For the best experience, open
https://m.punjabitribuneonline.com
on your mobile browser.
Advertisement

ਬੱਚੇ ਨੂੰ ਮਾਂ ਬੋਲੀ ਨਾਲ ਜੋੜਨਾ ਕਿਉਂ ਜ਼ਰੂਰੀ?

09:01 AM Mar 02, 2024 IST
ਬੱਚੇ ਨੂੰ ਮਾਂ ਬੋਲੀ ਨਾਲ ਜੋੜਨਾ ਕਿਉਂ ਜ਼ਰੂਰੀ
Advertisement

ਦਵਿੰਦਰ ਕੌਰ ਖੁਸ਼ ਧਾਲੀਵਾਲ

Advertisement

ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਤੇਜ਼ ਦਿਮਾਗ਼ ਅਤੇ ਸਰਵਪੱਖੀ ਸ਼ਖ਼ਸੀਅਤ ਦੇ ਮਾਲਕ ਬਣਨ ਤਾਂ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਮਾਂ ਬੋਲੀ ਚੰਗੇ ਢੰਗ ਨਾਲ ਸਿਖਾਓ। ਉਨ੍ਹਾਂ ਦਾ ਸ਼ਬਦ ਭੰਡਾਰ ਅਮੀਰ ਕਰਨ ਲਈ ਸੁਚੇਤ ਕੋਸ਼ਿਸ਼ਾਂ ਕਰੋ। ਬੱਚੇ ਇਸ ਦੁਨਿਆਵੀ ਪਸਾਰੇ ਨੂੰ ਸਮਝਣ ਅਤੇ ਇਸ ਵਿਚਲੀਆਂ ਚੀਜ਼ਾਂ ਬਾਰੇ ਜਾਣਕਾਰੀ ਤੋਂ ਵਿਹੂਣੇ ਹੁੰਦੇ ਹਨ। ਕੁਝ ਸਮਾਂ ਪਹਿਲਾਂ ਹੀ ਤਾਂ ਉਹ ਇਸ ਸੰਸਾਰ ’ਚ ਆਏ ਹਨ, ਇਨ੍ਹਾਂ ਨਵੇਂ ਮਨੁੱਖਾਂ ਨੂੰ ਇਸ ਅਨੰਤ ਵਿਸਥਾਰ ਬਾਰੇ ਜਾਣਨ ਲਈ ਬਾਲਗਾਂ ਵੱਲੋਂ ਮਦਦ ਦੀ ਲੋੜ ਹੁੰਦੀ ਹੈ। ਜੇ ਅਸੀਂ ਬੱਚੇ ਨੂੰ ਵੱਖੋ-ਵੱਖਰੇ ਜਜ਼ਬਾਤਾਂ ਅਤੇ ਭਾਵਨਾਵਾਂ ਦਾ ਪ੍ਰਗਟਾਵਾ ਕਰਨ, ਵੱਖੋ-ਵੱਖਰੀਆਂ ਚੀਜ਼ਾਂ, ਪ੍ਰਜਾਤੀਆਂ ਅਤੇ ਸਮੁੱਚੇ ਜਗਤ ਪਸਾਰੇ ਨੂੰ ਸਮਝਣ ਲਈ ਸ਼ਬਦਾਂ ਤੋਂ ਜਾਣੂ ਨਹੀਂ ਕਰਵਾਉਂਦੇ ਤਾਂ ਅਸੀਂ ਮਨੁੱਖਤਾ ਦੀ ਨਵੀਂ ਪੀੜ੍ਹੀ ਨਾਲ ਬੇਇਮਾਨੀ ਕਰ ਰਹੇ ਹਾਂ।
