ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੁਪਰੀਮ ਕੋਰਟ ਤੋਂ ਰਾਹਤ ਦੇ ਬਾਵਜੂਦ ਰਾਹੁਲ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਕਿਉਂ ਨਹੀਂ ਕੀਤੀ: ਕਾਂਗਰਸ

08:45 AM Aug 06, 2023 IST

ਨਵੀਂ ਦਿੱਲੀ, 5 ਅਗਸਤ
ਕਾਂਗਰਸ ਨੇ ‘ਮੋਦੀ ਉਪਨਾਮ’ ਵਾਲੀ ਟਿੱਪਣੀ ਨਾਲ ਸਬੰਧਤ ਮਾਣਹਾਨੀ ਦੇ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੇ ਨੂੰ 26 ਘੰਟੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਨਾ ਹੋਣ ’ਤੇ ਸਵਾਲ ਉਠਾਏ ਹਨ। ਪਾਰਟੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਉਸੇ ਤੇਜ਼ੀ ਨਾਲ ਬਹਾਲ ਹੋਣੀ ਚਾਹੀਦੀ ਹੈ ਜਿਸ ਤੇਜ਼ੀ ਨਾਲ ਇਹ ਰੱਦ ਕੀਤੀ ਗਈ ਸੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵਿੱਟਰ ’ਤੇ ਸਵਾਲ ਕੀਤਾ, ‘‘ਸੁਪਰੀਮ ਕੋਰਟ ਵੱਲੋਂ ਗੁਜਰਾਤ ਦੀ ਸੈਸ਼ਨ ਕੋਰਟ ਦੇ ਹੁਕਮਾਂ ’ਤੇ ਰੋਕ ਲਗਾਏ ਨੂੰ 26 ਘੰਟੇ ਬੀਤਣ ਦੇ ਬਾਵਜੂਦ ਅਜੇ ਤੱਕ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਕਿਉਂ ਨਹੀਂ ਕੀਤੀ ਗਈ ਹੈ।’’ ਉਨ੍ਹਾਂ ਕਿਹਾ, ‘‘ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਰਦੇ ਹਨ ਕਿ ਰਾਹੁਲ ਗਾਂਧੀ ਲੋਕ ਸਭਾ ਵਿੱਚ ਬੇਭਰੋਸਗੀ ਮਤੇ ’ਤੇ ਬੋਲ ਸਕਦੇ ਹਨ?’’
ਉੱਧਰ, ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਅੱਜ ਕਿਹਾ ਕਿ ਉਨ੍ਹਾਂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਕਰਨ ਸਬੰਧੀ ਸਾਰੇ ਦਸਤਾਵੇਜ਼ ਲੋਕ ਸਭਾ ਸਪੀਕਰ ਨੂੰ ਭੇਜ ਦਿੱਤੇ ਹਨ ਅਤੇ ਕਾਂਗਰਸੀ ਆਗੂ ਦੀ ਮੈਂਬਰਸ਼ਿਪ ਤੁਰੰਤ ਬਹਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਓਮ ਬਿਰਲਾ ਨੂੰ ਰਾਹੁਲ ਦੀ ਮੈਂਬਰਸ਼ਿਪ ਉਸੇ ਤੇਜ਼ੀ ਨਾਲ ਬਹਾਲ ਕਰਨੀ ਚਾਹੀਦੀ ਹੈ ਜਿਸ ਤੇਜ਼ੀ ਨਾਲ ਗੁਜਰਾਤ ਦੀ ਅਦਾਲਤ ਦੇ ਫੈਸਲੇ ਤੋਂ ਬਾਅਦ ਰਾਹੁਲ ਨੂੰ ਅਯੋਗ ਠਹਿਰਾਇਆ ਗਿਆ ਸੀ।
