For the best experience, open
https://m.punjabitribuneonline.com
on your mobile browser.
Advertisement

ਕਿਸਮਤ ਨੂੰ ਕਿਉਂ ਕੋਸੀਏ

12:10 PM Apr 06, 2024 IST
ਕਿਸਮਤ ਨੂੰ ਕਿਉਂ ਕੋਸੀਏ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਕਰਨੈਲ ਸਿੰਘ ਸੋਮਲ

ਮੈਂ ਬਚਪਨ ਤੋਂ ਹੀ ਤਕਦੀਰ, ਮੁਕੱਦਰ, ਨਸੀਬ, ਭਾਗ, ਹੋਣੀ, ਭਾਵੀ, ਵਿਧਾਤਾ ਜਾਂ ਮੱਥੇ ਦੀਆਂ ਲਿਖੀਆਂ ਜਿਹੇ ਸ਼ਬਦ ਲੋਕਾਂ ਦੇ ਮੂੰਹੋਂ ਸੁਣਦਾ ਆ ਰਿਹਾ ਹਾਂ। ਸਮਝਣ ਦੇ ਪੱਖੋਂ ਇਹ ਬਹੁ-ਪਾਸਾਰੀ, ਵਿਸ਼ਾਲ ਅਤੇ ਗੁੰਝਲਦਾਰ ਵਿਸ਼ਾ ਹੈ। ਮਨੁੱਖ ਮੁੱਢ ਕਦੀਮ ਤੋਂ ਇਸ ਦੀਆਂ ਪਰਤਾਂ ਫਰੋਲਣ ਦੇ ਯਤਨ ਕਰਦਾ ਰਿਹਾ ਹੈ। ਇਹ ਸਾਡੇ ਅਵਚੇਤਨ ਦਾ ਹਿੱਸਾ ਬਣ ਗਿਆ ਹੈ। ਹਰ ਕੋਈ ਆਪਣੀ ਸਮਝ ਮੁਤਾਬਿਕ ਜ਼ਿੰਦਗੀ ਦੇ ਕਰਮ-ਖੇਤਰ ਵਿੱਚ ਨਿੱਤਰਦਾ ਜਾਂ ਕਿਨਾਰਾ ਕਰਦਾ ਹੈ। ਇਸ ਸਬੰਧੀ ਮਨੁੱਖੀ ਸੋਚ ਦੇ ਨਿੱਜੀ, ਪਰਿਵਾਰਕ ਅਤੇ ਸਮਾਜਿਕ ਜੀਵਨ ’ਤੇ ਡੂੰਘੇ ਪ੍ਰਭਾਵ ਪੈਂਦੇ ਹਨ।
ਵਿਹਾਰਕ ਪੱਖੋਂ ਇਸ ਨੂੰ ਦੋ ਤਰ੍ਹਾਂ ਸਮਝ ਸਕਦੇ ਹਾਂ। ਪਹਿਲੀ, ਬੰਦੇ ਨੂੰ ਜੀਵਨ ਵਿੱਚ ਉਸ ਦੇ ਨਸੀਬ ਅਨੁਸਾਰ ਹੀ ਕੁਝ ਮਿਲ ਸਕਣਾ ਹੈ। ਦੂਜਾ ਕੁਦਰਤ ਨੇ ਮਨੁੱਖ ਨੂੰ ਦਿਮਾਗ਼, ਦੋ ਹੱਥ ਅਤੇ ਦੋ ਪੈਰ ਅਤੇ ਹੋਰ ਇੰਦਰਿਆਵੀ ਸਮਰੱਥਾ ਦਿੱਤੀ ਹੈ। ਇਸ ਸਬੱਬ ਵਿੱਚ ਉਸ ਨੂੰ ਧਰਤੀ ਦਾ ਸਰਵ ਸ੍ਰੇਸ਼ਠ ਜੀਵ ਮੰਨਿਆ ਜਾਂਦਾ ਹੈ। ਉਹ ਭਵਿੱਖ ਲਈ ਵੱਡੀਆਂ ਅਤੇ ਛੋਟੀਆਂ ਯੋਜਨਾਵਾਂ ਉਲੀਕਦਾ ਵਰਤਮਾਨ ਦੇ ਨਕਸ਼ ਵੀ ਸੰਵਾਰਦਾ ਹੈ। ਉਸ ਦੇ ਜ਼ਹੀਨ ਦਿਮਾਗ਼ ਸਦਕਾ ਨਿੱਤ ਨਵੀਆਂ ਕਾਢਾਂ ਅਤੇ ਖੋਜਾਂ ਹੋ ਰਹੀਆਂ ਹਨ। ਕਹਿ ਨਹੀਂ ਸਕਦੇ ਅਗਲੇ ਸੌ ਸਾਲਾਂ ਵਿੱਚ ਦੁਨੀਆ ਕਿਵੇਂ ਦੀ ਹੋਵੇਗੀ।
