰਤ ਸੈਰ-ਸਪਾਟਾ ਸਥਾਨ ਮਨਾਲੀ ਅਤੇ ਚੰਬਾ ਜ਼ਿਲ੍ਹੇ ਦੇ ਡਲਹੌਜ਼ੀ 'ਚ ਬਰਫਬਾਰੀ ਹੋ ਰਹੀ ਹੈ। ਪੁਲੀਸ ਨੇ ਮੰਗਲਵਾਰ ਸ਼ਾਮ ਨੂੰ ਭਾਰੀ ਬਰਫ਼ਬਾਰੀ ਸ਼ੁਰੂ ਹੋਣ ਤੋਂ ਬਾਅਦ ਹਾਈਵੇਅ ਸੁਰੰਗ ਅਟਲ ਸੁਰੰਗ ਦੇ ਨੇੜੇ ਫਸੇ ਲਗਪਗ 300 ਸੈਲਾਨੀਆਂ ਨੂੰ ਬਚਾਇਆ। ਸੈਲਾਨੀ 50 ਵਾਹਨਾਂ ਅਤੇ ਐੱਚਆਰਟੀਸੀ ਬੱਸ ਵਿੱਚ ਸਫ਼ਰ ਕਰ ਰਹੇ ਸਨ। ਲਾਹੌਲ ਅਤੇ ਸਪਿਤੀ, ਚੰਬਾ, ਮੰਡੀ, ਕੁੱਲੂ, ਕਿਨੌਰ, ਸਿਰਮੌਰ ਅਤੇ ਸ਼ਿਮਲਾ ਜ਼ਿਲ੍ਹਿਆਂ ਦੇ ਉੱਚਾਈ ਵਾਲੇ ਖੇਤਰਾਂ ਵਿੱਚ ਦਰਮਿਆਨੀ ਬਰਫ਼ਬਾਰੀ ਹੋ ਰਹੀ ਹੈ। ਧਰਮਸ਼ਾਲਾ, ਸ਼ਿਮਲਾ, ਸੋਲਨ, ਨਾਹਨ ਅਤੇ ਮੰਡੀ ਸਮੇਤ ਰਾਜ ਦੇ ਹੇਠਲੇ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਈ, ਜਿਸ ਨਾਲ ਤਾਪਮਾਨ ਵਿੱਚ ਕਾਫੀ ਗਿਰਾਵਟ ਆਈ।