ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਰਮ ਵਿੱਚ ਏਨੀ ਵਹਿਸ਼ਤ ਕਿਉਂ?

05:25 AM Dec 05, 2024 IST

ਸੁਰਿੰਦਰ ਸਿੰਘ ਤੇਜ
Advertisement

ਪਾਰਚਿਨਾਰ ਦੇ ਪ੍ਰੈੱਸ ਕਲੱਬ ਵਿੱਚ ਪਿਛਲੇ ਬੁੱਧਵਾਰ (27 ਨਵੰਬਰ) ਨੂੰ ਅਮਨ ਮੁਸ਼ਾਇਰਾ ਹੋਣਾ ਸੀ। ਓਜ਼ਾਇਰ ਖ਼ਾਮੋਸ਼, ਫਖ਼ਰੀ ਬੰਗਾਸ਼, ਆਰਿਫ਼ ਜਾਨ, ਰੌਸ਼ਨ ਬੰਗਾਸ਼, ਹਕੀਮ ਮੁਸਲਿਮ, ਨੂਰ ਜ਼ਮਾਂ ਤੇ ਕਈ ਹੋਰ ਮਸ਼ਹੂਰ ਕੁਰਮੀ ਸ਼ਾਇਰਾਂ ਨੇ ਇਸ ਵਿੱਚ ਹਿੱਸਾ ਲੈਣਾ ਸੀ। ਇਹ ਮੁਸ਼ਾਇਰਾ ਨਹੀਂ ਹੋ ਸਕਿਆ। ਸਿਰਫ਼ ਆਰਿਫ਼ ਜਾਨ ਹੀ ਪ੍ਰੈੱਸ ਕਲੱਬ ਪਹੁੰਚਿਆ। ਹੋਰ ਕੋਈ ਸ਼ਾਇਰ ਨਹੀਂ ਆਇਆ; ਕੁਰਮ ਜ਼ਿਲ੍ਹੇ ਦੇ ਹੋਰਨਾਂ ਹਿੱਸਿਆਂ ਤੋਂ ਬੱਸਾਂ/ਕਾਰਾਂ ਨਾ ਚੱਲਣ ਕਰ ਕੇ। ਬੱਸਾਂ ਤੇ ਟੈਕਸੀ ਵਾਲਿਆਂ ਨੇ ਇੱਕ ਰਾਤ ਪਹਿਲਾਂ ਜ਼ਿਲ੍ਹੇ ਵਿੱਚ 10 ਬੰਦੇ ਹਿੰਸਾ ਦੀ ਭੇਟ ਚੜ੍ਹ ਜਾਣ ਕਰ ਕੇ ਆਪੋ ਆਪਣੇ ਵਾਹਨ ਸੜਕਾਂ ’ਤੇ ਨਾ ਲਿਆਉਣ ਦਾ ਫ਼ੈਸਲਾ ਕਰ ਲਿਆ ਸੀ। ਪਾਰਚਿਨਾਰ ਜਾਂ ਪਾਰਾਚਿਨਾਰ ਸ਼ਹਿਰ, ਕੁਰਮ ਜ਼ਿਲ੍ਹੇ (ਪੁਰਾਣਾ ਨਾਮ ਕੁੱਰਮ ਏਜੰਸੀ) ਦਾ ਜ਼ਿਲ੍ਹਾ ਸਦਰ ਮੁਕਾਮ ਹੈ। ਇਹ ਅੱਪਰ ਕੁਰਮ ਤਹਿਸੀਲ ਵਿੱਚ ਪੈਂਦਾ ਹੈ। ਦਿੱਖ ਪੱਖੋਂ ਹੋਰਨਾਂ ਪਸ਼ਤੂਨ ਇਲਾਕਿਆਂ ਨਾਲੋਂ ਖੁਸ਼ਹਾਲ ਨਜ਼ਰ ਆਉਂਦਾ ਹੈ। ਪਰ ਇੱਥੋਂ ਦੇ ਵਸਨੀਕ ਖ਼ੈਬਰ-ਪਖ਼ਤੂਨਖ਼ਵਾ ਸੂਬੇ ਦੀ ਰਾਜਧਾਨੀ ਪਿਸ਼ਾਵਰ ਸੂਬਾਈ ਸ਼ਾਹਰਾਹ ਰਾਹੀਂ ਨਹੀਂ ਜਾਂਦੇ। ਜਾਂ ਤਾਂ ਉਹ ਅਫ਼ਗ਼ਾਨ ਸੂਬੇ ਨੰਗਰਹਾਰ ਦੀ ਰਾਜਧਾਨੀ ਜਲਾਲਾਬਾਦ ਦੇ ਰਸਤੇ ਦੱਰਾ ਖ਼ੈਬਰ ਪਾਰ ਕਰ ਕੇ ਪਿਸ਼ਾਵਰ ਪੁੱਜਦੇ ਹਨ ਅਤੇ ਜਾਂ ਫਿਰ ਅਫ਼ਗ਼ਾਨ ਪਕਤੀਆ ਸੂਬੇ ਦੇ ਸ਼ਹਿਰ ਜਾਜ਼ੀ ਰਾਹੀਂ। ਸਿੱਧਾ ਸ਼ਾਹਰਾਹ ਲੋਅਰ ਤੇ ਸੈਂਟਰਲ ਕੁਰਮ ਤਹਿਸੀਲਾਂ ਵਿੱਚੋਂ ਗੁਜ਼ਰਦਾ ਹੈ। ਉੱਥੇ ਸੁੰਨੀ ਕਬੀਲਿਆਂ ਦੀ ਬਹੁਤਾਤ ਹੈ। ਉਨ੍ਹਾਂ ਲਈ ਅੱਪਰ ਕੁਰਮ ਦਾ ਹਰ ਵਸਨੀਕ ਸ਼ੀਆ ਹੀ ਹੈ। ਸੁੰਨੀ ਅੱਜਕੱਲ੍ਹ ਜ਼ਿਆਦਾ ਭਖੇ ਹੋਏ ਹਨ; ਇਸੇ ਲਈ ਕਿਸੇ ਵੀ ਇਕੱਲੇ-ਦੁਕੱਲੇ ਸ਼ੀਆ ਨੂੰ ਸੁੱਕਾ ਨਹੀਂ ਲੰਘਣ ਦਿੰਦੇ। ਜੰਗਬੰਦੀ ਦੇ ਸਮਝੌਤਿਆਂ ਦੇ ਬਾਵਜੂਦ।
ਪਿਛਲੇ ਸੋਮਵਾਰ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਵੇਦਉੱਲ੍ਹਾ ਮਹਿਸੂਦ ਦੀ ਵਿਚੋਲਗੀ ਸਦਕਾ ਸੁੰਨੀ ਤੇ ਸ਼ੀਆ ਕਬੀਲਿਆਂ ਦੇ ਸਰਦਾਰਾਂ ਦਰਮਿਆਨ ਜੰਗਬੰਦੀ ਦਾ ਸਮਝੌਤਾ ਹੋਇਆ ਸੀ। ਉਹ ਦਿਨ ਸੁੱਖੀ-ਸਾਂਦੀ ਲੰਘ ਗਿਆ। ਪਰ ਮੰਗਲਵਾਰ ਸਵੇਰੇ ਤਿੰਨ ਸ਼ੀਆ ਮੁਸਲਮਾਨਾਂ ਦੀਆਂ ਲਾਸ਼ਾਂ ਲੋਅਰ ਕੁਰਮ ਵਿੱਚੋਂ ਮਿਲੀਆਂ। ਫਿਰ ਬੁੱਧਵਾਰ ਸਵੇਰੇ ਤਿੰਨ ਲਾਸ਼ਾਂ ਸੁੰਨੀਆਂ ਦੇ ਇਲਾਕੇ ਵਿੱਚੋਂ ਮਿਲੀਆਂ ਅਤੇ ਸੱਤ ਸ਼ੀਆ ਮੁਸਲਮਾਨਾਂ ਦੇ ਇਲਾਕਿਆਂ ਵਿੱਚੋਂ। ਜੰਗਬੰਦੀ ਦੀ ਸੰਧੀ ਖ਼ਾਕ ਵਿੱਚ ਰੁਲ ਗਈ। ਬਿਲਕੁਲ 17 ਤੋਂ 23 ਨਵੰਬਰ ਵਾਲੇ ਹਫ਼ਤੇ ਵਾਂਗ। ਉਸ ਹਫ਼ਤੇ ਦੇ ਤਿੰਨ ਦਿਨਾਂ ਦੌਰਾਨ 45 ਬਾਰਾਤੀਆਂ ਸਮੇਤ 85 ਲੋਕ ਫ਼ਿਰਕੇਦਾਰਾਨਾ ਵਹਿਸ਼ਤ ਦੀ ਬਲੀ ਚੜ੍ਹ ਗਏ ਸਨ। ਵਹਿਸ਼ਤ ਰੁਕ ਹੀ ਨਹੀਂ ਰਹੀ। 12 ਦਿਨਾਂ ਵਿੱਚ 136 ਜਾਨਾਂ ਲੈਣ ਦੇ ਬਾਵਜੂਦ। ਹੁਣ ਫਿਰ ਜੰਗਬੰਦੀ ਹੋਈ ਹੈ, ਮੰਗਲਵਾਰ (3 ਦਸੰਬਰ) ਸੁਖੀ-ਸਾਂਦੀ ਲੰਘ ਗਿਆ ਹੈ। ਪਰ ਕਸ਼ੀਦਗੀ ਬਰਕਰਾਰ ਹੈ।
ਇਹ ਖ਼ਬਰਾਂ ਕੌਮਾਂਤਰੀ ਮੀਡੀਆ ਦੀਆਂ ਸੁਰਖ਼ੀਆਂ ਬਣੀਆਂ ਰਹੀਆਂ। ਪਰ ਖ਼ੈਬਰ-ਪਖ਼ਤੂਨਖ਼ਵਾ ਸੂਬੇ ਦੇ ਵਜ਼ੀਰੇ ਆਲ੍ਹਾ ਅਲੀ ਅਮੀਨ ਗੰਡਾਪੁਰ ਦੀ ਸਿਹਤ ’ਤੇ ਕੋਈ ਅਸਰ ਨਹੀਂ ਪਿਆ। ਉਹ ਪਹਿਲਾਂ ਆਪਣੇ ਸਿਆਸੀ ਮੁਰਸ਼ਦ ਇਮਰਾਨ ਖ਼ਾਨ ਨਿਆਜ਼ੀ ਦੀ ਪਾਰਟੀ ਪੀ.ਟੀ.ਆਈ. ਵੱਲੋਂ ਉਲੀਕੇ ਇਨਸਾਫ਼ ਮਾਰਚ ਦੀਆਂ ਤਿਆਰੀਆਂ ਵਿੱਚ ਮਸਰੂਫ਼ ਰਿਹਾ। ਗੰਡਾਪੁਰ ਨੇ ਵਾਅਦਾ ਕੀਤਾ ਸੀ ਕਿ ਉਹ ਪਾਰਚਿਨਾਰ ਜਾ ਕੇ ਮ੍ਰਿਤਕ ਬਾਰਾਤੀਆਂ ਦੇ ਪਰਿਵਾਰਾਂ ਦਾ ਦਰਦ ਵੰਡਾਏਗਾ। ਪਰ ਸੁੰਨੀ ਬਹੁਗਿਣਤੀ ਨਾਲ ਜੁੜਿਆ ਵੋਟਾਂ ਦਾ ਲੋਭ ਵਜ਼ੀਰੇ ਆਲ੍ਹਾ ਵਾਲੇ ਫਰਜ਼ਾਂ ਉੱਪਰ ਭਾਰੂ ਹੋ ਗਿਆ। ਉਹ ਪਾਰਚਿਨਾਰ ਅਜੇ ਤੱਕ ਨਹੀਂ ਗਿਆ।