ਹੁਣ ਜਦੋਂ ਬੱਚੇ ਦੇ ਜੰਮਣ ਤੋਂ ਪਹਿਲਾਂ ਹੀ ਉਸ ਦੇ ਭਵਿੱਖ ਬਾਰੇ ਸੋਚਦਿਆਂ ਮਾਪੇ ਉਸ ਲਈ ਵਧੀਆ ਤੋਂ ਵਧੀਆ ਸਕੂਲ ਵਿੱਚ ਅਗਾਊਂ ਦਾਖਲੇ ਕਰਵਾ ਰਹੇ ਹਨ। ਪਰਿਵਾਰ ਦੇ ਜੀਆਂ ਦੀ ਸਿਹਤ ਸੰਭਾਲ ਬਾਰੇ ਫ਼ਿਕਰ ਕੀਤਾ ਜਾਂਦਾ ਹੈ। ਸੜਕ ’ਤੇ ਚੱਲਦਿਆਂ ਆਪਣੀ ਸੁਰੱਖਿਆ ਹਿੱਤ ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕੀਤਾ ਜਾਂਦਾ ਹੈ। ਇੰਜ, ਮਨੁੱਖ ਭਾਗਵਾਦੀ ਸੋਚ ਨੂੰ ਛੱਡ ਕੇ ਜ਼ਿੰਦਗੀ ਸੰਵਰਨ ਦੇ ਪੱਖ ਵਿੱਚ ਭੁਗਤਦਾ ਹੈ। ਉਸ ਨੂੰ ਪਹਿਲੀ ਕਿਸਮ ਦੀ ਸੋਚ ਦੇ ਮੁਕਾਬਲੇ ਦੂਜੀ ‘ਭਾਗਸ਼ਾਲੀ’ ਵੱਡੀਆਂ ਸੰਭਾਵਨਾਵਾਂ ਵਾਲੀ ਜਾਪਦੀ ਹੈ। ਇਸ ਅਨੁਸਾਰ ਮਨੁੱਖ ਆਪਣੀ ਤਕਦੀਰ ਨੂੰ ਆਪ ਘੜਦਾ ਹੈ। ਅਜੋਕੀ ਉੱਨਤ ਤਕਨਾਲੋਜੀ ਨੂੰ ਵੇਖਦਿਆਂ ਮਨੁੱਖ ਦੇ ਦੋ ਨਹੀਂ ਹਜ਼ਾਰਾਂ ਹੱਥ ਹੋਏ ਜਾਪਦੇ ਹਨ। ‘ਦਹਿਸਿਰ’ ਸ਼ਬਦ ਸੁਣਦੇ ਰਹੇ ਹਾਂ। ਹੁਣ ਵਿਗਿਆਨ ਦੀ ਪ੍ਰਦਾਨ ਕੀਤੀ ਸਮਰੱਥਾ ਸਦਕਾ ਇਕੱਲਾ ਮਨੁੱਖ ‘ਸਹੰਸਰ ਸਿਰਾਂ’ ਵਾਲਾ ਪ੍ਰਮਾਣਿਤ ਹੁੰਦਾ ਹੈ।
ਕੀ ਕੋਈ ਅਦਿੱਖ ਹੱਥ ਮਨੁੱਖ ਦੀ ਬਣੀ-ਬਣਾਈ ਖੇਡ ਨੂੰ ਢਾਹ ਮਾਰਦਾ ਹੈ? ਇਸ ਨੂੰ ਸਮਝਣ ਲਈ ਮਨੁੱਖ ਨੂੰ ਪ੍ਰਭਾਵਿਤ ਕਰਦੇ ਤੱਤਾਂ ਨੂੰ ਵੇਖੀਏ। ਮਾਪੇ, ਪਰਿਵਾਰ ਦੇ ਹੋਰ ਜੀਅ, ਰਿਸ਼ਤੇਦਾਰ, ਗੁਆਂਢੀ, ਸਹੇਲੀਆਂ/ਮਿੱਤਰ, ਜਮਾਤੀ, ਅਧਿਆਪਕ, ਸਹਿਕਰਮੀ, ਧਾਰਮਿਕ ਤੇ ਰਾਜਸੀ ਆਗੂ, ਵਿੱਦਿਅਕ ਸੰਸਥਾਵਾਂ, ਲਾਇਬ੍ਰੇਰੀਆਂ, ਖੇਡ-ਮੈਦਾਨ, ਸੰਸਾਰ ਦਾ ਅਮਨ, ਸਾਡੀ ਭੂਗੋਲਿਕ ਸਥਿਤੀ, ਕੁਦਰਤ, ਸਾਡਾ ਇਤਿਹਾਸ, ਮਿਥਿਹਾਸ, ਆਦਿ ਕਿੰਨੇ ਹੀ ਕਾਰਕ ਮਨੁੱਖ ’ਤੇ ਅਸਰ ਪਾਉਂਦੇ ਹਨ। ਮਨੁੱਖ ਦੀ ਆਰਥਿਕ-ਸਮਾਜਿਕ ਅਵਸਥਾ ਅਤੇ ਦੇਸ਼ ਦਾ ਵਿਕਾਸ ਅਤੇ ਹੁਣ ਮੀਡੀਆ ਵੱਡੇ ਕਾਰਕ ਹਨ ਜਿਹੜੇ ਮਨੁੱਖ ’ਤੇ ਸਿੱਧੇ ਜਾਂ ਅਸਿੱਧੇ ਪ੍ਰਭਾਵ ਪਾਉਂਦੇ ਹਨ। ਕਮਜ਼ੋਰ ਧਿਰ ਅਕਸਰ ਪ੍ਰਭਾਵ ਗ੍ਰਹਿਣ ਕਰਦੀ ਹੈ। ਇਸ ਖੇਲੇ ਵਿੱਚ ਮਨੁੱਖ ਦਾ ਆਪਾ, ਉਸ ਦੀ ਸੋਝੀ ਦਾ ਪੱਧਰ, ਵਿੱਦਿਆ, ਪਰਸਪਰ ਸਹਿਚਾਰ, ਮਿਲਵਰਤਣ, ਰਾਜਨੀਤਕ ਜਾਗ੍ਰਿਤੀ ਵੀ ਵੱਡੀ ਭੂਮਿਕਾ ਨਿਭਾਉਂਦੇ ਹਨ। ਇਹ ਸਾਰੇ ਪੱਖ ਮਨੁੱਖ ਦੀ ਤਕਦੀਰ ਲਈ ਜ਼ਿੰਮੇਵਾਰ ਹਨ। ਕਿਸੇ ਜਾਗਰੂਕ ਇਨਸਾਨ ਦੇ ਸੰਪਰਕ ਵਿੱਚ ਆਉਣ ਨਾਲ ਬੰਦੇ ਦੀਆਂ ਸੁੱਤੀਆਂ ਸਮਰੱਥਾਵਾਂ ਜਾਗ ਪੈਂਦੀਆਂ ਹਨ, ਚੰਗੀ ਸੇਧ ਮਿਲ ਜਾਂਦੀ ਹੈ। ਮਨੁੱਖ ਦਾ ਜਾਗਿਆ ਆਪਾ ਵੀ ਉਸ ਦਾ ਸੱਚਾ ਮਿੱਤਰ ਤੇ ਹਿਤੈਸ਼ੀ ਬਣ ਜਾਂਦਾ ਹੈ।
ਕਈ ਉੱਘੇ ਮਨੁੱਖਾਂ ਨੂੰ ਨੇੜੇ ਦੇ ਕਿਸੇ ਖੇਡ-ਮੈਦਾਨ ਨੇ ਸਿਧਾਇਆ ਤੇ ਸੇਧ ਦਿੱਤੀ, ਕੋਈ ਹੋਰ, ਕਿਸੇ ਲਾਇਬ੍ਰੇਰੀ ਵਿੱਚ ਆਉਣ-ਜਾਣ ਦੇ ਸਬੱਬੀਂ ਚਾਨਣ-ਚਾਨਣ ਹੋ ਗਿਆ। ਚੰਗਿਆਂ ਦੀ ਸੰਗਤ, ਉਸਾਰੂ ਕਿਤਾਬਾਂ ਪੜ੍ਹਨ ਦੀ ਲਗਨ ਨਾਲ ਆਪਣੇ ਅੰਦਰ ਦਾ ਹੁੰਗਾਰਾ-ਇੰਜ ਮਨੁੱਖੀ ਜ਼ਿੰਦਗੀ ਦੀ ਨੁਹਾਰ ਬਦਲ ਜਾਂਦੀ ਹੈ। ਇਸ ਬ੍ਰਹਿਮੰਡ ਵਿੱਚ ਮਿਲੀਆਂ ਕੁਦਰਤੀ ਦਾਤਾਂ ਅਤੇ ਸ਼ਕਤੀਆਂ ਮਨੁੱਖ ਦੇ ਉੱਦਮ ਨੂੰ ਉਡੀਕਦੀਆਂ ਹਨ। ਜੋ ਚਾਹੋ ਸੋ ਮਿਲੇ, ਬਸ਼ਰਤੇ ਸਾਡਾ ਚਿਤਵਿਆ ਸਹੀ ਤੇ ਸਕਾਰਾਤਮਕ ਹੋਵੇ। ਨੇਕ ਤੇ ਉੱਚੀ-ਸੁੱਚੀ ਸੋਚ ਵਾਲੇ ਮਨੁੱਖਾਂ ਦੀ ਸੰਗਤ ਮਜੀਠੀ ਰੰਗਤ ਰੱਖਦੀ ਹੈ। ਸੁਚੇਤ ਅਤੇ ਜਾਗਰੂਕ ਰਹਿਣਾ ਬਹੁਤ ਅਹਿਮ ਹੈ। ਸਾਰੇ ਜੀਵ-ਜੰਤੂ ਇਸੇ ਮੰਤਰ ਦੇ ਸਹਾਰੇ ਸੁਰੱਖਿਅਤ ਰਹਿੰਦੇੇ ਹਨ। ਹੰਭਲਾ, ਇਕਾਗਰਤਾ, ਇਕਸੁਰਤਾ, ਸੁਹਿਰਦਤਾ, ਸਵੈ-ਅਨੁਸ਼ਾਸਨ, ਚੌਗਿਰਦੇ ਲਈ ਸੋਹਣਾ ਲਗਾਉ ਅਤੇ ਅਜਿਹਾ ਹੋਰ ਕੁਝ ਜੋ ਸਦਗੁਣਾਂ ਦੀ ਸੂਚੀ ਵਿੱਚ ਮਿਲਦਾ ਹੈ, ਦੀ ਪਾਲਣਾ ਕਰਨਾ ਮਾਨੋ ਸੰਸਾਰ ਦੀ ਮਹਾਂ-ਸੰਚਾਲਕ ਸ਼ਕਤੀ ਦਾ ਸਿਮਰਨ ਬਣਦਾ ਹੈ। ਸਿਰਜਣਾ ਦਾ ਅਤੇ ਭਰਪੂਰ ਖ਼ੁਸ਼ੀਆਂ ਲੈਣ ਦਾ ਵੀ ਇਹੋ ਰਾਹ ਹੈ। ਕੋਈ ਤੋਟ ਰਹਿੰਦੀ ਹੀ ਨਹੀਂ। ਹਰ ਸਵੇਰ ਸੂਰਜ ਦੀ ਟਿੱਕੀ ਵੇਖਣ ਤੀਕ ਕੁਦਰਤ ਦੇ ਸੰਗ ਵਿਚਰਦਿਆਂ ਵਿਲੱਖਣ ਖ਼ਿਆਲ ਸੁੱਝਦੇ ਹਨ। ਅਸੀਂ ਅਸਮਾਨ ਦੇ ਤਾਰੇ ਵੇਖਣੇ ਛੱਡ ਦਿੱਤੇ ਹਨ। ਇਨ੍ਹਾਂ ਨੂੰ ਤੱਕਣਾ ਜਾਣੋ ਬ੍ਰਹਿਮੰਡ ਦੀ ਇੱਕ ਝਲਕ ਪਾਉਣਾ ਹੈ। ਸਾਰੀ ਕਾਇਨਾਤ ਅੰਦਰਲੇ ਸੂਤਰਾਂ ਦੀ ਸੋਅ ਮਿਲਦੀ ਹੈ। ਜੀਵਨ ਦੇ ਅਨਮੋਲ ਹੋਣ ਦਾ ਅਹਿਸਾਸ ਜਾਗਦਾ ਹੈ। ਮਾਨੋ, ਸਾਡੇ ਅੰਦਰ ਪ੍ਰਕਾਸ਼ ਝਰਦਾ ਹੈ। ਤਦ ਮਨੁੱਖ ਆਪਣੇ ਜਿਊਣ ਦੇ ਮੰਤਵ ਨੂੰ ਪਛਾਣਨ ਵੱਲ ਤੁਰਦਾ ਹੈ। ਆਪਣੀਆਂ ਸਮਰੱਥਾਵਾਂ ਨੂੰ ਨਿਖਾਰਦਿਆਂ ਇਸ ਧਰਤ ਨੂੰ ਸਭ ਦੇ ਰਹਿਣਯੋਗ ਬਣਾਉਣ ਹਿਤ ਯਤਨਸ਼ੀਲ ਹੋਣ ਦਾ ਵਿਚਾਰ ਸੁੱਝਦਾ ਹੈ। ਇਸ ਲਈ ਕਿਸਮਤਾਂ ਦੇ ਰੋਣੇ ਕਿਉਂ ਰੋਏ ਜਾਣ?

Advertisement

ਸੰਪਰਕ: 98141-57137

Advertisement
Author Image

sukhwinder singh

View all posts

Advertisement
Advertisement
×