ਸਰਕਾਰੀ ਪ੍ਰੈੱਸ ਨੋਟ ’ਚ ਮੁਫ਼ਤ ਅਨਾਜ ਯੋਜਨਾ ’ਚ ਵਾਧੇ ਦਾ ਜ਼ਿਕਰ ਕਿਉਂ ਨਹੀਂ: ਕਾਂਗਰਸ
ਨਵੀਂ ਦਿੱਲੀ, 16 ਨਵੰਬਰ
ਕਾਂਗਰਸ ਨੇ ਅੱਜ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਾਜ ਯੋਜਨਾ ’ਚ ਪੰਜ ਸਾਲ ਦਾ ਵਾਧਾ ਕਰਨ ਸਬੰਧੀ ਪ੍ਰਧਾਨ ਮੰਤਰੀ ਨੇ ਜੋ ਐਲਾਨ ਕੀਤਾ ਹੈ, ਉਸ ਦਾ ਇਸ ਯੋਜਨਾ ਬਾਰੇ ਸਰਕਾਰ ਦੇ ਬਿਆਨ ਵਿੱਚ ਜ਼ਿਕਰ ਕਿਉਂ ਨਹੀਂ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਕੀਤਾ, ‘ਚਾਰ ਨਵੰਬਰ ਨੂੰ ਛੱਤੀਸਗੜ੍ਹ ’ਚ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣਾ ਅੰਨ ਯੋਜਨਾ (ਪੀਐੱਮਜੀਕੇਏਵਾਈ) ਜੋ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ-2013 ਦੀ ‘ਰੀਬਰਾਂਡਿੰਗ’ (ਨਵੇਂ ਨਾਂ ਨਾਲ ਪੇਸ਼ ਕਰਨਾ) ਹੈ, ਨੂੰ ਅਗਲੇ ਪੰਜ ਸਾਲਾਂ ਲਈ ਵਧਾਇਆ ਜਾ ਰਿਹਾ ਹੈ।’ ਉਨ੍ਹਾਂ ਕਿਹਾ, ‘ ਪਰ ਲੰਘੀ ਸ਼ਾਮ ਮੋਦੀ ਸਰਕਾਰ ਦੇ ਇੱਕ ਅਧਿਕਾਰਤ ਪ੍ਰੈੱਸ ਨੋਟ ’ਚ ਇਹ ਦੱਸਿਆ ਗਿਆ ਹੈ ਕਿ ਪੀਐੱਮਜੀਕੇਏਵਾਈ ਨੂੰ 1 ਜਨਵਰੀ 2023 ਤੋਂ ਇਸ ਪੂਰੇ ਸਾਲ ਲਈ ਵਧਾਇਆ ਗਿਆ ਹੈ। ਇਸ ਵਿੱਚ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਵਾਧੇ ਦਾ ਕੋਈ ਜ਼ਿਕਰ ਨਹੀਂ ਹੈ। ਅਖੀਰ ਇਹ ਹੋ ਕੀ ਰਿਹਾ ਹੈ? ਪ੍ਰਧਾਨ ਮੰਤਰੀ ਨੇ ਜੋ ਐਲਾਨ ਕੀਤਾ, ਉਹ ਉਨ੍ਹਾਂ ਦੀ ਸਰਕਾਰ ਦੇ ਪ੍ਰੈੱਸ ਰਿਲੀਜ਼ ’ਚ ਕਿਉਂ ਨਹੀਂ ਦਿਖਾਈ ਦਿੰਦਾ?’ ਜ਼ਿਕਰਯੋਗ ਹੈ ਕਿ ਕੇਂਦਰ ਨੇ ਬੀਤੇ ਦਿਨ ਕਿਹਾ ਹੈ ਕਿ ਉਹ ਪੀਐੱਮਜੀਕੇਏਵਾਈ ਤਹਿਤ 1 ਜਨਵਰੀ 2023 ਤੋਂ ਇੱਕ ਸਾਲ ਦੀ ਮਿਆਦ ਲਈ 80 ਕਰੋੜ ਤੋਂ ਵੱਧ ਲੋਕਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਵਾ ਰਿਹਾ ਹੈ। -ਪੀਟੀਆਈ