ਜ਼ਰਾ ਸੋਚੋ! ਜੇ ਸਾਡੇ ਕੋਲ ਆਪਣੇ ਮਨ ਦੀ ਕੋਈ ਗੱਲ ਕਹਿਣ ਲਈ ਸਹੀ ਸ਼ਬਦ ਨਾ ਹੋਣ ਤਾਂ ਅਸੀਂ ਕਿੰਨੀ ਔਖ ਮਹਿਸੂਸ ਕਰਦੇ ਹਾਂ, ਤਾਂ ਉਹ ਨਵੇਂ ਮਨੁੱਖ ਤਾਂ ਹੋਰ ਵੱਧ ਔਖ ਝੱਲਦੇ ਹੋਣਗੇ ਕਿਉਂਕਿ ਬਚਪਨ ਹੀ ਉਹ ਸਮਾਂ ਹੁੰਦਾ ਹੈ ਜਦੋਂ ਸਿੱਖਣ ਦੀ ਪ੍ਰਕਿਰਿਆ ਬਹੁਤ ਤੀਬਰ ਹੁੰਦੀ ਹੈ, ਸ਼ਬਦਾਂ ਤੋਂ ਵਿਹੂਣਾ ਬਚਪਨ ਬੱਚੇ ਦੇ ਬੌਧਿਕ ਵਿਕਾਸ ਨੂੰ ਮੱਠਾ ਕਰ ਦਿੰਦਾ ਹੈ। ਦੁਨੀਆ ਭਰ ’ਚ ਹੋਏ ਤਜਰਬੇ ਦੱਸਦੇ ਹਨ ਕਿ ਜੋ ਬੱਚੇ ਆਪਣੀ ਮਾਂ ਬੋਲੀ ’ਚ ਮੁਹਾਰਤ ਹਾਸਲ ਕਰਦੇ ਹਨ ਉਨ੍ਹਾਂ ਲਈ ਕੋਈ ਹੋਰ ਭਾਸ਼ਾ ਸਿੱਖਣਾ ਜਾਂ ਕਿਸੇ ਵੀ ਹੋਰ ਵਿਸ਼ੇ ’ਚ ਮੁਹਾਰਤ ਹਾਸਲ ਕਰਨਾ ਸੌਖਾ ਹੋ ਜਾਂਦਾ ਹੈ।
ਬੱਚੇ ਦੇ ਵਿਕਾਸ ਵਿੱਚ ਹੈਰਾਨੀਜਨਕ ਤਬਦੀਲੀ ਉਦੋਂ ਸੰਭਵ ਹੁੰਦੀ ਹੈ ਜਦੋਂ ਉਹ ਸ਼ਬਦ ਸਿੱਖਦਾ ਹੈ। ਮੰਨ ਲਓ ਬੱਚਾ ਕਿਲਕਾਰੀਆਂ ਮਾਰਦਾ ਹੈ, ਬੁਲਬੁਲੇ ਛੱਡਦਾ ਹੈ, ਭਾਂਤ-ਸੁਭਾਂਤੇ ਰੌਲੇ ਪਾਉਂਦਾ ਹੈ ਅਤੇ ਫੇਰ ਅਚਾਨਕ ਉਸ ਦੀਆਂ ਚੀਕਾਂ ਅਰਥ ਭਰਪੂਰ ਹੋ ਜਾਂਦੀਆਂ ਹਨ। ਹੁਣ ਬੱਚਾ ਉਨ੍ਹਾਂ ਆਵਾਜ਼ਾਂ ਨੂੰ ਦੂਜਿਆਂ ਨਾਲ ਰਾਬਤਾ ਕਰਨ ਲਈ ਵਰਤਣ ਦੀ ਕੋਸ਼ਿਸ਼ ਕਰਦਾ ਹੈ। ਕੁਝ ਸਮਾਂ ਪਿੱਛੋਂ ਉਹ ਅੰਤਾਂ ਦੀ ਮਹੱਤਵਪੂਰਨ ਗੱਲ ਸਮਝਣ ਲੱਗਦਾ ਹੈ ਕਿ ਹਰ ਚੀਜ਼ ਦਾ ਆਪਣਾ ਨਾਂ ਹੁੰਦਾ ਹੈ। ਇਹ ਮਹੱਤਵਪੂਰਨ ਪਲ ਨਾ ਸਿਰਫ਼ ਸ਼ਬਦ ਨੂੰ ਨਿਸ਼ਾਨ ਵਜੋਂ ਸਮਝਣ ’ਚ ਅਗਵਾਈ ਕਰਦਾ ਹੈ, ਸਗੋਂ ਭਾਵ ਵਜੋਂ ਵੀ ਉਸ ਦੀ ਸੋਚਣੀ ਨੂੰ ਤਿੱਖਾ ਕਰਦਾ ਹੈ।
