ਕੇਜਰੀਵਾਲ ਬਲਾਤਕਾਰ ਮਾਮਲੇ ’ਤੇ ਚੁੱਪ ਕਿਉਂ: ਕਾਂਗਰਸ
ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੁਲਾਈ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਛਤਰਪੁਰ ਦੇ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ ਵਿੱਚ ਔਰਤਾਂ/ਕੁੜੀਆਂ ਦੀ ਰੱਖਿਆ ਅਤੇ ਸੁਰੱਖਿਆ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਉਂਦਿਆਂ ਦਿੱਲੀ ਦੀ ਅਰਵਿੰਦ ਸਰਕਾਰ ਤੇ ਭਾਜਪਾ ਦੀ ਕੇਂਦਰ ਸਰਕਾਰ ’ਤੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਇਹ ਕੋਵਿਡ ਕੇਅਰ ਸੈਂਟਰ ਵਿਸ਼ੇਸ਼ ਤੌਰ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਹਿਲਕਦਮੀ ’ਤੇ ਸਥਾਪਤ ਕੀਤਾ ਗਿਆ ਸੀ ਜਿਸ ਵਿਚ ਮਰੀਜ਼ਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਦਿੱਲੀ ਪੁਲੀਸ ਅਧੀਨ ਹੈ ਪਰ ਨਾਬਾਲਗ ਲੜਕੀ ਨਾਲ ਹੋਏ ਜੁਰਮ ਨੇ ਕੇਂਦਰ ਸਰਕਾਰ ਦੀ ਨਕਾਰਾਤਮਕਤਾ ਨੂੰ ਪੂਰੀ ਤਰ੍ਹਾਂ ਉਜਾਗਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ ’ਤੇ ਕੋਈ ਜਵਾਬ ਨਹੀਂ ਦਿੱਤਾ। ਉਹ ਉਨ੍ਹਾਂ ਦੀ ਮਰੀਜ਼ ਦੇ ਬਲਾਤਕਾਰ ਦੇ ਮਾਮਲਿਆਂ ’ਤੇ ਚੁੱਪੀ ਤੋਂ ਹੈਰਾਨ ਹਨ।
ਛਤਰਪੁਰ ਕੋਵਿਡ ਸੈਂਟਰ ਦੀ ਘਟਨਾ ਮੰਦਭਾਗੀ: ਕੇਜਰੀਵਾਲ
ਨਵੀਂ ਦਿੱਲੀ (ਪੱਤਰ ਪ੍ਰੇਰਕ): ਛਤਰਪੁਰ ਕੋਵਿਡ ਸੈਂਟਰ ਵਿਖੇ ਜਨਿਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਉਣ ਦੇ ਸਵਾਲ ਉੱਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਇਸਦੀ ਜਾਂਚ ਕਰ ਰਹੀ ਹੈ। ਇਸ ਕੇਸ ਵਿੱਚ ਇੱਕ ਪੁਲੀਸ ਕੇਸ ਵੀ ਦਰਜ ਕੀਤਾ ਗਿਆ ਹੈ। ਇਸ ਵਿੱਚ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਇਹ ਘਟਨਾ ਬਹੁਤ ਮੰਦਭਾਗੀ ਹੈ।