ਸ਼ੀਆ ਮੁਸਲਮਾਨ ਕੁੱਲ ਪਾਕਿਸਤਾਨੀ ਵਸੋਂ ਦਾ (ਵੱਧ ਤੋਂ ਵੱਧ) 15 ਫ਼ੀਸਦੀ ਹਿੱਸਾ ਬਣਦੇ ਹਨ। 83.5 ਫ਼ੀਸਦੀ ਵਸੋਂ ਸੁੰਨੀ ਹੈ; ਬਾਕੀ ਡੇਢ ਫ਼ੀਸਦੀ ਹਿੰਦੂ-ਸਿੱਖ-ਇਸਾਈ-ਪਾਰਸੀ-ਬੋਧੀ ਹਨ। 15 ਫ਼ੀਸਦੀ ਪਾਕਿਸਤਾਨੀ ਸ਼ੀਆ ਵਸੋਂ ਦਾ ਅੱਗੇ 15 ਫ਼ੀਸਦੀ ਹਿੱਸਾ ਸਿਰਫ਼ ਅੱਪਰ ਕੁਰਮ ਵਿੱਚ ਵਸਿਆ ਹੋਇਆ ਹੈ। ਕਹਿਣ ਨੂੰ ਤਾਂ ਕੁਰਮ ਜ਼ਿਲ੍ਹੇ ਦੀ 99 ਫ਼ੀਸਦੀ ਵਸੋਂ ਪਸ਼ਤੂਨ ਹੈ, ਪਰ ਇੱਥੇ ਕੌਮ ਨਾਲੋਂ ਕਬੀਲੇ ਤੇ ਫ਼ਿਰਕੇ ਪ੍ਰਤੀ ਵਫ਼ਾਦਾਰੀ ਸਰਬ-ਪ੍ਰਮੁੱਖ ਹੈ। ਤੁਰੀ, ਬੰਗਾਸ਼, ਜ਼ਈਮੁਸ਼ਤ, ਹਜ਼ਾਰਾ ਕਬੀਲੇ ਸ਼ੀਆ ਹਨ; ਮੈਂਗਲ, ਮੁਕਬਿਲ, ਮਸੂਜ਼ਈ ਤੇ ਪਰਚਾਕਾਨੀ ਕਬੀਲੇ ਸੁੰਨੀ। ਸ਼ੀਆ ਵਸੋਂ ਜ਼ਿਲ੍ਹੇ ਦੀ ਕੁੱਲ ਆਬਾਦੀ ਦਾ 45 ਫ਼ੀਸਦੀ ਬਣਦੀ ਹੈ, ਪਰ ਤਾਕਤ ਜ਼ਿਆਦਾ ਸੁੰਨੀਆਂ ਕੋਲ ਹੈ। ਹਥਿਆਰਾਂ ਦੀ ਵੀ ਉਨ੍ਹਾਂ ਕੋਲ ਕੋਈ ਕਮੀ ਨਹੀਂ ਹੈ। ਤਹਿਰੀਕ-ਇ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਇੱਥੇ ਕਈ ਅੱਡੇ ਹਨ। ਦਾਇਸ਼ (ਇਸਲਾਮਿਕ ਸਟੇਟ) ਵੀ ਕਾਫ਼ੀ ਸਰਗਰਮ ਹੈ। ਲਸ਼ਕਰ-ਇ-ਝੰਗਵੀ ਦੇ ਮੁਜਾਹਿਦ ਵੀ ਇਸ ਜ਼ਿਲ੍ਹੇ ਵਿੱਚ ਦਗੜ ਦਗੜ ਕਰਦੇ ਰਹੇ ਹਨ। ਦੂਜੇ ਪਾਸੇ, ਸ਼ੀਆ ਫ਼ਿਰਕੇ ਨੂੰ ਦੋ ਇਰਾਨੀ ਮਿਲੀਸ਼ੀਆ, ਖ਼ਾਸ ਕਰ ਕੇ ਹਿਜ਼ਬੁਲ ਮਾਹਦੀ ਦੀ ਮਦਦ ਹਾਸਿਲ ਹੈ, ਪਰ ਭੂਗੋਲਿਕ ਦੂਰੀ ਕਾਰਨ ਇਰਾਨੀ ਜੰਗਜੂ, ਕੁਰਮੀ ਸ਼ੀਆ ਦੀ ਮਦਦ ਲਈ ਫ਼ੌਰੀ ਤੌਰ ’ਤੇ ਨਹੀਂ ਪਹੁੰਚ ਸਕਦੇ। ਹਕੂਮਤ ਹਮੇਸ਼ਾ ਸੁੰਨੀਆਂ ਦੀ ਮਦਦਗਾਰ ਰਹੀ ਹੈ। ਲਿਹਾਜ਼ਾ, ਹਰ ਝੜਪ ਵਿੱਚ ਸ਼ੀਆ ਫ਼ਿਰਕੇ ਦਾ ਨੁਕਸਾਨ ਜ਼ਿਆਦਾ ਹੁੰਦਾ ਹੈ। ਅਫ਼ਗ਼ਾਨ ਵੀ ਉਨ੍ਹਾਂ ਦੇ ਹੱਕ ਵਿੱਚ ਨਹੀਂ ਭੁਗਤਦੇ। ਉਨ੍ਹਾਂ ਦਾ ਬਹੁਮਤ ਵੀ ਸੁੰਨੀ ਹੈ।
ਭੂਗੋਲਿਕ ਤੌਰ ’ਤੇ ਕੁਰਮ ਜ਼ਿਲ੍ਹੇ ਦੀ ਸ਼ਕਲ ਤੋਤੇ ਦੀ ਚੁੰਝ ਵਰਗੀ ਹੈ। ਇਹ ਚੁੰਝ ਅਫ਼ਗ਼ਾਨ ਭੂਮੀ ਵਿੱਚ ਘੁਸੀ ਹੋਈ ਹੈ। ਇਸੇ ਲਈ ਇਸ ਦੇ ਤਿੰਨ ਪਾਸੇ ਤਿੰਨ ਅਫ਼ਗ਼ਾਨ ਸੂਬੇ- ਪਕਤੀਆ, ਨੰਗਰਹਾਰ ਤੇ ਖ਼ੋਸਤ ਪੈਂਦੇ ਹਨ। ਕਾਬੁਲ, ਕੁਰਮ ਜ਼ਿਲ੍ਹੇ ਦੀ ਹੱਦ ਤੋਂ ਸਿਰਫ਼ 80 ਕਿਲੋਮੀਟਰ ਦੂਰ ਹੈ। ਇਹ ਸਾਰੇ ਇਲਾਕੇ ਸੁੰਨੀਆਂ ਦੇ ਹਨ। ਸ਼ੀਆ ਵਸੋਂ ਵਾਲੇ ਅਫ਼ਗ਼ਾਨ ਸੂਬਿਆਂ ਵਿੱਚੋਂ ਕੋਈ ਵੀ 250 ਕਿਲੋਮੀਟਰ ਤੋਂ ਉਰੇ ਨਹੀਂ ਪੈਂਦਾ। ਇਸੇ ਲਈ ਹਰ ਸੰਕਟ ਵੇਲੇ ਕੁਰਮੀ ਸ਼ੀਆ ਲੋਕਾਂ ਨੂੰ ਆਪਣੀ ਲੜਾਈ ਖ਼ੁਦ ਲੜਨੀ ਪੈਂਦੀ ਹੈ। ਹਾਂ, ਕੁਦਰਤ ਜ਼ਰੂਰ ਅੱਪਰ ਕੁਰਮ ’ਤੇ ਮਿਹਰਬਾਨ ਹੈ। ਪਹਾੜੀਆਂ ਭਾਵੇਂ ਸੱਤ ਤੋਂ ਤੇਰ੍ਹਾਂ ਹਜ਼ਾਰ ਫੁੱਟ ਉੱਚੀਆਂ ਹਨ, ਪਰ ਢਲਾਨਾਂ ਤੇ ਵਾਕੀਆਂ ਜ਼ਰਖ਼ੇਜ਼ ਹਨ। ਇਸੇ ਲਈ ਇੱਥੋਂ ਦੀ ਵਸੋਂ ਕਿਸੇ ਹੋਰ ਸੁਰੱਖਿਅਤ ਇਲਾਕੇ ਵੱਲ ਜਾਣ ਬਾਰੇ ਨਹੀਂ ਸੋਚਦੀ। ਖੁਸ਼ਹਾਲੀ ਸਦਕਾ ਲੋਕ ਵੀ ਵੱਧ ਸਾਖ਼ਰ ਹਨ।
ਇਹੋ ਨਿਆਮਤਾਂ ਸੁੰਨੀ ਕਬੀਲਿਆਂ ਲਈ ਸਾੜੇ ਦੀ ਮੁੱਖ ਵਜ੍ਹਾ ਹਨ। 1960 ਤੋਂ ਪਹਿਲਾਂ ਫ਼ਿਰਕੇਦਾਰਾਨਾ ਵੈਰ-ਵਿਰੋਧ ਜ਼ਿਆਦਾ ਤਿੱਖੇ ਨਹੀਂ ਸਨ। ਤਣਾਅ ਜ਼ਰੂਰ ਕਦੇ ਕਦਾਈਂ ਪੈਦਾ ਹੁੰਦੇ ਸਨ, ਖ਼ਾਸ ਤੌਰ ’ਤੇ ਮੁਹੱਰਮ ਦੇ ਮਹੀਨੇ ਦੌਰਾਨ, ਪਰ ਖ਼ੂਨ-ਖ਼ਰਾਬਾ ਦੋ-ਚਾਰ ਜਾਨਾਂ ਤੋਂ ਅੱਗੇ ਨਹੀਂ ਸੀ ਜਾਂਦਾ। ਕੁਰਮ ਉਦੋਂ ਖ਼ੈਬਰ-ਪਖ਼ਤੂਨਖਵਾ (ਪੁਰਾਣਾ ਨਾਮ ਸੂਬਾ ਸਰਹੱਦ) ਦਾ ਹਿੱਸਾ ਨਾ ਹੋ ਕੇ ‘ਫਾਟਾ’ ( ਫੈਡਰਲੀ ਐਡਮਿਨਿਸਟਰਡ ਟਰਾਈਬਲ ਏਰੀਆਜ਼ ਭਾਵ ਮਰਕਜ਼ੀ ਹਕੂਮਤ ਵਾਲੇ ਕਬਾਇਲੀ ਇਲਾਕੇ) ਦਾ ਹਿੱਸਾ ਸੀ। 2018 ਵਿੱਚ ‘ਫਾਟਾ’ ਨੂੰ ਖ਼ੈਬਰ-ਪਖ਼ਤੂਨਖ਼ਵਾ ਵਿੱਚ ਰਲਾ ਦਿੱਤਾ ਗਿਆ। 1977 ਤੋਂ 1988 ਤੱਕ ਪਾਕਿਸਤਾਨੀ ਸਦਰ ਜਨਰਲ ਜ਼ਿਆ-ਉਲ-ਹੱਕ ਨੇ ਸੁੰਨੀ ਅਫ਼ਗ਼ਾਨਾਂ ਨੂੰ ਕੁਰਮ ਵਿੱਚ ਵਸਾਉਣ ਦਾ ਸਿਲਸਿਲਾ ਆਰੰਭਿਆ। 