ਭਾਸ਼ਾ ਦੇ ਵਿਕਾਸ ਦਾ ਅਧਿਐਨ ਕਰਨ ਵਾਲੇ ਮਾਹਰਾਂ ਅਨੁਸਾਰ ਬੱਚੇ ਉਦੋਂ ਬਹੁਤ ਚੌਕੰਨੇ ਤੇ ਚੌਕਸ ਹੁੰਦੇ ਹਨ ਜਦੋਂ ਉਹ ਬੋਲਚਾਲ ਕਰਨੀ ਸਿੱਖਦੇ ਹਨ। ਜ਼ਿੰਦਗੀ ਦੇ ਪਹਿਲੇ ਮਹੀਨਿਆਂ ਤੇ ਸਾਲਾਂ ਵਿੱਚ ਭਾਸ਼ਾ ’ਤੇ ਪਕੜ ਭਾਵ ਖ਼ਾਸ ਆਦਰਸ਼ਕ ਰੂਪ ਦੀ ਮੁਹਾਰਤ ਪ੍ਰਮੁੱਖ ਮਹੱਤਤਾ ਵਾਲੀ ਗੱਲ ਹੈ ਕਿਉਂ ਜੋ ਪਹਿਲਾਂ ਸ਼ਬਦ ਹੀ ਬੱਚੇ ਦੀ ਮਦਦ ਕਰਦੇ ਹਨ। ਉਹ ਵੱਖ ਵੱਖ ਵਸਤਾਂ ਦੇ ਕਿਰਿਆਸ਼ੀਲ ਮੰਤਵ ਨੂੰ ਨਿਖੇੜਨ ਵਿੱਚ ਵੀ ਉਸ ਦੇ ਸਹਾਈ ਹੁੰਦੇ ਹਨ। ਬੱਚੇ ਦੇ ਜੀਵਨ ਦੇ ਮੁੱਢਲੇ ਮਹੀਨਿਆਂ ਤੇ ਸਾਲਾਂ ਦੌਰਾਨ ਉਸ ਦਾ ਬੌਧਿਕ ਵਿਕਾਸ, ਉਹ ਢੰਗ ਜਿਸ ਨਾਲ ਉਸ ਦੀ ਬੌਧਿਕ ਸੂਝ ਪੈਦਾ ਹੁੰਦੀ ਹੈ ਅਤੇ ਉਸ ਦੀ ਨਿੱਜੀ ਯਾਦਦਾਸ਼ਤ ਹੋਂਦ ਵਿੱਚ ਆਉਂਦੀ ਹੈ। ਉਹ ਨੁਕਤਾ ਜਿੱਥੋਂ ਕਿ ਉਹ ਆਪੇ ਬਾਰੇ ਯਾਦਦਾਸ਼ਤਾਂ ਰੱਖਣੀਆਂ ਸ਼ੁਰੂ ਕਰਦਾ ਹੈ, ਇਨ੍ਹਾਂ ਸਭਨਾਂ ਦਾ ਅੰਦਰੂਨੀ ਰੂਪ ’ਚ ਭਾਸ਼ਾ ਨਾਲ ਸਬੰਧ ਹੈ।
ਬੱਚੇ ਲਈ ਇੱਕ ਵਿਸ਼ੇ ਵਜੋਂ ਭਾਸ਼ਾ ਦਾ ਵਰਨਣ ਤੇ ਪੇਸ਼ਕਾਰੀ ਲਈ ਖ਼ਾਸ ਕਿਸਮ ਦੀਆਂ ਸਰਗਰਮੀਆਂ ਭਾਲੀਆਂ ਜਾਣੀਆਂ ਚਾਹੀਦੀਆਂ ਹਨ ਜੋ ਬੱਚੇ ਨੂੰ ਇਸ ਯੋਗ ਬਣਾਉਣ ਕਿ ਉਹ ਭਾਸ਼ਾ ਦੇ ਲੱਛਣਾ ਦੀ ਭਾਲ ਕਰਨੀ ਅਰੰਭ ਕਰ ਸਕੇ ਜੋ ਕਿ ਗੱਲਬਾਤ ਦੀ ਤਜਰਬੇ-ਸਿੱਧ ਮਸ਼ਕ ’ਚ ਅਣਗੌਲੇ ਰਹਿ ਜਾਂਦੇ ਹਨ।