ਚੌਧਰੀ ਨੇ ਕਿਹਾ ਕਿ ਉਨ੍ਹਾਂ ਨੇ ਲੰਘੀ ਰਾਤ ਤੇ ਅੱਜ ਸਵੇਰੇ ਲੋਕ ਸਭਾ ਸਪੀਕਰ ਨੂੰ ਫੋਨ ਕੀਤਾ ਸੀ ਅਤੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਕਰਨ ਸਬੰਧੀ ਕੁਝ ਦਸਤਾਵੇਜ਼ ਸੌਂਪਣ ਵਾਸਤੇ ਉਨ੍ਹਾਂ ਕੋਲੋਂ ਮਿਲਣ ਦਾ ਸਮਾਂ ਮੰਗਿਆ ਸੀ ਤੇ ਸਪੀਕਰ ਨੇ ਇਹ ਦਸਤਾਵੇਜ਼ ਸਕੱਤਰ ਜਨਰਲ ਦਫ਼ਤਰ ਵਿੱਚ ਦੇਣ ਲਈ ਕਿਹਾ ਸੀ ਪਰ ਸਕੱਤਰ ਜਨਰਲ ਦਾ ਦਫ਼ਤਰ ਅੱਜ ਸ਼ਨਿਚਰਵਾਰ ਨੂੰ ਬੰਦ ਹੋਣ ਕਰ ਕੇ ਉਨ੍ਹਾਂ ਨੇ ਸਾਰੇ ਦਸਤਾਵੇਜ਼ ਸਪੀਕਰ ਦੇ ਦਫ਼ਤਰ ਭੇਜ ਦਿੱਤੇ। ਉਨ੍ਹਾਂ ਕਿਹਾ ਕਿ ਲੋਕ ਸਭਾ ਸਕੱਤਰੇਤ ਨੇ ਸਾਰੇ ਦਸਤਾਵੇਜ਼ ਹਾਸਲ ਕਰ ਲਏ ਹਨ ਪਰ ਇਸ ਸਬੰਧੀ ਕੋਈ ਰਸੀਦ ਨਹੀਂ ਦਿੱਤੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸੋਮਵਾਰ ਨੂੰ ਲੋਕ ਸਭਾ ਬੈਠਣ ਤੋਂ ਪਹਿਲਾਂ ਰਾਹੁਲ ਦੀ ਮੈਂਬਰਸ਼ਿਪ ਬਹਾਲ ਹੋ ਜਾਵੇਗੀ। ਮੋਦੀ ਉਪਨਾਮ ਨੂੰ ਲੈ ਕੇ ਰਾਹੁਲ ਗਾਂਧੀ ਖ਼ਿਲਾਫ਼ ਗੁਜਰਾਤ ਦੀ ਇਕ ਅਦਾਲਤ ਵਿੱਚ ਭਾਜਪਾ ਦੇ ਸਾਬਕਾ ਵਿਧਾਇਕ ਪੁਰਨੇਸ਼ ਮੋਦੀ ਨੇ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ ਜਿਸ ਮਗਰੋਂ ਰਾਹੁਲ ਨੂੰ ਦੋ ਸਾਲ ਦੀ ਸਜ਼ਾ ਹੋਈ ਸੀ। ਕਾਂਗਰਸ ਆਗੂ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਗੁਜਰਾਤ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ ਜਿਸ ਨੇ ਫੈਸਲੇ ਨੂੰ ਬਹਾਲ ਰੱਖਿਆ ਸੀ। ਸੁਪਰੀਮ ਕੋਰਟ ਨੇ ਰਾਹੁਲ ਦੀ ਸਜ਼ਾ ’ਤੇ ਰੋਕ ਲਾਉਂਦਿਆਂ ਕਿਹਾ ਸੀ ਕਿ ਹੇਠਲੀ ਅਦਾਲਤ ਨੇ ਸਜ਼ਾ ਸੁਣਾਉਣ ਦਾ ਢੁਕਵਾਂ ਕਾਰਨ ਨਹੀਂ ਦੱਸਿਆ ਸੀ। -ਪੀਟੀਆਈ

Advertisement

Advertisement
Tags :
CongressRahul Gandhisupreme court
Advertisement