1980 ਵਿੱਚ ਅਫ਼ਗ਼ਾਨਿਸਤਾਨ ’ਤੇ ਰੂਸੀ ਹਮਲੇ ਨੇ ਅਫ਼ਗ਼ਾਨ ਸ਼ਰਨਾਰਥੀਆਂ ਦੀਆਂ ਧਾੜਾਂ ਕੁਰਮ ਪਹੁੰਚਾ ਦਿੱਤੀਆਂ। ਇਸ ਵਰਤਾਰੇ ਨੇ ਸੁੰਨੀਆਂ ਨੂੰ ਸ਼ੀਆ ਨਾਲੋਂ ਵੱਧ ਬਲਸ਼ਾਲੀ ਬਣਾ ਦਿੱਤਾ। ਸ਼ੀਆ ਕੁਨਬਿਆਂ ਦੀਆਂ ਜ਼ਮੀਨਾਂ ਜਬਰੀ ਖੋਹਣ ਅਤੇ ਉਨ੍ਹਾਂ ਦੇ ਪਿੰਡਾਂ ਵਿੱਚ ਜਬਰੀ ਜਾ ਵਸਣ ਨੇ ਖ਼ੂਨੀ ਝੜਪਾਂ ਨੂੰ ਜਨਮ ਦਿੱਤਾ। 2001 ਤੋਂ ਬਾਅਦ ਅਲ-ਕਾਇਦਾ ਦਾ ਸਰਬਰਾਹ ਓਸਾਮਾ ਬਿਨ ਲਾਦੇਨ ਅਮਰੀਕੀ ਫ਼ੌਜੀਆਂ ਤੋਂ ਬਚਣ ਲਈ ਕੁਰਮ ਵਿੱਚ ਆ ਲੁਕਦਾ ਰਿਹਾ। ਉਸ ਦੀ ਮੁੱਖ ਲੁਕਣਗਾਹ ਜਾਜ਼ੀ (ਪਕਤੀਆ) ਵਿੱਚ ਸੀ। ਉਹ ਗੁਫ਼ਾਨੁਮਾ ਰਿਹਾਇਸ਼ਗਾਹ ‘ਸ਼ੇਰ ਦੀ ਗੁਫ਼ਾ’ ਵਜੋਂ ਜਾਣੀ ਜਾਂਦੀ ਸੀ। ਭਾਵੇਂ ਓਸਾਮਾ, ਸ਼ੀਆ ਮੁਸਲਮਾਨਾਂ ਖ਼ਿਲਾਫ਼ ਪ੍ਰਚਾਰ ਨਹੀਂ ਸੀ ਕਰਦਾ, ਪਰ ਉਨ੍ਹਾਂ ਦੀ ਨੀਅਤ ’ਤੇ ਸ਼ੱਕ ਲਗਾਤਾਰ ਕੀਤਾ ਜਾਂਦਾ ਸੀ। ਇਸੇ ਲਈ ਤੁਰੀ ਸਰਦਾਰਾਂ ਨੂੰ ਅਕਸਰ ਜਾਜ਼ੀ ਤਲਬ ਕਰ ਕੇ ਚਿਤਾਵਨੀ ਦਿੱਤੀ ਜਾਂਦੀ ਸੀ ਕਿ ‘‘ਜੇਕਰ ਕੋਈ ਮਾੜਾ ਭਾਣਾ ਵਾਪਰਿਆ ਤਾਂ ਪੂਰੀ ਦੀ ਪੂਰੀ ਤੁਰੀ ਵਸੋਂ ਦੋਜ਼ਖ਼ ’ਚ ਪਹੁੰਚਾ ਦਿੱਤੀ ਜਾਵੇਗੀ।’’ ਬਾਅਦ ਵਿੱਚ ਕੁਰਮ ਹੱਕਾਨੀ ਭਰਾਵਾਂ ਦਾ ਸਦਰ-ਮੁਕਾਮ ਬਣਿਆ। ਹੱਕਾਨੀਆਂ ਦੀ ਮੌਜੂਦਗੀ ਨੇ ਸੁੰਨੀ ਕੱਟੜਪੰਥੀਆਂ ਦੀਆਂ ਸਫ਼ਾਂ ਵਿੱਚ ਭਰਵਾਂ ਇਜ਼ਾਫ਼ਾ ਕੀਤਾ।
