For the best experience, open
https://m.punjabitribuneonline.com
on your mobile browser.
Advertisement

ਜੰਗ ਦਾ ਖਾਜਾ ਕਿਉਂ

06:13 AM Jul 12, 2024 IST
ਜੰਗ ਦਾ ਖਾਜਾ ਕਿਉਂ
Advertisement

ਯੂਕਰੇਨ-ਰੂਸ ਜੰਗ ਨੂੰ ਤੀਜਾ ਸਾਲ ਚੱਲ ਰਿਹਾ ਹੈ ਅਤੇ ਜਿਉਂ-ਜਿਉਂ ਇਹ ਜੰਗ ਲੰਮੀ ਹੋ ਰਹੀ ਹੈ, ਇਸ ਦਾ ਖਾਜਾ ਬਣਨ ਵਾਲਿਆਂ ਦੀ ਪੀੜ ਪੀਢੀ ਹੋ ਰਹੀ ਹੈ। ਇਸ ਜੰਗ ਦਾ ਸਿੱਧਾ ਸੇਕ ਹੁਣ ਸਾਡੇ ਦੇਸ਼ ਤੱਕ ਵੀ ਪਹੁੰਚ ਰਿਹਾ ਹੈ। ਪਿਛਲੇ ਦਿਨੀਂ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਹਵਾਲੇ ਨਾਲ ਇਹ ਮੀਡੀਆ ਰਿਪੋਰਟਾਂ ਆਈਆਂ ਸਨ ਕਿ ਦਸ ਭਾਰਤੀ ਨੌਜਵਾਨਾਂ ਨੂੰ ਰੂਸ ਤੋਂ ਵਾਪਸ ਲਿਆਂਦਾ ਗਿਆ ਹੈ ਪਰ ਤਾਜ਼ਾ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਅਜੇ ਕਈ ਭਾਰਤੀ ਨੌਜਵਾਨ ਰੂਸ ਵਿੱਚ ਫਸੇ ਹੋਏ ਹਨ ਜਿਨ੍ਹਾਂ ਨੂੰ ਯੂਕਰੇਨ ਦੇ ਮੋਰਚੇ ’ਤੇ ਲੜਨ ਲਈ ਭੇਜਿਆ ਗਿਆ ਹੈ। ਇਨ੍ਹਾਂ ’ਚੋਂ ਕਈ ਨੌਜਵਾਨਾਂ ਬਾਰੇ ਪਤਾ ਲੱਗਿਆ ਹੈ ਕਿ ਇਹ ਪੰਜਾਬ, ਤਿਲੰਗਾਨਾ ਅਤੇ ਕਰਨਾਟਕ ਤੋਂ ਹਨ। ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੇ ਸਰਕਾਰ ਨੂੰ ਉਨ੍ਹਾਂ ਨੌਜਵਾਨਾਂ ਦੇ ਨਾਂ ਨਸ਼ਰ ਕਰਨ ਲਈ ਕਿਹਾ ਹੈ ਜਿਨ੍ਹਾਂ ਮੁਤੱਲਕ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਰੂਸ ਤੋਂ ਵਾਪਸ ਲਿਆਂਦਾ ਗਿਆ ਹੈ। ਪਰਿਵਾਰਾਂ ਦਾ ਇਹ ਵੀ ਕਹਿਣਾ ਹੈ ਕਿ ਜਿਨ੍ਹਾਂ ਨੌਜਵਾਨਾਂ ਬਾਰੇ ਯੂਕਰੇਨ ਜੰਗ ਵਿੱਚ ਸ਼ਾਮਿਲ ਹੋਣ ਬਾਰੇ ਪਤਾ ਹੈ, ਉਨ੍ਹਾਂ ’ਚੋਂ ਕੋਈ ਵੀ ਅਜੇ ਤੱਕ ਵਾਪਸ ਨਹੀਂ ਆਇਆ। ਇੱਕ ਮੀਡੀਆ ਰਿਪੋਰਟ ਵਿੱਚ ਪੰਜਾਬ ਦੇ ਨੌਜਵਾਨ ਗਗਨਦੀਪ ਸਿੰਘ ਜੋ ਗੁਰਦਾਸਪੁਰ ਜਿ਼ਲ੍ਹੇ ਤੋਂ ਹੈ, ਦਾ ਹਵਾਲਾ ਦਿੱਤਾ ਗਿਆ ਹੈ। ਉਸ ਦਾ ਕਹਿਣਾ ਹੈ ਕਿ ਇੰਗਲੈਂਡ ਦਾ ਵੀਜ਼ਾ ਹਾਸਿਲ ਕਰਨ ਲਈ ਆਧਾਰ ਤਿਆਰ ਕਰਨ ਵਾਸਤੇ ਉਹ ਟੂਰਿਸਟ ਵੀਜ਼ਾ ਲੈ ਕੇ ਰੂਸ ਗਿਆ ਸੀ ਪਰ ਉੱਥੇ ਉਸ ਨੂੰ ਜਬਰੀ ਭਰਤੀ ਕਰ ਕੇ ਅਤੇ ਹਫ਼ਤੇ ਦੀ ਸਿਖਲਾਈ ਦੇ ਕੇ ਯੂਕਰੇਨ ਵਿੱਚ ਲੜਨ ਲਈ ਭੇਜ ਦਿੱਤਾ ਗਿਆ ਸੀ। ਜੰਗ ਵਿੱਚ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਲਾਸ਼ ਵੀ ਬਰਾਮਦ ਨਹੀਂ ਕੀਤੀ ਜਾਂਦੀ। ਰਿਪੋਰਟ ਮੁਤਾਬਿਕ ਉਸ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਕੋ ਦੌਰੇ ਬਾਰੇ ਖ਼ਬਰ ਮਿਲੀ ਸੀ ਪਰ ਅਜੇ ਤੱਕ ਉਸ ਨੂੰ ਭਾਰਤ ਵਾਪਸ ਭੇਜੇ ਜਾਣ ਦੀ ਉਡੀਕ ਹੈ।
ਨਵੀਂ ਦਿੱਲੀ ਵਿੱਚ ਰੂਸੀ ਸਫਾਰਤਖਾਨੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸ ਕਦੇ ਵੀ ਭਾਰਤੀ ਨੌਜਵਾਨਾਂ ਨੂੰ ਆਪਣੀ ਫ਼ੌਜ ਵਿੱਚ ਭਰਤੀ ਨਹੀਂ ਕਰਨਾ ਚਾਹੁੰਦਾ ਸੀ। ਉਨ੍ਹਾਂ ਦਾ ਇਹ ਕਹਿਣਾ ਹੈ ਕਿ ਜਿ਼ਆਦਾਤਰ ਭਾਰਤੀਆਂ ਨੂੰ ਤਜਾਰਤੀ ਚੌਖਟੇ ਤਹਿਤ ਭਰਤੀ ਕੀਤਾ ਗਿਆ ਸੀ ਕਿਉਂਕਿ ਉਹ ਪੈਸਾ ਕਮਾਉਣਾ ਚਾਹੁੰਦੇ ਸਨ। ਉਨ੍ਹਾਂ ਇਹ ਮੰਨਿਆ ਕਿ ਬਹੁਤੇ ਭਾਰਤੀ ਨੌਜਵਾਨ ਸੈਲਾਨੀ ਵੀਜ਼ੇ ’ਤੇ ਆਏ ਸਨ ਅਤੇ ਉਹ ਰੂਸੀ ਫ਼ੌਜ ਦੇ ਸਹਾਇਕ ਸਟਾਫ ਵਜੋਂ ਕੰਮ ਕਰ ਰਹੇ ਹਨ ਪਰ ਉਨ੍ਹਾਂ ਕੋਲ ਕੰਮ ਕਰਨ ਦਾ ਅਧਿਕਾਰਤ ਵੀਜ਼ਾ ਨਹੀਂ ਹੈ।
ਇਸ ਪੱਖ ਤੋਂ ਇਹ ਕਾਫ਼ੀ ਜਟਿਲ ਮਾਮਲਾ ਬਣ ਰਿਹਾ ਹੈ। ਸਰਕਾਰ ਨੂੰ ਇਹ ਰੂਸ ਵਿੱਚ ਭਰਤੀ ਕੀਤੇ ਸਾਰੇ ਭਾਰਤੀ ਨੌਜਵਾਨਾਂ ਬਾਰੇ ਤੱਥ ਇਕੱਤਰ ਕਰ ਕੇ ਸਾਹਮਣੇ ਲਿਆਉਣੇ ਚਾਹੀਦੇ ਹਨ ਅਤੇ ਇਸ ਦੇ ਨਾਲ ਹੀ ਉੱਥੋਂ ਵਾਪਸ ਲਿਆਂਦੇ ਗਏ ਨੌਜਵਾਨਾਂ ਬਾਰੇ ਵੇਰਵੇ ਵੀ ਸਾਂਝੇ ਕਰਨੇ ਚਾਹੀਦੇ ਹਨ। ਬੇਰੁਜ਼ਗਾਰ ਨੌਜਵਾਨਾਂ ਨੂੰ ਵਰਗਲਾ ਕੇ ਅਜਿਹੇ ਖ਼ਤਰਨਾਕ ਮੰਤਵਾਂ ਲਈ ਵਰਤੇ ਜਾਣ ਵਾਲੇ ਵਿਅਕਤੀਆਂ ਅਤੇ ਏਜੰਸੀਆਂ ਦੀ ਵੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਖਿ਼ਲਾਫ਼ ਸਖ਼ਤ ਕਾਰਵਾਈ ਕਰਨੀ ਬਣਦੀ ਹੈ।

Advertisement

Advertisement
Advertisement
Author Image

joginder kumar

View all posts

Advertisement