ਭਾਸ਼ਾ ਜਾਂ ਸ਼ਬਦਾਂ ਦਾ ਮਤਲਬ ਸਿਰਫ਼ ਕਿਸੇ ਸ਼ਬਦ ਜਾਂ ਵਸਤੂ ਤੋਂ ਰੁਬਰੂ ਕਰਵਾਉਣਾ ਹੀ ਨਹੀਂ ਹੁੰਦਾ ਸਗੋਂ ਇਸ ਦਾ ਸਬੰਧ ਚੇਤਨਾ ਨਾਲ ਹੁੰਦਾ ਹੈ। ਜੇਕਰ ਭਾਸ਼ਾ ਸਿਰਫ਼ ਸ਼ਾਬਦਿਕ ਅਰਥਾਂ ਤੱਕ ਸੀਮਤ ਹੋਵੇ ਤਾਂ ਇਹ ਸੱਖਣੀ ਹੈ। ਸ਼ਬਦ ਨਾ ਸਿਰਫ਼ ਇੱਕ ਮੰਤਵ ਪ੍ਰਗਟ ਕਰਦਾ ਹੈ ਸਗੋਂ ਕੁਝ ਸੀਮਾਵਾਂ ਅੰਦਰ ਇਹ ਵੀ ਪ੍ਰਤੀਬਿੰਬਤ ਕਰਦਾ ਹੈ ਕਿ ਇਸ ਮੰਤਵ ਨੂੰ ਲੋਕ ਕਿਵੇਂ ਸਮਝਦੇ ਤੇ ਚਿਤਵਦੇ ਹਨ। ਸ਼ਬਦਾਂ ਦੇ ਦੋ ਪੱਖ ਹੁੰਦੇ ਹਨ, ਇੱਕ ਦਾ ਸਬੰਧ ਬਾਹਰੀ ਸੰਸਾਰ ਨਾਲ ਹੁੰਦਾ ਹੈ ਤੇ ਦੂਜੇ ਦਾ ਇਨ੍ਹਾਂ ਨੂੰ ਸਮਝਣ ਵਾਲੇ ਬੰਦੇ ਨਾਲ। ਬੌਧਿਕ ਵਿਕਾਸ ਦਾ ਤੈਅ ਕੀਤੇ ਜਾਣਾ ਇਨ੍ਹਾਂ ਦੋਹਾਂ ਪੱਖਾਂ ਦੀ ਮੁਹਾਰਤ ਤੋਂ ਨਿਸ਼ਚਿਤ ਹੁੰਦਾ ਹੈ। ਉਦਾਹਰਨ ਵਜੋਂ ਪਹਾੜ ਬਾਰੇ ਕਵਿਤਾ ਲਿਖਣ ਨੂੰ ਲੈਂਦੇ ਹਾਂ। ਉਂਝ ਸ਼ਬਦਕੋਸ਼ ਅਨੁਸਾਰ ਪਹਾੜ ਦਾ ਅਰਥ ਹੈ- ਧਰਤੀ ਦੇ ਤਲ ਦਾ ਕੁਦਰਤੀ ਉਭਾਰ, ਜਿਸ ਦਾ ਬਹੁਤ ਵੱਡਾ ਆਕਾਰ ਹੋਵੇ ਅਤੇ ਆਮ ਤੌਰ ’ਤੇ ਢਲਵੇਂ ਪਾਸੇ ਹੋਣ, ਇਹ ਪਹਾੜੀਆਂ ਤੋਂ ਵੱਧ ਉੱਚਾਈ ਵਾਲਾ ਹੋਵੇ। ਪਰ ਕਵਿਤਾ ਦੇ ਅਰਥਾਂ ’ਚ ਪਹਾੜ ਇੱਕ ਬਿਪਤਾ, ਇੱਕ ਬੋਝ ਹੈ, ਜਿਨ੍ਹਾਂ ਅਰਥਾਂ ’ਚ ਲੇਖਕ ਇਸ ਸ਼ਬਦ ਦੀ ਵਰਤੋਂ ਕਰਦਾ ਹੈ। ਆਪਾਂ ਆਮ ਬੋਲੀ ’ਚ ਕਹਿ ਦਿੰਦੇ ਹਾਂ ਕਿ ਉਸ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਪਹਾੜ ਵਰਗੀ ਜ਼ਿੰਦਗੀ ਕੱਟਣੀ ਔਖੀ ਹੈ, ਪਹਾੜ ਜਿੱਡੀ ਰਾਤ ਮਸਾਂ ਲੰਘੀ ਆਦਿ। ਜੇਕਰ ਬੱਚਾ ਪਹਾੜ ਦਾ ਅਰਥ ਸਿਰਫ਼ ਧਰਤੀ ਦਾ ਇੱਕ ਟੁਕੜਾ ਹੀ ਸਮਝੇ ਤਾਂ ਇਸ ਦਾ ਅਰਥ ਹੈ ਉਸ ਦੀ ਚੇਤਨਾ ਦੇ ਵਿਕਾਸ ’ਚ ਰੁਕਾਵਟ ਹੈ।
ਅੱਜਕੱਲ੍ਹ ਸਾਡੇ ਆਲੇ-ਦੁਆਲੇ ਇੱਕ ਆਮ ਵਰਤਾਰਾ ਹੈ: ਹੱਥ ਧੋ ਲੈ- ਹੈਂਡ ਵਾਸ਼ ਕਰ ਲੋ, ਮੂੰਹ ਪੂੰਝ ਲੈ- ਫੇਸ ਕਲੀਨ ਕਰ ਲੋ, ਤਿਆਰ ਹੋ ਜਾਓ- ਰੈਡੀ ਹੋ ਜਾਈਏ, ਇਸ ਤਰ੍ਹਾਂ ਦਾ ਭਾਸ਼ਾਈ ਮਿਲਗੋਭਾ ਬੱਚੇ ਦੇ ਬੌਧਿਕ ਵਿਕਾਸ ’ਚ ਰੁਕਾਵਟ ਪਾਉਂਦਾ ਹੈ। ਉਸ ਦੀ ਨਾ ਤਾਂ ਆਪਣੀ ਭਾਸ਼ਾ ’ਤੇ ਪਕੜ ਬਣਦੀ ਹੈ ਤੇ ਨਾ ਹੀ ਦੂਜੀ ਭਾਸ਼ਾ ਸਿੱਖ ਸਕਦਾ ਹੈ। ਉਹ ਕਵਿਤਾਵਾਂ, ਕਹਾਣੀਆਂ ਨਹੀਂ ਸਮਝ ਸਕਦਾ, ਉਹ ਕਲਪਨਾਵਾਂ ਨਹੀਂ ਕਰ ਸਕਦਾ, ਉਹ ਆਮ ਗੱਲਬਾਤ ’ਚ ਵਰਤੇ ਜਾਂਦੇ ਬਿੰਬਾਂ ਤੋਂ ਅਣਜਾਣ ਰਹਿ ਜਾਂਦਾ ਹੈ। ਇਹ ਸਭ ਕੁਝ ਬੇਗਾਨੀ ਭਾਸ਼ਾ ਥੋਪਣ ਕਰਕੇ ਹੁੰਦਾ ਹੈ। ਅਸੀਂ ਅਕਸਰ ਦੇਖਦੇ ਹਾਂ ਕਿ ਅੰਗਰੇਜ਼ੀ ਮਾਧਿਅਮ ਸਕੂਲਾਂ ’ਚ ਪੜ੍ਹੇ ਵਿਦਿਆਰਥੀ ਕਈ ਵਾਰ ਆਮ ਜਿਹੇ ਮਜ਼ਾਕਾਂ ਨੂੰ ਵੀ ਨਹੀਂ ਸਮਝ ਸਕਦੇ ਜਾਂ ਕਈ ਵਾਰ ਆਪਣੇ ਜਜ਼ਬੇ ਪ੍ਰਗਟਾਉਣ ਲਈ ਸ਼ਬਦਾਂ ਦੀ ਥੁੜ੍ਹ ਮਹਿਸੂਸ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਸ਼ਬਦ ਭੰਡਾਰ ਸੁੰਗੜ ਕੇ ਰਹਿ ਗਿਆ। ਇਹ ਬੱਚੇ ਨਾਲ ਧੱਕਾ ਹੈ।
ਇਹ ਸਾਫ਼ ਹੋਣਾ ਚਾਹੀਦਾ ਹੈ ਕਿ ਨਾ ਸਮਝ ਆਉਣ ਵਾਲੀ ਸਿੱਖਿਆ ਅਨੈਤਿਕ ਹੈ। ਬੱਚੇ ਸਭ ਤੋਂ ਵਧੀਆ ਉਦੋਂ ਸਿੱਖਦੇ ਹਨ ਜਦੋਂ ਉਨ੍ਹਾਂ ਨੂੰ ਮਾਂ-ਬੋਲੀ ’ਚ ਪੜ੍ਹਾਇਆ ਜਾਂਦਾ ਹੈ, ਖ਼ਾਸ ਤੌਰ ’ਤੇ ਜੀਵਨ ਦੇ ਸ਼ੁਰੂਆਤੀ ਸਾਲਾਂ ’ਚ। ਭਾਸ਼ਾ ਵਿਗਿਆਨੀਆਂ ਨੇ ਖੋਜਾਂ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਆਪਣੀ ਮਾਂ-ਬੋਲੀ ਤੇ ਚੰਗੀ ਪਕੜ ਵਾਲਾ ਵਿਅਕਤੀ ਹੋਰ ਕਿਸੇ ਵੀ ਭਾਸ਼ਾ ਜਾਂ ਵਿਸ਼ੇ ਨੂੰ ਬਹੁਤ ਸੌਖੇ ਤਰੀਕੇ ਨਾਲ ਸਿੱਖ ਸਕਦਾ ਹੈ। ਇਸ ਸਬੰਧੀ ਭਾਸ਼ਾ ਵਿਗਿਆਨੀਆਂ ਦੀਆਂ ਲਿਖਤਾਂ ਤੇ ਖੋਜ ਪੱਤਰ ਪੜ੍ਹੇ ਜਾ ਸਕਦੇ ਹਨ। ਇਸ ਲਈ ਮਾਪਿਆਂ ਤੇ ਅਧਿਆਪਕਾਂ ਨੂੰ ਫ਼ਿਕਰਮੰਦ ਹੋਣ ਦੀ ਲੋੜ ਨਹੀਂ ਕਿ ਬਚਪਨ ਤੋਂ ਹੀ ਦੂਜੀ ਭਾਸ਼ਾ ਨਾ ਸਿਖਾਈ ਤਾਂ ਬੱਚਾ ਕਦੇ ਨਹੀਂ ਸਿੱਖ ਸਕਦਾ। ਸਗੋਂ ਜੇਕਰ ਤੁਸੀਂ ਬੱਚੇ ਨੂੰ ਉਸ ਦੀ ਮਾਤ-ਭਾਸ਼ਾ ਸਹੀ ਢੰਗ ਨਾਲ ਸਿਖਾਉਂਦੇ ਹੋ ਤਾਂ ਉਹ ਇੱਕ ਦੋ ਹੀ ਨਹੀਂ ਸਗੋਂ ਦੁਨੀਆ ਦੀ ਕੋਈ ਵੀ ਭਾਸ਼ਾ ਬੜੀ ਸਹਿਜਤਾ ਨਾਲ ਸਿੱਖ ਸਕੇਗਾ ਅਤੇ ਆਪਣੇ ਕੰਮ ਖੇਤਰ ’ਚ ਬੁਲੰਦੀਆਂ ਛੂਹੇਗਾ। ਕਿਉਂਕਿ ਭਾਸ਼ਾ ਸੋਚਣ ਪ੍ਰਕਿਰਿਆ ਦਾ ਅਹਿਮ ਸੰਦ ਹੈ, ਸਿਰਫ਼ ਇਹੀ ਸਾਨੂੰ ਕਲਪਨਾਮਈ ਸੰਸਾਰ ’ਚ ਲੈ ਕੇ ਜਾ ਸਕਦੀ ਹੈ ਜਿੱਥੇ ਕੁਝ ਨਵਾਂ ਅਤੇ ਉਪਯੋਗੀ ਸੋਚਿਆ ਜਾ ਸਕੇ।
ਆਖਰ ਵਾਰ-ਵਾਰ ਜ਼ੋਰ ਦੇ ਕੇ ਕਹਿਣਾ ਚਾਹਾਂਗੀ ਕਿ ਨਾ ਸਿਰਫ਼ ਮਾਪਿਆਂ ਤੇ ਅਧਿਆਪਕਾਂ ਸਗੋਂ ਸਾਰੇ ਬਾਲਗਾਂ ਦਾ ਫਰਜ਼ ਬਣਦਾ ਹੈ ਕਿ ਭਵਿੱਖ ਦੇ ਮਨੁੱਖਾਂ ਦੀ ਜ਼ੁਬਾਨਬੰਦੀ ਦੀ ਸਖ਼ਤ ਖਿਲਾਫਤ ਕਰਨ ਅਤੇ ਇਸ ਨਵੀਂ ਪਨੀਰੀ ਨੂੰ ਆਪਣੀ ਮਾਂ-ਬੋਲੀ ਦੇ ਸੋਹਣੇ-ਸੋਹਣੇ ਸ਼ਬਦਾਂ ਦੀ ਖਾਦ ਪਾਉਣ ਤਾਂ ਕਿ ਇਨ੍ਹਾਂ ਦਾ ਤੰਦਰੁਸਤ ਮਾਨਸਿਕ ਵਿਕਾਸ ਹੋ ਸਕੇ।
ਸੰਪਰਕ: 88472-27740

Advertisement
Author Image

joginder kumar

View all posts

Advertisement
Advertisement
×