ਹੁਣ ਵੀ ਕੁਰਮ ਵਿੱਚ ਜੋ ਕੁਝ ਵਾਪਰ ਰਿਹਾ ਹੈ, ਉਹ 1980 ਤੋਂ 2010 ਤੱਕ ਦੇ ਘਟਨਾਕ੍ਰਮ ਨਾਲ ਹੀ ਜੁੜਿਆ ਹੋਇਆ ਹੈ। ਸ਼ੀਆ ਕੁਰਮੀਆਂ ਨੇ ਨਾ ਓਸਾਮਾ ਨਾਲ ਦਗ਼ਾ ਕੀਤਾ ਅਤੇ ਨਾ ਹੀ ਹੱਕਾਨੀ ਭਰਾਵਾਂ ਨਾਲ। ਇਸ ਦੇ ਬਾਵਜੂਦ ਉਨ੍ਹਾਂ ਦੀ ਹਰ ਨਿੱਕੀ ਗ਼ਲਤੀ ਨੂੰ ਵੀ ਵੱਡਾ ਕਰ ਕੇ ਵੇਖਿਆ ਜਾਂਦਾ ਰਿਹਾ। ਹਕੂਮਤ-ਇ-ਪਾਕਿਸਤਾਨ ਨੇ ਵੀ ਉਨ੍ਹਾਂ ਦੀ ਦੁਰਦਸ਼ਾ ਨੂੰ ਨਜ਼ਰਅੰਦਾਜ਼ ਕੀਤਾ। ਹੁਣ ਵੀ ਅਜਿਹਾ ਹੀ ਕੀਤਾ ਜਾ ਰਿਹਾ ਹੈ। ਫ਼ੌਜੀ ਪਹਿਰੇ ਅੱਪਰ ਕੁਰਮ ਵਿੱਚੋਂ ਗ਼ੈਰ-ਮੌਜੂਦ ਹਨ। ਤੇਰਾਂਂ ਦਿਨਾਂ ਵਿੱਚ 92 ਤੋਂ ਵੱਧ ਸ਼ੀਆ ਨਾਗਰਿਕ ਮਾਰੇ ਜਾਣ ਦੇ ਬਾਵਜੂਦ ਇੱਕ ਵੀ ਕੇਂਦਰੀ ਵਜ਼ੀਰ, ਪੀੜਤ ਪਰਿਵਾਰਾਂ ਦਾ ਹਾਲ ਜਾਣਨ ਕੁਰਮ ਨਹੀਂ ਗਿਆ। ਪਾਰਚਿਨਾਰ ਪ੍ਰੈੱਸ ਕਲੱਬ ਵਿੱਚ ਸ਼ਾਇਰ ਆਰਿਫ਼ ਜਾਨ ਤੋਂ ਇੱਕ ਮੀਡੀਆਕਰਮੀ ਨੇ ਫੈਡਰਲ ਹਕੂਮਤ ਦੀ ਇਸ ਬੇਰੁਖ਼ੀ ਦੀ ਵਜ੍ਹਾ ਜਾਣਨੀ ਚਾਹੀ ਤਾਂ ਉਸ ਦਾ ਜਵਾਬ ਸੀ: ‘ਮਾਤਮੀਓਂ ਸੇ ਵੋਟੇਂ ਨਹੀਂ ਮਿਲਤੀ!’ ਸੱਚਮੁੱਚ, ਸ਼ੀਆ ਭਾਈਚਾਰੇ ਦੀਆਂ ਵੋਟਾਂ ਏਨੀਆਂ ਜ਼ਿਆਦਾ ਨਹੀਂ ਕਿ ਰਾਜਸੀ ਧਿਰਾਂ ਉਸ ਨੂੰ ਪਲੋਸਣ ਦੇ ਰਾਹ ਤੁਰਨ।

Advertisement
Advertisement